‘ਚਿੱਟੇ ਦਾ ਮਾਮਲਾ ਦਰਜ ਕਰਨ’ ਦੀ ਕਥਿਤ ਧਮਕੀ ਦੇ ਕੇ ਕਾਰੋਬਾਰੀਆਂ ਤੋਂ ਲੱਖਾਂ ਰੁਪਏ ਵਸੂਲਣ ਦੇ ਦੋਸ਼
ਭਾਜਪਾ ਨੇਤਾ ਸਰੂਪ ਚੰਦ ਸਿੰਗਲਾ ਨੇ ਵਿਜੀਲੈਂਸ ਅਤੇ ਮੁੱਖ ਮੰਤਰੀ ਪੋਰਟਲ ‘ਤੇ ਦਰਜ ਕਰਵਾਈ ਸ਼ਿਕਾਇਤ
ਅਸ਼ੋਕ ਵਰਮਾ
ਬਠਿੰਡਾ, 30 ਅਪ੍ਰੈਲ 2026 : ਬਠਿੰਡਾ ਵਿੱਚ ਤਿੰਨ ਨੌਜਵਾਨ ਕਾਰੋਬਾਰੀਆਂ ਨੇ ਪੁਲਿਸ ਕਰਮਚਾਰੀਆਂ ਉੱਤੇ ‘ਚਿੱਟੇ’ ਦੇ ਝੂਠੇ ਮਾਮਲਿਆਂ ਵਿੱਚ ਫਸਾਉਣ ਦੀ ਧਮਕੀ ਦੇ ਕੇ ਗੈਰਕਾਨੂੰਨੀ ਵਸੂਲੀ ਕਰਨ ਦੇ ਦੋਸ਼ ਲਾਏ ਹਨ। ਪਰੇਸ਼ਾਨ ਹੋ ਕੇ ਇਹ ਨੌਜਵਾਨ ਭਾਰਤੀ ਜਨਤਾ ਪਾਰਟੀ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਕੋਲ ਮਦਦ ਲਈ ਪਹੁੰਚੇ।
ਸਰੂਪ ਸਿੰਗਲਾ ਨੇ ਲਵਲੀਨ, ਦੁਸ਼ਿਆਂਤ ਅਤੇ ਅੰਕੂ ਨਾਮਕ ਤਿੰਨੋ ਕਾਰੋਬਾਰੀਆਂ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਪੁਲਿਸ ਵਿਭਾਗ ਵਿੱਚ ਕਈ ਇਮਾਨਦਾਰ ਅਧਿਕਾਰੀ ਕੰਮ ਕਰ ਰਹੇ ਹਨ, ਉੱਥੇ ਕੁੱਝ ‘ ਲੋਕ’ ਪੁਲਿਸ ਵਰਦੀ ਦਾ ਦੁਰੁਪਯੋਗ ਕਰਕੇ ਪੂਰੇ ਵਿਭਾਗ ਦੀ ਛਵੀ ਖਰਾਬ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਕਰਮਚਾਰੀ ਕਾਰੋਬਾਰੀਆਂ ਨੂੰ ਝੂਠੇ ਨਸ਼ੇ ਦੇ ਮਾਮਲਿਆਂ ਵਿੱਚ ਫਸਾਉਣ ਦੀ ਧਮਕੀ ਦੇ ਕੇ ਪੈਸੇ ਵਸੂਲ ਰਹੇ ਹਨ।
ਪੀੜਤਾਂ ਦੇ ਅਨੁਸਾਰ ਉਹ ਪਿਛਲੇ ਚਾਰ ਸਾਲਾਂ ਤੋਂ ਇਮਾਨਦਾਰੀ ਨਾਲ ਆਨਲਾਈਨ ਥੋਕ ਵਪਾਰ ਕਰ ਰਹੇ ਹਨ, ਪਰ ਪਿਛਲੇ ਦੋ ਸਾਲਾਂ ਵਿੱਚ ਪੁਲਿਸ ਕਰਮਚਾਰੀਆਂ ਵੱਲੋਂ ਉਨ੍ਹਾਂ ਤੋਂ ਲਗਭਗ ਸਾਢੇ 13 ਲੱਖ ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ। ਅੰਕੂ ਨੇ ਦੱਸਿਆ ਕਿ 21 ਜਨਵਰੀ 2025 ਨੂੰ ਉਸਨੂੰ ਸੀ.ਆਈ.ਏ. ਪੁਲਿਸ ਹਨੁਮਾਨ ਚੌਂਕ ਤੋਂ ਚੁੱਕ ਕੇ ਲੈ ਗਈ ਸੀ। ਇਸ ਦੌਰਾਨ ਉਸ ਨਾਲ ਬਹੁਤ ਮਾਰਕੁੱਟ ਕੀਤੀ ਗਈ। ਪੁਲਿਸ ਤੋਂ ਛੁਟਕਾਰਾ ਪਾਉਣ ਲਈ ਉਸ ਤੋਂ 12 ਲੱਖ ਰੁਪਏ ਨਕਦ ਵਸੂਲ ਕੀਤੇ ਗਏ। ਇਸੇ ਤਰ੍ਹਾਂ ਲਵਲੀਨ ਨੇ ਦੱਸਿਆ ਕਿ ਉਸ ਤੋਂ ਪਿਛਲੇ ਸਾਲ 1.5 ਲੱਖ ਰੁਪਏ ਲਏ ਗਏ ਅਤੇ 50 ਹਜ਼ਾਰ ਰੁਪਏ ਹੋਰ ਮੰਗੇ ਗਏ, ਜਿਸ ਕਾਰਨ ਉਸਨੂੰ ਬਠਿੰਡਾ ਛੱਡ ਕੇ ਮੋਹਾਲੀ ਜਾਣਾ ਪਿਆ।
