ਮੋਹਾਲੀ: ਨੌਜਵਾਨ ਦਾ ਕਿਰਚਾਂ ਮਾਰ ਕੇ ਬੇਰਹਿਮੀ ਨਾਲ ਕਤਲ; ਇਨਸਾਫ਼ ਲਈ ਪਰਿਵਾਰ ਨੇ ਘੇਰਿਆ ਫੋਰਟਿਸ ਹਸਪਤਾਲ
ਗੁਰਸ਼ਰਨ ਸਿੰਘ ਉਰਫ ਸ਼ਗਨ ਦੀ ਮੌਤ ਤੋਂ ਬਾਅਦ ਪਰਿਵਾਰ ਵਿੱਚ ਮਾਤਮ; ਇਨਸਾਫ਼ ਲਈ ਫੋਰਟਿਸ ਹਸਪਤਾਲ ਬਾਹਰ ਲਗਾਇਆ ਧਰਨਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ), 16 ਫਰਵਰੀ 2026- ਮੋਹਾਲੀ ਦੇ ਫੇਜ਼-11 ਵਿੱਚ ਬੀਤੀ ਦੇਰ ਰਾਤ ਖ਼ੂਨੀ ਕਾਂਡ ਵਾਪਰਿਆ, ਜਿੱਥੇ ਕੁਝ ਅਣਪਛਾਤੇ ਨੌਜਵਾਨਾਂ ਨੇ 28 ਸਾਲਾ ਨੌਜਵਾਨ ਗੁਰਸ਼ਰਨ ਸਿੰਘ ਭੰਗੂ (ਸ਼ਗਨ) ਦਾ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੇਰ ਰਾਤ ਅਣਪਛਾਤੇ ਹਮਲਾਵਰਾਂ ਨੇ ਗੁਰਸ਼ਰਨ ਸਿੰਘ 'ਤੇ ਤੇਜ਼ਧਾਰ ਹਥਿਆਰਾਂ (ਕਿਰਚਾਂ) ਨਾਲ ਹਮਲਾ ਕੀਤਾ। ਹਮਲਾ ਇੰਨਾ ਭਿਆਨਕ ਸੀ ਕਿ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਜ਼ਖ਼ਮੀ ਨੌਜਵਾਨ ਨੂੰ ਤੁਰੰਤ ਮੋਹਾਲੀ ਦੇ ਫੋਰਟਿਸ ਹਸਪਤਾਲ ਲਿਜਾਇਆ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਸ ਨੇ ਦਮ ਤੋੜ ਦਿੱਤਾ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਭਾਰੀ ਗਿਣਤੀ ਵਿੱਚ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਫੋਰਟਿਸ ਹਸਪਤਾਲ ਦੇ ਬਾਹਰ ਇਕੱਠੇ ਹੋ ਗਏ। ਪਰਿਵਾਰ ਨੇ ਪੁਲਿਸ ਦੀ ਕਾਰਜਪ੍ਰਣਾਲੀ 'ਤੇ ਸਵਾਲ ਚੁੱਕਦਿਆਂ ਹਸਪਤਾਲ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸਖ਼ਤ ਸਜ਼ਾ ਦਿੱਤੀ ਜਾਵੇ। ਮੋਹਾਲੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਹੈ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਮੁੱਢਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।