ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪਿੰਡ/ਵਾਰਡ ਪੱਧਰ ਤੇ ਸਿਹਤ ਕਾਰਡ ਬਣਾਉਣ ਲਈ ਕੈਂਪ ਜਾਰੀ-ਡੀ.ਸੀ
ਪੰਜਾਬ ਦੇ ਸਾਰੇ ਵਸਨੀਕ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੋਣਗੇ ਕਵਰ
ਫ਼ਰੀਦਕੋਟ 03 ਫਰਵਰੀ (ਪਰਵਿੰਦਰ ਸਿੰਘ ਕੰਧਾਰੀ ) ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਜਿਲ੍ਹੇ ਦੇ ਸਾਰੇ ਵਸਨੀਕਾਂ ਨੂੰ ਇਸ ਸਕੀਮ ਦਾ ਲਾਭ ਦੇਣ ਦੇ ਮੰਤਵ ਨਾਲ ਪਿੰਡ/ਵਾਰਡ ਪੱਧਰ ਤੇ ਕੈਂਪ ਲਗਾ ਕੇ ਲੋਕਾਂ ਦੇ ਸਿਹਤ ਕਾਰਡ ਬਣਾਏ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦਿੱਤੀ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਇੱਕ ਨਕਦ ਰਹਿਤ ਸਿਹਤ ਬੀਮਾ ਯੋਜਨਾ ਹੈ, ਜਿਸ ਦਾ ਮੰਤਵ ਪੰਜਾਬ ਦੇ ਸਾਰੇ ਵਸਨੀਕਾਂ ਨੂੰ ਪ੍ਰਤੀ ਪਰਿਵਾਰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦਾ ਇਲਾਜ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਜਿਲ੍ਹੇ ਵਿੱਚ ਫੇਜ-1 ਅਤੇ ਫੇਜ-2 ਤਹਿਤ ਪਿੰਡ/ਵਾਰਡ ਪੱਧਰ ਤੇ ਕੈਂਪ ਲਗਾਏ ਜਾ ਰਹੇ ਹਨ। ਫੇਜ-1 ਤਹਿਤ 5 ਫਰਵਰੀ ਤੱਕ ਫਰੀਦਕੋਟ ਹਲਕੇ ਦੇ ਪਿੰਡ ਮਚਾਕੀ ਕਲਾ, ਸਾਦਿਕ, ਸੁੱਖਣਵਾਲਾ, ਕਿੰਗਰਾ ਵਿਖੇ, ਹਲਕਾ ਜੈਤੋ ਤੇ ਪਿੰਡ ਸਰਾਵਾਂ, ਬਿਸ਼ਨੰਦੀ, ਚੈਨਾ, ਬਰਗਾੜੀ, ਪੰਜਗਰਾਈ ਕਲਾਂ, ਕਰੀਰਵਾਲੀ, ਢੈਪਈ ਵਿਖੇ ਅਤੇ ਇਸੇ ਤਰ੍ਹਾਂ ਹਲਕਾ ਕੋਟਕਪੂਰਾ ਦੇ ਵਾਂਦਰ ਜਟਾਣਾ, ਧੂੜਕੋਟ, ਮੌੜ ਪਿੰਡਾਂ ਵਿੱਚ ਮੁੱਖ ਮੰਤਰੀ ਸਿਹਤ ਕੈਂਪ ਲਗਾਏ ਜਾ ਰਹੇ, ਜਿੱਥੇ ਮੌਕੇ ਤੇ ਲੋਕਾਂ ਦੇ ਸਿਹਤ ਕਾਰਡ ਬਣਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਤੱਕ ਲਗਭਗ 45 ਲੱਖ ਲਾਭਪਾਤਰੀ ਪਰਿਵਾਰ ਪਹਿਲਾਂ ਹੀ ਇਸ ਯੋਜਨਾ ਹੇਠ ਕਵਰ ਕੀਤੇ ਜਾ ਚੁੱਕੇ ਹਨ। ਜੋ ਪਰਿਵਾਰ ਹਾਲੇ ਤੱਕ ਕਵਰ ਨਹੀਂ ਹਨ, ਉਹ ਸੀ.ਐਸ.ਸੀ ਅਤੇ ਸੇਵਾ ਕੇਂਦਰਾਂ ਰਾਹੀਂ ਐਨਰੋਲਮੈਂਟ ਪ੍ਰਕਿਰਿਆ ਦੁਆਰਾ ਇਸ ਯੋਜਨਾ ਵਿੱਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਲਾਭਪਾਤਰੀ ਪਰਿਵਾਰ ਆਧਾਰ ਕਾਰਡ ਅਤੇ ਵੋਟਰ ਕਾਰਡ ਦੇ ਆਧਾਰ ’ਤੇ ਐਨਰੋਲ ਹੋ ਸਕਦੇ ਹਨ। ਇਸ ਦੇ ਨਾਲ ਪਰਿਵਾਰ ਦੇ ਮੁਖੀ ਵੱਲੋਂ ਸਵੈ-ਘੋਸ਼ਣਾ ਪੱਤਰ ਵੀ ਲਾਜ਼ਮੀ ਹੈ, ਜਿਸ ਵਿੱਚ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਜਾਣਕਾਰੀ ਦਰਜ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਸਮੂਹ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉੱਠਾ ਕੇ ਆਪਣੇ ਸਿਹਤ ਬੀਮਾ ਕਾਰਡ ਬਣਾਉਣ ਅਤੇ ਇਸ ਯੋਜਨਾ ਦਾ ਲਾਹਾ ਪ੍ਰਾਪਤ ਕਰਨ।