ਮੋਹਾਲੋਂ ਵਿਖੇ ਬੇਟੀ ਬਚਾਓ, ਬੇਟੀ ਪੜ੍ਹਾਓ ਪ੍ਰੋਗਰਾਮ ਤਹਿਤ ਜਾਗਰੂਕਤਾ ਕੈਂਪ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 07 ਫਰਵਰੀ,2025
ਸਿਹਤ ਵਿਭਾਗ, ਮੁਜ਼ੱਫਰਪੁਰ ਨੇ ਪਿੰਡ ਮੋਹਾਲੋਂ ਦੀ ਪੰਚਾਇਤ ਦੇ ਸਹਿਯੋਗ ਨਾਲ ਆਯੂਸ਼ਮਾਨ ਆਰੋਗਿਆ ਕੇੰਦਰ, ਮੋਹਾਲੋਂ ਵਿਖੇ ਬੇਟੀ ਬਚਾਓ ਬੇਟੀ ਪੜ੍ਹਾਓ ਪ੍ਰੋਗਰਾਮ ਤਹਿਤ ਜਾਗਰੂਕਤਾ ਕੈਂਪ ਲਗਾਇਆ। ਇਸ ਸਮਾਰੋਹ ਦੀ ਪ੍ਰਧਾਨਗੀ ਪਿੰਡ ਮੋਹਾਲੋਂ ਦੀ ਸਰਪੰਚ ਨਛੱਤਰ ਕੌਰ ਨੇ ਕੀਤੀ।
ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ ਨੇ ਦੱਸਿਆ ਕਿ ਪੀਸੀ-ਪੀ ਐੱਨ.ਡੀ.ਟੀ. ਐਕਟ ਤਹਿਤ ਧੀਆਂ ਦੀ ਅਹਿਮੀਅਤ ਦੇ ਸਬੰਧ ਵਿੱਚ ਅਜਿਹੇ ਉਪਰਾਲਿਆਂ ਨਾਲ ਸਮਾਜ ਵਿੱਚ ਜਾਗਰੂਕਤਾ ਫੈਲਾ ਕੇ ਧੀਆਂ ਨੂੰ ਕੁੱਖ ਵਿੱਚ ਮਾਰਨ ਦੀ ਸਮਾਜਿਕ ਬੁਰਾਈ ਨੂੰ ਠੱਲ੍ਹ ਪੈ ਰਹੀ ਹੈ। ਇਸ ਸਮਾਜਿਕ ਅਲਾਮਤ ਨੂੰ ਖਤਮ ਕਰਨ ਲਈ ਸਮਾਜਿਕ ਚੇਤਨਾ ਅਤੇ ਵਚਨਬੱਧਤਾ ਦੀ ਲੋੜ ਹੈ।
ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ ਨੇ ਜਨਮ ਤੇ ਮੌਤ ਪ੍ਰਮਾਣ ਪੱਤਰ ਬਣਾਉਣ ਸਮੇਤ ਸਾਰੀਆਂ ਸਰਕਾਰੀ ਸਿਹਤ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜੇਕਰ ਜਨਮ ਅਤੇ ਮੌਤ ਦੀ ਘਟਨਾ ਨੂੰ 21 ਦਿਨਾਂ ਦੇ ਅੰਦਰ-ਅੰਦਰ ਰਜਿਸਟਰ ਕਰਵਾ ਲਿਆ ਜਾਵੇ ਤਾਂ ਲਾਭਪਾਤਰੀ ਨੂੰ ਭਵਿੱਖ ਪ੍ਰੇਸ਼ਾਨੀ ਨਹੀਂ ਆਉਂਦੀ ਅਤੇ ਪਰਿਵਾਰਕ ਨੂੰ ਸਰਟੀਫਿਕੇਟ ਵੀ ਆਸਾਨੀ ਨਾਲ ਮਿਲ ਜਾਂਦਾ ਹੈ। ਉਨ੍ਹਾਂ ਅੱਗੇ ਸਪੱਸ਼ਟ ਕਰਦਿਆਂ ਦੱਸਿਆ ਕਿ 21 ਦਿਨਾਂ ਅੰਦਰ ਜਨਮ ਅਤੇ ਮੌਤ ਨੂੰ ਦਰਜ ਕਰਵਾਉਣ ਨਾਲ ਦੀ ਕੋਈ ਫੀਸ ਜਾਂ ਚਾਰਜਿਜ਼ ਨਹੀਂ ਦੇਣੇ ਪੈਂਦੇ। ਮਨਿੰਦਰ ਸਿੰਘ ਨੇ ਕਿਹਾ ਕਿ ਇਸ ਰਜਿਸਟ੍ਰੇਸ਼ਨ ਨਾਲ ਬਹੁਤ ਸਾਰੇ ਲਾਭ ਹੁੰਦੇ ਹਨ ਜਿਵੇਂ ਜਨਮ ਦੀ ਰਜਿਸਟ੍ਰੇਸ਼ਨ ਨਾਲ ਨਾਗਰਿਕਤਾ ਦਾ ਸਬੂਤ, ਆਪਣੀ ਹੋਂਦ ਦੀ ਪਹਿਚਾਣ, ਮੌਲਿਕ ਅਧਿਕਾਰ ਅਤੇ ਸਕੂਲ ਦਾਖਲੇ ਲਈ ਲੋੜੀਂਦਾ ਹੁੰਦਾ ਹੈ ਅਤੇ ਇਸੇ ਤਰ੍ਹਾਂ ਮੌਤ ਰਜਿਸਟ੍ਰੇਸ਼ਨ ਦੇ ਲਾਭ ਜਿਵੇਂ ਜਾਇਦਾਦ ਦਾ ਉੱਤਰਾਅਧਿਕਾਰੀ, ਬੈਂਕ ਅਤੇ ਬੀਮਾ ਪੈਨਸ਼ਨ ਦੀ ਰਕਮ ਕਢਵਾਉਣ ਲਈ ਮੌਤ ਸਰਟੀਫਿਕੇਟ ਦਾ ਹੋਣਾ ਜ਼ਰੂਰੀ ਹੁੰਦਾ ਹੈ।
ਇਸ ਮੌਕੇ ਮੋਹਾਲੋਂ ਦੇ ਸਰਪੰਚ ਨਛੱਤਰ ਕੌਰ ਨੇ ਕਿਹਾ ਕਿ ਲੜਕੀਆਂ ਦੋ ਖਾਨਦਾਨਾਂ ਦਾ ਨਾਮ ਰੌਸ਼ਨ ਕਰਦੀਆਂ ਹਨ। ਅੱਜ ਦੇ ਦੌਰ ਵਿੱਚ ਲੜਕੀਆਂ ਆਸਮਾਨ ਦੀਆਂ ਬੁਲੰਦੀਆਂ ਛੂਹ ਰਹੀਆਂ ਹਨ। ਉਨ੍ਹਾਂ ਨਾਲ ਭੇਦਭਾਵ ਕਰਕੇ ਕੁੱਖ ਵਿੱਚ ਕਤਲ ਕਰਨਾ ਗਲਤ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਨਛੱਤਰ ਕੌਰ, ਪੰਚਾਇਤ ਮੈਂਬਰ ਰੇਸ਼ਮ ਕੌਰ, ਕਸ਼ਮੀਰ ਕੌਰ, ਰਾਜ ਕੁਮਾਰ, ਕੁਲਵਿੰਦਰ ਕੌਰ, ਸੁਰਜੀਤ ਰਾਮ, ਬਿਮਲਾ ਰਾਣੀ, ਪ੍ਰਕਾਸ਼ ਸਿੰਘ, , ਟੀਚਰ ਜਸਵੀਰ ਕੌਰ,
ਹੈਲਥ ਇੰਸਪੈਕਟਰ ਰਾਜਿੰਦਰ ਸਿੰਘ, ਪ੍ਰਦੀਪ ਕੁਮਾਰ, ਏ ਐੱਨ ਐੱਮ ਗੁਰਦੇਵ ਕੌਰ, ਪ੍ਰਵੀਨ ਕੁਮਾਰੀ, ਲੰਬੜਦਾਰ ਮਹਿੰਦਰ ਸਿੰਘ, ਮੇਜਰ ਰਾਮ, ਗੁਰਪ੍ਰੀਤ ਸਿੰਘ, ਬੂਟਾ ਰਾਮ, ਕੁਲਵਿੰਦਰ ਕੌਰ ਮੌਜੂਦ ਸਨ।