ਵਾਰਡਬੰਦੀ ਦਾ ਕਮਾਲ : ਇੱਕ ਪਰਿਵਾਰ ਦੀਆਂ ਵੋਟਾਂ 5 ਵਾਰਡਾਂ 'ਚ ਪਾਈਆਂ
ਮ੍ਰਿਤਕ ਦੀ ਵੋਟ ਕੱਟਣ ਦੀ ਥਾਂ ਵੋਟ ਨੂੰ ਅੱਠ ਕਿਲੋਮੀਟਰ ਦੂਰ ਤਬਦੀਲ ਕੀਤਾ
ਮਲਕੀਤ ਸਿੰਘ ਮਲਕਪੁਰ
ਲਾਲੜੂ 20 ਅਪ੍ਰੈਲ 2026: ਨਗਰ ਕੌਂਸਲ ਲਾਲੜੂ ਦੀਆਂ ਚੋਣਾਂ ਲਈ ਪ੍ਰਕਾਸ਼ਿਤ ਸੂਚੀਆਂ ਵਿੱਚ ਗੰਭੀਰ ਉਣਤਾਈਆਂ ਦਾ ਮਾਮਲਾ ਸਾਹਮਣੇ ਆਇਆ ਹੈ। ਕਈ ਵਾਰਡਾਂ ਦੇ ਵੋਟਰਾਂ ਨੂੰ 8-8 ਕਿਲੋਮੀਟਰ ਦੂਰ ਪੈਂਦੇ ਵਾਰਡਾਂ ਵਿੱਚ ਸਿਫਟ ਕਰ ਦਿੱਤਾ ਗਿਆ ਹੈ ਅਤੇ ਹੁਣ ਉਹ ਵੋਟਰ ਆਪਣੇ ਜੱਦੀ ਵਾਰਡ ਵਿੱਚ ਆਉਣ ਲਈ ਸੰਭਾਵੀ ਉਮੀਦਵਾਰਾਂ ਦੀਆਂ ਮਿੰਨਤਾਂ ਕਰਦੇ ਨਜ਼ਰ ਆ ਰਹੇ ਹਨ,ਪਰ ਫਿਲਹਾਲ ਉਨ੍ਹਾਂ ਦੇ ਪੱਲੇ ਕੁੱਝ ਠੋਸ ਨਹੀਂ ਪੈ ਰਿਹਾ ਹੈ। ਸੂਚੀਆਂ ਵਿੱਚ ਗੰਭੀਰ ਉਣਤਾਈਆਂ ਦੀ ਰਿਕਾਰਡ ਸਮੇਤ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਲਾਲੜੂ ਦੇ ਜੱਦੀ ਵਸਨੀਕ ਚੰਦਰਪਾਲ ਪੁੱਤਰ ਮੋਲੂ ਰਾਮ ਨੇ ਦੱਸਿਆ ਕਿ ਉਹ ਆਪਣੀ ਮਾਤਾ ਤੇ ਆਪਣੇ ਭਰਾ ਜਗਪਾਲ ਸਿੰਘ ਦੇ ਨਾਲ ਸਾਂਝੇ ਪਰਿਵਾਰ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦੀ ਜੱਦੀ ਜ਼ਮੀਨ, ਮਕਾਨ ਅਤੇ ਬੈਠਕ ਸਭ ਸਾਂਝੇ ਹਨ ਅਤੇ ਮਕਾਨ -ਬੈਠਕ ਤਾਂ ਇੱਕੋ ਵਾਰਡ ਵਿੱਚ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇ ਉਨ੍ਹਾਂ ਦੇ ਪਰਿਵਾਰ ਵਿੱਚ 7 ਵੋਟਾਂ ਹਨ , ਜਿਸ ਵਿੱਚੋਂ ਉਨ੍ਹਾਂ ਦੀ ਆਪਣੀ ਵੋਟ, ਉਨ੍ਹਾਂ ਦੀ ਮਾਤਾ ਤੇ ਪਤਨੀ ਦੀ ਵੋਟ ਵਾਰਡ ਨੰਬਰ 12 ਵਿੱਚ ਲੜੀ ਨੰਬਰ 693,694 ਤੇ 695 ਵਜੋਂ ਪਾ ਦਿੱਤੀ ਗਈ ਹੈ, ਜਦਕਿ ਉਨ੍ਹਾਂ ਦੇ ਸਕੇ ਭਰਾ ਜਗਪਾਲ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਨੀਤਾ ਦੇਵੀ ਦੀ ਵੋਟ ਵਾਰਡ ਨੰਬਰ- 13 ਵਿੱਚ ਲੜੀ ਨੰਬਰ 1696 ਤੇ 1697 ਵਜੋਂ ਦਰਜ ਕੀਤੀ ਗਈ ਹੈ। ਇਸ ਤੋਂ ਅੱਗੇ ਜਗਪਾਲ ਸਿੰਘ ਦੇ ਪੁੱਤਰ ਸ਼ਕਤੀ ਸਿੰਘ ਦੀ ਵੋਟ ਵਾਰਡ ਨੰਬਰ- 14 ਵਿਚ ਲੜੀ ਨੰਬਰ 1184 ਤਹਿਤ ਦਰਜ ਕੀਤੀ ਗਈ ਹੈ ਜਦਕਿ ਦੂਜੇ ਪੁੱਤਰ ਸਾਗਰ ਅੱਤਰੀਸ਼ ਦੀ ਵੋਟ ਵਾਰਡ ਨੰਬਰ -17 ਵਿੱਚ ਲੜੀ ਨੰਬਰ 943 ਤਹਿਤ ਪਾ ਦਿੱਤੀ ਗਈ ਹੈ। ਸਭ ਤੋਂ ਵੱਡੀ ਤੇ ਅਹਿਮ ਗੱਲ ਇਹ ਹੈ ਕਿ ਕਰੀਬ 6 ਮਹੀਨੇ ਪਹਿਲਾਂ ਗੁਜ਼ਰ ਚੁੱਕੇ ਚੰਦਰਪਾਲ ਦੇ ਪਿਤਾ ਮ੍ਰਿਤਕ ਮੋਲੂ ਰਾਮ ਦੀ ਵੋਟ ਸੂਚੀ ਵਿਚੋਂ ਕੱਟਣ ਦੀ ਬਜਾਏ ਪੁਰਾਣੇ ਵਾਰਡ ਦੀ ਥਾਂ 8 ਕਿਲੋਮੀਟਰ ਦੂਰ ਵਾਰਡ ਨੰਬਰ-1 ਵਿੱਚ ਪਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ 25-30 ਗੁਆਢੀਆਂ ਦੀਆਂ ਵੋਟਾਂ ਵੀ ਵਾਰਡ ਨੰਬਰ 1 ਵਿੱਚ ਪਾ ਦਿੱਤੀਆਂ ਗਈਆਂ ਹਨ। ਚੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਕਾਰ ਦਾ ਵੋਟ ਸੂਚੀ ਬਣਾਉਣ ਵਾਲਾ ਫਾਰਮੂਲਾ ਹੀ ਸਮਝ ਨਹੀਂ ਆਇਆ ਅਤੇ ਉਹ ਸਬੰਧਤ ਸਥਾਨਕ ਅਫਸਰਾਂ ਤੇ ਹਲਕਾ ਵਿਧਾਇਕ ਤੋਂ ਮੰਗ ਕਰਦੇ ਹਨ ਕਿ ਉਹ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਖੁੱਦ ਦਿਲਚਸਪੀ ਲੈ ਕੇ ਉਨ੍ਹਾਂ ਦੇ ਹੱਲ ਕਰਵਾਉਣ ਤਾਂ ਜੋ ਆਮ ਲੋਕਾਂ ਦਾ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਤੋਂ ਵਿਸ਼ਵਾਸ ਬਣਿਆ ਰਹੇ।
ਦੂਜੇ ਪਾਸੇ ਜਦੋਂ ਇਸ ਸਬੰਧੀ ਐਸਡੀਐਮ ਅਮਿਤ ਕੁਮਾਰ ਗੁਪਤਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੁਢਲੀ ਸੂਚੀ ਵਿਚ ਕੁੱਝ ਗਲਤੀਆਂ ਰਹਿ ਜਾਂਦੀਆਂ ਹਨ ਤੇ ਇਸੇ ਲਈ ਇਤਰਾਜ਼ ਦਾ ਸਮਾਂ ਦਿੱਤਾ ਗਿਆ ਹੈ । ਇਸ ਉਪਰੰਤ ਜਦੋਂ ਉਨ੍ਹਾਂ ਦਾ ਧਿਆਨ ਅੰਤ ਤੱਕ ਵੋਟ ਸੂਚੀ ਨਾ ਦੇਖ ਪਾਉਣ ਵਾਲੇ ਸਾਧਾਰਨ ਵੋਟਰਾਂ ਵੱਲ ਦਿਵਾਇਆ ਗਿਆ ਤਾਂ ਉਹ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਪਾਏ ।
Click to Follow Babushahi Facebook page →