ਸਰਕਾਰ ਦੇ ਨਵੇਂ ਆਈਟੀ ਕਾਨੂੰਨ ਉੱਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਤਾਇਆ ਵਿਰੋਧ
ਕਿਹਾ ਨਵਾਂ ਆਈਟੀ ਕਨੂੰਨ, ਆਮ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼
ਕੁਲਵਿੰਦਰ
ਅੰਮ੍ਰਿਤਸਰ, 1 ਅਪ੍ਰੈਲ ()ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਸਰਕਾਰ ਵੱਲੋਂ ਸੁਝਾਏ ਗਏ ਨਵੇਂ ਆਈ.ਟੀ. ਨਿਯਮਾਂ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਹੈ ਕਿ ਇਹ ਨਿਯਮ ਆਮ ਲੋਕਾਂ, ਸੋਸ਼ਲ ਮੀਡੀਆ ਵਰਤੋਂਕਾਰਾਂ ਅਤੇ ਖੁਦਮੁਖਤਿਆਰ ਆਵਾਜ਼ਾਂ ‘ਤੇ ਸਰਕਾਰੀ ਨਿਗਰਾਨੀ ਵਧਾਉਣ ਦੀ ਕੋਸ਼ਿਸ਼ ਹਨ, ਜੋ ਲੋਕਤੰਤਰ ਦੀਆਂ ਬੁਨਿਆਦੀ ਕਦਰਾਂ ਲਈ ਗੰਭੀਰ ਖ਼ਤਰਾ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਕੋਈ ਆਮ ਕਾਨੂੰਨੀ ਤਬਦੀਲੀ ਨਹੀਂ, ਸਗੋਂ ਲੋਕਾਂ ਦੀ ਗੱਲਬਾਤ ਅਤੇ ਵਿਚਾਰਾਂ ‘ਤੇ ਸਰਕਾਰ ਦੀ ਸਿੱਧੀ ਕਾਬੂ ਕਾਇਮ ਕਰਨ ਦੀ ਕੋਸ਼ਿਸ਼ ਹੈ।
ਇਮਾਨ ਸਿੰਘ ਮਾਨ ਨੇ ਕਿਹਾ ਕਿ ਜੇ ਸਰਕਾਰ ਆਪ ਇਹ ਫੈਸਲਾ ਕਰਨ ਲੱਗ ਪਏ ਕਿ ਲੋਕ ਕੀ ਕਹਿ ਸਕਦੇ ਹਨ ਅਤੇ ਕੀ ਨਹੀਂ, ਤਾਂ ਇਹ ਭਾਰਤ ਦੇ ਸੰਵਿਧਾਨ ਵਿੱਚ ਦਿੱਤੀ ਗਈ ਬੋਲਣ ਦੀ ਆਜ਼ਾਦੀ ‘ਤੇ ਸਿੱਧਾ ਹਮਲਾ ਹੋਵੇਗਾ। ਉਨ੍ਹਾਂ ਦੱਸਿਆ ਕਿ ਜੇ ਲੋਕਾਂ ਨੂੰ ਇਹ ਡਰ ਹੋਵੇ ਕਿ ਉਨ੍ਹਾਂ ਦੀ ਗੱਲ ‘ਤੇ ਕਾਰਵਾਈ ਹੋ ਸਕਦੀ ਹੈ, ਤਾਂ ਉਹ ਖੁੱਲ੍ਹ ਕੇ ਆਪਣੀ ਰਾਇ ਪ੍ਰਗਟ ਨਹੀਂ ਕਰ ਸਕਣਗੇ ਅਤੇ ਇਹ ਹਾਲਤ ਲੋਕਤੰਤਰ ਲਈ ਠੀਕ ਨਹੀਂ ਹੋ ਸਕਦੀ।
ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਨਿਯਮ ਸਭ ਤੋਂ ਪਹਿਲਾਂ ਖੁਦਮੁਖਤਿਆਰ ਪੱਤਰਕਾਰਾਂ, ਖੋਜਕਾਰਾਂ ਅਤੇ ਵੱਖਰੀ ਸੋਚ ਰੱਖਣ ਵਾਲੇ ਆਮ ਨਾਗਰਿਕਾਂ ਨੂੰ ਪ੍ਰਭਾਵਿਤ ਕਰਨਗੇ, ਕਿਉਂਕਿ ਵੱਡੀਆਂ ਮੀਡੀਆ ਕੰਪਨੀਆਂ ਕੋਲ ਵਸੀਲੇ ਹੁੰਦੇ ਹਨ ਪਰ ਆਮ ਲੋਕਾਂ ਕੋਲ ਨਹੀਂ। ਇਸ ਨਾਲ ਹੌਲੇ-ਹੌਲੇ ਲੋਕਾਂ ਦੀਆਂ ਆਵਾਜ਼ਾਂ ਨੂੰ ਦਬਾਉਣ ਦਾ ਮਾਹੌਲ ਬਣ ਸਕਦਾ ਹੈ ਅਤੇ ਸਿਰਫ਼ ਉਹੀ ਗੱਲ ਸਾਹਮਣੇ ਆ ਸਕਦੀ ਹੈ ਜੋ ਸਰਕਾਰ ਨੂੰ ਮਨਜ਼ੂਰ ਹੋਵੇ।
ਇਮਾਨ ਸਿੰਘ ਮਾਨ ਨੇ ਕਿਹਾ ਕਿ ਇੱਕ ਮਜ਼ਬੂਤ ਲੋਕਤੰਤਰ ਆਪਣੇ ਲੋਕਾਂ ਦੀ ਗੱਲ ਸੁਣਦਾ ਹੈ ਅਤੇ ਉਨ੍ਹਾਂ ਨੂੰ ਖੁੱਲ੍ਹ ਕੇ ਬੋਲਣ ਦਾ ਹੱਕ ਦਿੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਨਵੇਂ ਆਈ.ਟੀ. ਨਿਯਮ ਤੁਰੰਤ ਵਾਪਸ ਲਏ ਜਾਣ ਅਤੇ ਇਸ ਮਾਮਲੇ ‘ਤੇ ਖੁੱਲ੍ਹੀ ਅਤੇ ਪਾਰਦਰਸ਼ੀ ਚਰਚਾ ਕਰਵਾਈ ਜਾਵੇ, ਤਾਂ ਜੋ ਕਿਸੇ ਵੀ ਤਰੀਕੇ ਨਾਲ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਾ ਸਕੇ
Click to Follow Babushahi Facebook page →