ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਾਨੂੰਨੀ ਭਾਈਚਾਰੇ ਨੂੰ ਭੇਂਟ ਕੀਤੀਆਂ 5 ਈ-ਗੋਲਫ ਕਾਰਟਸ
ਕਿਹਾ: ਲੋਕਾਂ ਤੱਕ ਇਨਸਾਫ ਪਹੁੰਚਾਉਣ ਵਿਚ ਕਾਨੂੰਨੀ ਭਾਈਚਾਰੇ ਦਾ ਅਹਿਮ ਯੋਗਦਾਨ
ਪ੍ਰਮੋਦ ਭਾਰਤੀ
ਚੰਡੀਗੜ੍ਹ, 27 ਨਵੰਬਰ,2025
ਚੰਡੀਗੜ੍ਹ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਆਪਣੇ ਸੰਸਦੀ ਕੋਟੇ ਚੋਂ ਦਿੱਤੀ ਗਈ ਗਰਾਂਟ ਦੇ ਤਹਿਤ ਖਰੀਦੀਆਂ ਗਈਆਂ ਪੰਜ ਈ-ਗੋਲਫ ਕਾਰਟਸ ਨੂੰ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਕਾਨੂਨੀ ਭਾਈਚਾਰੇ ਨੂੰ ਭੇਂਟ ਕੀਤਾ ਗਿਆ।
ਇਸ ਮੌਕੇ ਪੰਜਾਬ ਐਂਡ ਹਰਿਆਣਾ ਬਾਰ ਐਸੋਸੀਏਸ਼ਨ ਦੀ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ, ਤਿਵਾੜੀ ਨੇ ਕਿਹਾ ਕਿ ਕਾਨੂੰਨੀ ਭਾਈਚਾਰੇ ਦਾ ਸਾਡੀ ਵਿਵਸਥਾ ਨੂੰ ਮਜਬੂਤ ਰੱਖਣ ਵਿੱਚ ਅਹਿਮ ਯੋਗਦਾਨ ਹੈ, ਜਿਹੜੇ ਲੋਕਾਂ ਨੂੰ ਇਨਸਾਫ਼ ਦਿਲਵਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਤੋਂ ਇਲਾਵਾ, ਉਹਨਾਂ ਨੇ ਲੋਕ ਸਭਾ ਚੋਣਾਂ ਦੌਰਾਨ ਸਹਿਯੋਗ ਦੇਣ ਲਈ ਵੀ ਕਾਨੂੰਨੀ ਭਾਈਚਾਰੇ ਦਾ ਧੰਨਵਾਦ ਪ੍ਰਗਟਾਇਆ ਅਤੇ ਭਵਿੱਖ ਵਿੱਚ ਵੀ ਹਾਈ ਕੋਰਟ ਦੇ ਇੰਫਰਾਸਟਰੱਕਚਰ ਨਾਲ ਜੁੜੀ ਕਿਸੇ ਵੀ ਜਰੂਰਤ ਨੂੰ ਪੂਰਾ ਕਰਨ ਲਈ ਲੁੜੀਂਦੀ ਮਦਦ ਦਾ ਭਰੋਸਾ ਦਿੱਤਾ।
ਉੱਥੇ ਹੀ, ਉਹਨਾਂ ਨੇ ਸਾਲ 2050 ਵਿੱਚ ਚੰਡੀਗੜ੍ਹ ਕਿਹੋ ਜਿਹਾ ਹੋਣਾ ਚਾਹੀਦਾ ਹੈ, ਉਸ ਬਾਰੇ ਵਕੀਲ ਭਾਈਚਾਰੇ ਨੂੰ ਚਰਚਾ ਸ਼ੁਰੂ ਕਰਨ ਦੀ ਅਪੀਲ ਕੀਤੀ, ਤਾਂ ਜੋ ਭਵਿੱਖ ਦੀਆਂ ਲੋੜਾਂ ਮੁਤਾਬਕ ਕਦਮ ਚੁੱਕੇ ਜਾ ਸਕਣ। ਜਦਕਿ ਈ-ਗੋਲਫ ਕਾਰਟਸ ਬਾਰੇ, ਉਨ੍ਹਾਂ ਨੇ ਕਿਹਾ ਕਿ ਇਹ ਹਾਈ ਕੋਰਟ ਵਿੱਚ ਵਿਚ ਅਸਾਨੀ ਨਾਲ ਜਗ੍ਹਾ ਤੋਂ ਦੂਸਰੀ ਜਗ੍ਹਾ ਆਉਣ ਜਾਣ ਲਈ ਕਾਫੀ ਮਦਦਗਾਰ ਸਾਬਤ ਹੋਣਗੀਆਂ।
ਜਿੱਥੇ ਹੋਰਨਾਂ ਤੋਂ ਇਲਾਵਾ, ਪੰਜਾਬ ਐਂਡ ਹਰਿਆਣਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਰਤਾਜ ਸਿੰਘ ਨਰੂਲਾ, ਵਾਈਸ ਪ੍ਰਧਾਨ ਨਿਲੇਸ਼ ਭਾਰਦਵਾਜ, ਆਨਰੇਰੀ ਸਕੱਤਰ ਗਗਨਦੀਪ ਜੰਮੂ, ਜੁਆਇੰਟ ਸਕੱਤਰ ਭਾਗਿਆਸ਼੍ਰੀ ਸੇਤੀਆ, ਖਜਾਨਚੀ ਹਰਵਿੰਦਰ ਸਿੰਘ ਮਾਨ, ਹਾਈ ਕੋਰਟ ਦੇ ਸਾਬਕਾ ਜੱਜ ਅਜੈ ਤਿਵਾੜੀ, ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ ਲੱਕੀ, ਸਾਬਕਾ ਮੇਅਰ ਰਵਿੰਦਰ ਪਾਲ ਸਿੰਘ ਪਾਲੀ ਸੀਨੀਅਰ ਕਾਂਗਰਸੀ ਆਗੂ ਚੰਦਰ ਮੁਖੀ ਸ਼ਰਮਾ ਵੀ ਮੌਜੂਦ ਰਹੇ।