10 ਸੂਬਿਆਂ ਦੇ ਵਿਗਿਆਨੀ ਪਸ਼ੂ ਪ੍ਰਜਣਨ ਸੰਬੰਧੀ ਸਿਖਲਾਈ ਲਈ ਪਹੁੰਚੇ ਵੈਟਨਰੀ ਯੂਨੀਵਰਸਿਟੀ
ਲੁਧਿਆਣਾ 18 ਜਨਵਰੀ 2025
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਭਾਰਤੀ ਖੇਤੀ ਖੋਜ ਪਰਿਸ਼ਦ ਰਾਹੀਂ ਪ੍ਰਾਯੋਜਿਤ ਪਸ਼ੂ ਪ੍ਰਜਣਨ ਸੰਬੰਧੀ 21 ਦਿਨਾ ਸਿਖਲਾਈ ਕੋਰਸ ਵਿੱਚ 10 ਸੂਬਿਆਂ ਦੇ 28 ਵਿਗਿਆਨੀ ਸਿਖਲਾਈ ਲੈਣ ਲਈ ਪਹੁੰਚੇ ਹਨ। ਇਸ ਕੋਰਸ ਰਾਹੀਂ ਉਨ੍ਹਾਂ ਨੂੰ ਉਨਤ ਨਿਰੀਖਣ ਅਤੇ ਇਲਾਜ ਵਿਧੀਆਂ ਬਾਰੇ ਸਿੱਖਿਅਤ ਕੀਤਾ ਜਾਏਗਾ। ਇਹ ਸਿਖਲਾਈ ਯੂਨੀਵਰਸਿਟੀ ਦੇ ਵੈਟਨਰੀ ਗਾਇਨਾਕੋਲੋਜੀ ਵਿਭਾਗ ਦੇ ਐਡਵਾਂਸ ਫੈਕਲਟੀ ਟ੍ਰੇਨਿੰਗ ਸੈਂਟਰ ਵਿਖੇ ਕਰਵਾਈ ਜਾ ਰਹੀ ਹੈ।
ਡਾ. ਮਿਰਗੰਕ ਹੋਨਪਾਰਖੇ, ਵਿਭਾਗ ਮੁਖੀ ਅਤੇ ਸਿਖਲਾਈ ਦੇ ਨਿਰਦੇਸ਼ਕ ਨੇ ਦੱਸਿਆ ਕਿ ਇਸ ਸਿਖਲਾਈ ਰਾਹੀਂ ਪ੍ਰਤੀਭਾਗੀਆਂ ਨੂੰ ਨਵੀਨਤਮ ਅਤੇ ਉਨਤ ਤਕਨੀਕਾਂ ਬਾਰੇ ਦੱਸਿਆ ਜਾਏਗਾ ਜੋ ਕਿ ਇਸ ਸਮੇਂ ਪਸ਼ੂ ਪ੍ਰਜਣਨ ਦੇ ਖੇਤਰ ਵਿੱਚ ਵਰਤੀਆਂ ਜਾ ਰਹੀਆਂ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਿਖਲਾਈ ਵਿੱਚ ਜਿਥੇ ਮਾਹਿਰ ਭਾਸ਼ਣ ਦੇਣਗੇ ਉਥੇ ਪ੍ਰਯੋਗੀ ਗਿਆਨ ਦੇ ਕੇ ਵੀ ਵਿਹਾਰਕ ਸਿੱਖਿਆ ਦਿੱਤੀ ਜਾਵੇਗੀ। ਪਸ਼ੂ ਬਿਮਾਰੀਆਂ ਦੇ ਨਿਰੀਖਣ ਦੇ ਨਾਲ ਨਾਲ ਇਲਾਜ ਵਿਧੀਆਂ ਬਾਰੇ ਵੀ ਦੱਸਿਆ ਜਾਏਗਾ।
ਡਾ. ਸੰਜੀਵ ਕੁਮਾਰ ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਅਤੇ ਇਸ ਕੇਂਦਰ ਦੇ ਸੰਯੋਜਕ ਬਤੌਰ ਮੁੱਖ ਮਹਿਮਾਨ ਸਿਖਲਾਈ ਦੇ ਉਦਘਾਟਨੀ ਸੈਸ਼ਨ ਵਿੱਚ ਪਹੁੰਚੇ। ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਇਹ ਸਿਖਲਾਈ ਪ੍ਰਾਪਤ ਕਰਕੇ ਉਹ ਆਪਣੀਆਂ ਆਪਣੀਆਂ ਸੰਸਥਾਵਾਂ ਰਾਹੀਂ ਉਤਮ ਕਾਰਜ ਕਰਨ। ਇਸ ਮੌਕੇ ’ਤੇ ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਵੀ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਡਾ. ਏ ਕੇ ਸਿੰਘ ਅਤੇ ਡਾ. ਅਜੀਤ ਕੁਮਾਰ ਬਤੌਰ ਸੰਯੋਜਕ ਇਸ ਸਿਖਲਾਈ ਦਾ ਸੰਯੋਜਨ ਕਰ ਰਹੇ ਹਨ।