ਵਾਹਨਾਂ ਤੇ ਰਿਫਲੈਕਟਰ ਲਗਾ ਕੇ ਲੋਕਾਂ ਨੂੰ ਸੜਕ ਸੁਰੱਖਿਆ ਪ੍ਰਤੀ ਕੀਤਾ ਜਾਗਰੂਕ
ਫਾਜ਼ਿਲਕਾ, 18 ਜਨਵਰੀ 2025:
ਫਾਜ਼ਿਲਕਾ ਪੁਲਿਸ ਵੱਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਅਤੇ ਸੜਕ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਟ੍ਰੈਫਿਕ ਮਹੀਨਾ ਮਨਾਇਆ ਜਾ ਰਿਹਾ ਹੈ। ਇਸ ਦੇ ਤਹਿਤ ਅੱਜ ਧੁੰਦ ਵਾਲੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਫਾਜ਼ਿਲਕਾ ਪੁਲਿਸ ਦੇ ਟ੍ਰੈਫਿਕ ਸਟਾਫ ਨੇ ਵਾਹਨਾਂ 'ਤੇ ਰਿਫਲੈਕਟਰ ਲਗਾ ਕੇ ਸੜਕ ਸੁਰੱਖਿਆ ਲਈ ਮਹੱਤਵਪੂਰਣ ਕਦਮ ਚੁੱਕਿਆ। ਰਿਫਲੈਕਟਰ ਲਗਾਉਣ ਦਾ ਉਦੇਸ਼ ਸੜਕਾਂ ‘ਤੇ ਧੁੰਦ ਕਾਰਨ ਹਾਦਸਿਆਂ ਨੂੰ ਰੋਕਣਾ ਅਤੇ ਰਾਤ ਦੇ ਸਮੇਂ ਚੱਲ ਰਹੇ ਵਾਹਨਾਂ ਨੂੰ ਦਿਖਣ ਯੋਗ ਬਣਾਉਣਾ ਹੈ, ਕਿਉਕਿ ਧੁੰਦ ਦੇ ਕਾਰਨ ਦ੍ਰਿਸ਼ਤਾ ਘਟ ਜਾਂਦੀ ਹੈ, ਜਿਸ ਕਾਰਨ ਹਾਦਸਿਆਂ ਦਾ ਖਤਰਾ ਵਧ ਜਾਂਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ, ਟ੍ਰੈਫਿਕ ਪੁਲਿਸ ਵੱਲੋਂ ਵਾਹਨਾਂ ਦੀ ਦਿਖਣਸ਼ੀਲਤਾ ਵਧਾਉਣ ਲਈ ਰਿਫਲੈਕਟਰ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਰਿਫਲੈਕਟਰ ਰਾਤ ਦੇ ਸਮੇਂ ਜਾਂ ਘੱਟ ਦਿਖਾਈ ਦੇਣ ਵਾਲੇ ਮੌਸਮ ਵਿੱਚ ਲਾਈਟ ਪੈਂਦੇ ਹੀ ਚਮਕਦੇ ਹਨ, ਜਿਸ ਨਾਲ ਵਾਹਨਾਂ ਦੀ ਉਪਸਥਿਤੀ ਸਪਸ਼ਟ ਹੁੰਦੀ ਹੈ ਅਤੇ ਹਾਦਸਿਆਂ ਤੋਂ ਬਚਾਅ ਹੁੰਦਾ ਹੈ।
ਐਸ.ਐਸ.ਪੀ. ਫਾਜ਼ਿਲਕਾ ਸ਼੍ਰੀ ਵਰਿੰਦਰ ਸਿੰਘ ਬਰਾੜ ਵੱਲੋਂ ਜ਼ਿਲ੍ਹੇ ਦੇ ਵਾਹਨ ਚਾਲਕਾ ਨੂੰ ਅਪੀਲ ਕੀਤੀ ਗਈ ਕਿ ਹਰ ਵਾਹਨ ਚਾਲਕ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਵੇ, ਤਾਂ ਜੋ ਸੜਕਾਂ ਤੇ ਹੋਣ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕੇ। ਇਹ ਮੁਹਿੰਮ ਸਿਰਫ ਧੁੰਦ ਦੇ ਮੌਸਮ ਲਈ ਹੀ ਨਹੀਂ ਸਗੋਂ ਹਰ ਸਮੇਂ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਰੂਰੀ ਹੈ। ਇਸ ਮੌਕੇ ਸਥਾਨਕ ਲੋਕਾਂ ਨੇ ਫਾਜ਼ਿਲਕਾ ਪੁਲਿਸ ਦੇ ਇਸ ਉਪਰਾਲੇ ਦੀ ਸਰਾਹਨਾ ਕੀਤੀ ਹੈ ਅਤੇ ਟ੍ਰੈਫਿਕ ਸਟਾਫ ਨਾਲ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਹੈ।