ਹੁਣ ਹਲਦੀ ਰੋਗ ਨੇ ਕਿਸਾਨਾਂ ਦੇ ਸਾਹ ਸੁਕਾਏ
ਮਧਰੇ ਬੂਟਿਆਂ ਵਾਲੇ ਝੋਨੇ ਨੂੰ ਤਾਂ ਵਾਹੁਣਾ ਹੀ ਪਵੇਗਾ
ਮਲਕੀਤ ਸਿੰਘ ਮਲਕਪੁਰ
ਲਾਲੜੂ 14 ਸਤੰਬਰ 2025: ਹਲਕਾ ਡੇਰਾਬੱਸੀ ਦੀ ਕਿਸਾਨੀ ਅਜੇ ਮੀਂਹ ਦੀ ਮਾਰ ਤੋਂ ਉਭਰ ਹੀ ਨਹੀਂ ਪਾਈ ਸੀ ਕਿ ਝੋਨੇ ਦੇ ਮਧਰੇ (ਛੋਟੇ ਵੱਡੇ) ਬੂਟੇ ਅਤੇ ਝੋਨੇ ਵਿਚ ਆਏ ਹਲਦੀ ਰੋਗ (ਝੋਨੇ ਦੇ ਬੂਟੇ ਨੂੰ ਡੋਡੀ) ਨੇ ਕਿਸਾਨੀ ਨੂੰ ਨਵੀਂ ਚਿੰਤਾ ਵਿਚ ਪਾ ਦਿੱਤਾ ਹੈ । ਪਿੰਡ ਧਰਮਗੜ੍ਹ, ਲਾਲੜੂ, ਤੋਫਾਂਪੁਰ ਤੇ ਜਾਸਤਨਾ ਕਲਾਂ ਦੇ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਝੋਨੇ ਦੇ ਵਧੇਰੇ ਬੀਜਾਂ ਵਿੱਚ ਕੁੱਝ ਸਮੇਂ ਪਹਿਲਾਂ ਬੂਟੇ ਛੋਟੇ -ਵੱਡੇ ਹੋਣ ਦੀ ਸਮੱਸਿਆ ਆ ਗਈ ਸੀ ਤੇ ਕਈ ਥਾਂ ਇਸ ਨੂੰ ਰੋਕਣ ਲਈ ਕਿਸਾਨਾਂ ਨੇ ਸਪਰੇਅ ਵਗੈਰਾ ਕੀਤੀ ਪਰ ਇਸ ਬਿਮਾਰੀ ਨੂੰ ਠੱਲ ਨਾ ਪਾਈ ਜਾ ਸਕੀ ਪਰ ਹੁਣ ਪਿਛਲੇ ਪੰਦਰਾਂ ਦਿਨ ਲਗਾਤਾਰ ਮੀਂਹ ਪੈਣ ਤੋਂ ਬਾਅਦ ਜਦੋਂ ਮੌਸਮ ਖੁੱਲ੍ਹਿਆ ਤਾਂ ਅਚਾਨਕ ਵਧੀ ਗਰਮੀ ਦੇ ਚੱਲਦਿਆਂ ਬਚੇ ਝੋਨੇ ਦੇ ਦਾਣਿਆਂ ਨੂੰ ਹਲਦੀ ਰੋਗ ਲੱਗ ਗਿਆ ਹੈ । ਇਸ ਰੋਗ ਵਿੱਚ ਝੋਨੇ ਦਾ ਦਾਣਾ ਡੋਡੀ ਦਾ ਰੂਪ ਧਾਰਨ ਕਰ ਜਾਂਦਾ ਹੈ ਤੇ ਜਦੋਂ ਉਸ ਨੂੰ ਨੇੜਿਓਂ ਵੇਖਿਆ ਜਾਵੇ ਤਾਂ ਉਸ ਵਿੱਚ ਹਲਦੀ ਵਰਗਾ ਪਾਊਡਰ ਨਿਕਲ਼ਦਾ ਹੈ । ਕਿਸਾਨਾਂ ਰਾਜਿੰਦਰ ਸਿੰਘ,ਅਵਤਾਰ ਸਿੰਘ, ਸਤਨਾਮ ਸਿੰਘ, ਜਗਪਾਲ ਸਿੰਘ, ਜਗਜੀਤ ਸਿੰਘ ਰੋਡਾ ਤੇ ਹਰਦਮ ਸਿੰਘ ਆਦਿ ਨੇ ਦੱਸਿਆ ਕਿ ਬੂਟੇ ਛੋਟੇ ਵੱਡੇ ਹੋਏ ਝੋਨੇ ਨੂੰ ਤਾਂ ਵਾਹੁਣਾ ਹੀ ਪਵੇਗਾ ਪਰ ਹੁਣ ਵੱਡੀ ਸਮੱਸਿਆ ਹਲਦੀ ਰੋਗ ਦੀ ਹੈ । ਇਹ ਹਲਦੀ ਰੋਗ ਜਿੱਥੇ ਝੋਨੇ ਦੇ ਝਾੜ ਨੂੰ ਪ੍ਰਭਾਵਿਤ ਕਰੇਗਾ, ਉੱਥੇ ਹੀ ਝੋਨਾ ਵੇਚਣ ਸਮੇਂ ਵੀ ਕਿਸਾਨਾਂ ਨੂੰ ਸਮੱਸਿਆ ਆਵੇਗੀ। ਉਨ੍ਹਾਂ ਕਿਹਾ ਕਿ ਉਕਤ ਬਿਮਾਰੀਆਂ ਦੇ ਚੱਲਦਿਆਂ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋ ਗਿਆ ਹੈ।