ਦੁਸ਼ਆਂਤ ਨੇ ਦੱਸਿਆ ਕਿ ਬੀਤੀ 22 ਅਪ੍ਰੈਲ ਨੂੰ ਪੁਲਿਸ ਉਸਦੇ ਘਰ ਆਈ ਅਤੇ 5 ਲੱਖ ਰੁਪਏ ਦੀ ਮੰਗ ਕੀਤੀ। ਪੈਸੇ ਨਾ ਦੇਣ ‘ਤੇ ‘ਚਿੱਟੇ’ ਦਾ ਮਾਮਲਾ ਦਰਜ ਕਰਨ ਦੀ ਧਮਕੀ ਦਿੱਤੀ ਗਈ। ਉਸਨੇ ਤੁਰੰਤ ਰਾਹਤ ਲਈ ਢਾਈ ਲੱਖ ਰੁਪਏ ਦੇਣ ਦਾ ਭਰੋਸਾ ਦੇ ਕੇ ਪਿੱਛਾ ਛੁੜਾਇਆ।
ਤਿੰਨਾਂ ਨੌਜਵਾਨ ਕਾਰੋਬਾਰੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਉਨ੍ਹਾਂ ‘ਤੇ ਇਹ ਦੋਸ਼ ਲਾਇਆ ਜਾਂਦਾ ਹੈ ਕਿ ਉਹ ਗਲਤ ਕੰਮ ਕਰ ਰਹੇ ਹਨ ਅਤੇ ਨਕਲੀ ਸਮਾਨ ਵੇਚ ਰਹੇ ਹਨ। ਜੇਕਰ ਉਹ ਪੈਸੇ ਨਹੀਂ ਦੇਣਗੇ ਤਾਂ ਉਨ੍ਹਾਂ ਨੂੰ ‘ਚਿੱਟੇ’ ਦੇ ਝੂਠੇ ਮਾਮਲੇ ਵਿੱਚ ਫਸਾ ਦਿੱਤਾ ਜਾਵੇਗਾ। ਜਦੋਂ ਪੁਲਿਸ ਤੋਂ ਸਬੂਤ ਮੰਗੇ ਗਏ ਤਾਂ ਉਹ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੀ ਅਤੇ ਉਲਟ ਮਾਮਲਾ ਦਰਜ ਕਰਨ ਦੀਆਂ ਕਥਿਤ ਧਮਕੀਆਂ ਦਿੱਤੀਆਂ ਜਾਣ ਲੱਗੀਆਂ। ਭਾਜਪਾ ਜ਼ਿਲ੍ਹਾ ਪ੍ਰਧਾਨ ਸਿੰਗਲਾ ਨੇ ਕਿਹਾ ਕਿ ਇਕ ਪਾਸੇ ਗੈਂਗਸਟਰ ਵਪਾਰੀਆਂ ਤੋਂ ਫ਼ਿਰੌਤੀ ਮੰਗ ਰਹੇ ਹਨ, ਦੂਜੇ ਪਾਸੇ ਪੁਲਿਸ ਦੇ ਕੁਝ ਭ੍ਰਿਸ਼ਟ ਕਰਮਚਾਰੀ ਵੀ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਅਤੇ ਮੁੱਖ ਮੰਤਰੀ ਪੋਰਟਲ ‘ਤੇ ਦਰਜ ਕਰਵਾ ਦਿੱਤੀ ਗਈ ਹੈ। ਜੇਕਰ ਜਲਦੀ ਕਾਰਵਾਈ ਨਾ ਹੋਈ ਤਾਂ ਭਾਜਪਾ ਪੁਲਿਸ ਦੇ ਖ਼ਿਲਾਫ਼ ਵੱਡਾ ਸੰਘਰਸ਼ ਸ਼ੁਰੂ ਕਰੇਗੀ।
ਕੋਈ ਸ਼ਿਕਾਇਤ ਨਹੀਂ ਆਈ :ਐਸਪੀ
ਇਸ ਮਾਮਲੇ ਸਬੰਧੀ ਐਸਪੀ ਡੀ ਜਸਮੀਤ ਸਿੰਘ ਸਾਹੀਵਾਲ ਦਾ ਕਹਿਣਾ ਸੀ ਕਿ ਕਿਸੇ ਵੀ ਵਿਅਕਤੀ ਨੇ ਅਜੇ ਤੱਕ ਇਸ ਸਬੰਧ ਵਿੱਚ ਪੁਲਿਸ ਕੋਲ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਪੁਲਿਸ ਕੋਲ ਕੋਈ ਸ਼ਿਕਾਇਤ ਆਏਗੀ ਤਾਂ ਉਸਦੀ ਪੜਤਾਲ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਉਹਨਾਂ ਨੂੰ ਤਾਂ ਇਸ ਸਬੰਧੀ ਮੀਡੀਆ ਤੋਂ ਹੀ ਜਾਣਕਾਰੀ ਮਿਲੀ ਹੈ।
bs
Click to Follow Babushahi Facebook page →