ਇਸੇ ਤਰ੍ਹਾਂ ਕੁੱਝ ਕਿਸਾਨਾਂ ਨੇ ਵਧੇਰੇ ਬਰਸਾਤ ਦੇ ਚੱਲਦਿਆਂ ਅਤੇ ਖੇਤਾਂ ਵਿਚ ਪਾਣੀ ਵੱਧ ਫਿਰਨ ਦੇ ਚੱਲਦਿਆਂ ਝੋਨਾ ਬਦਰੰਗ ਹੋਣ ਦਾ ਖਦਸ਼ਾ ਵੀ ਪ੍ਰਗਟਾਇਆ ਹੈ। ਇਸ ਮਾਮਲੇ ਵਿਚ ਉਨ੍ਹਾਂ ਸਰਕਾਰ ਤੇ ਖੇਤੀਬਾੜੀ ਵਿਭਾਗ ਨੂੰ ਕਿਸਾਨਾਂ ਦੀ ਬਾਂਹ ਫੜਨ ਦੀ ਮੰਗ ਕੀਤੀ ਹੈ।
ਕਿਸਾਨ ਦੀ 10 ਏਕੜ ਫਸਲ ਪੂਰੀ ਤਰ੍ਹਾਂ ਖਤਮ
ਪਿੰਡ ਧਰਮਗੜ੍ਹ ਦੇ ਜਗਜੀਤ ਸਿੰਘ ਦੀ ਪਿੰਡ ਤੋਫਾਪੁਰ ਵਿਖੇ 10 ਏਕੜ ਝੋਨੇ ਦੀ ਫਸਲ ਵਿੱਚ ਝੋਨੇ ਦਾ ਛੋਟਾ ਵੱਡਾ ਬੂਟਾ ਹੋ ਗਿਆ ਹੈ। ਉਸ ਨੇ ਦੱਸਿਆ ਕਿ ਉਸ ਦੇ ਕੇਵਲ 3 ਏਕੜ ਹੀ ਹਨ ਬਾਕੀ ਉਸ ਨੇ ਠੇਕੇ ਉੱਤੇ ਲੈ ਕੇ ਝੋਨਾ ਲਾਇਆ ਸੀ। ਪਰ ਝੋਨੇ ਦਾ ਛੋਟਾ ਵੱਡਾ ਬੂਟਾ ਹੋਣ ਕਾਰਨ ਉਸ ਦੀ ਸਾਰੀ ਦੀ ਸਾਰੀ 10 ਏਕੜ ਫਸਲ ਖਤਮ ਹੋ ਗਈ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦੋ ਸਪਰੇਆ ਵੀ ਕੀਤੀਆਂ ਗਈਆਂ ਹਨ ਤਾਂ ਜੋ ਉਸ ਦਾ ਝੋਨੇ ਬਚ ਜਾਵੇ , ਪਰ ਉਸ ਨੂੰ ਅੰਤ ਵਿੱਚ ਨਿਰਾਸਾ ਹੀ ਮਿਲੀ ਹੈ। ਉਸ ਨੇ ਦੱਸਿਆ ਕਿ ਇਸ ਨੂੰ ਹੁਣ ਵਹਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਉਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਣਦਾ ਮੁਆਵਜ਼ਾ ਜਰੂਰ ਦਿੱਤਾ ਜਾਵੇ। ਇਸ ਤੋਂ ਪਹਿਲਾਂ 2023 ਵਿੱਚ ਵੀ ਝੋਨੇ ਦੀ ਫਸਲ ਖਰਾਬ ਹੋ ਗਈ ਸੀ, ਪਰ ਗਿਰਦਾਵਰੀ ਤਾਂ ਹੋਈ ਪਰ ਮਿਲਿਆ ਕੁੱਝ ਨਹੀਂ।
ਜਲਦ ਖੇਤਾਂ ਦਾ ਦੌਰਾ ਕਰਾਂਗੇ- ਪੁਨੀਤ ਗੁਪਤਾ
ਦੂਜੇ ਪਾਸੇ ਇਸ ਸਬੰਧੀ ਸੰਪਰਕ ਕਰਨ ਉਤੇ ਖੇਤੀਬਾੜੀ ਵਿਭਾਗ ਦੇ ਬਲਾਕ ਟੈਕਨੀਕਲ ਮੈਨੇਜਰ ਪੁਨੀਤ ਗੁਪਤਾ ਨੇ ਕਿਹਾ ਕਿ ਬੂਟਾ ਮਧਰਾ ਹੋਣ ਦੀ ਸਮੱਸਿਆ ਵਾਇਰਸ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਹਲਦੀ ਰੋਗ ਸਬੰਧੀ 200 ਐਮ ਐਲ ਪ੍ਰੋਪੀਕੋਨਾਜ਼ੋਲ ਦਵਾਈ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਸਪਰੇਅ ਕਰਨੀ ਚਾਹੀਦੀ ਹੈ । ਉਨ੍ਹਾਂ ਨਾਲ ਹੀ ਕਿਹਾ ਕਿ ਉਹ ਜਲਦ ਹੀ ਖੇਤਾਂ ਦਾ ਦੌਰਾ ਕਰ ਕੇ ਸਾਰੀ ਸਥਿਤੀ ਵੇਖਣਗੇ।