ਮਾਂ ਦੀ ਬਿਮਾਰੀ ਨੇ ਜਵਾਨ ਪੁੱਤਰ ਨੂੰ ਚੋਰੀ ਕਰਨ ਲਈ ਕਰ ਦਿੱਤਾ ਮਜਬੂਰ
ਮੋਬਾਇਲ ਦੀ ਦੁਕਾਨ ਦੀ ਕੰਧ ਪਾੜ ਕੇ ਕਰ ਲਏ ਮਹਿੰਗੇ ਮੋਬਾਈਲ ਚੋਰੀ , ਗੈਰ ਤਜੁਰਬੇਕਾਰ ਚੋਰ ਨੂੰ ਪੁਲਿਸ ਨੇ 24 ਘੰਟੇ ਅੰਦਰ ਕੀਤਾ ਗਿਰਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ : ਧਾਰੀਵਾਲ ਥਾਣੇ ਦੀ ਪੁਲਿਸ ਨੇ 24 ਘੰਟਿਆਂ ਦੇ ਅੰਦਰ ਮੋਬਾਈਲ ਦੀ ਦੁਕਾਨ ਦੀ ਕੰਧ ਪਾੜ ਕੇ ਅੰਦਰੋਂ ਮੋਬਾਇਲ ਅਤੇ ਅਸੈਸਰੀ ਚੋਰੀ ਕਰਨ ਵਾਲੇ ਇੱਕ ਨੌਜਵਾਨ ਚੋਰ ਨੂੰ ਗਿਰਫਤਾਰ ਕੀਤਾ । ਚੋਰ ਦੀ ਗਿਰਿਫਤਾਰੀ ਸੀਸੀ ਟੀਵੀ ਫੁਟੇਜ ਅਤੇ ਆਲੇ ਦੁਆਲੇ ਦੇ ਲੋਕਾਂ ਕੋਲੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਚੋਰ ਬਾਰੇ ਲਏ ਗਏ ਵੇਰਵੇ ਦੇ ਅਧਾਰ ਤੇ ਹੋਈ ਹੈ। ਹਾਲਾਂਕਿ 20 ਵਰਿਆਂ ਦੇ ਨੌਜਵਾਨ ਚੋਰ ਦੀ ਇਹ ਪਹਿਲੀ ਚੋਰੀ ਹੈ ਤੇ ਪੁਲਿਸ ਅਨੁਸਾਰ ਚੋਰ ਨੇ ਦੱਸਿਆ ਹੈ ਕਿ ਉਸਨੇ ਪਹਿਲੀ ਵਾਰ ਆਪਣੀ ਮਾਂ ਦੀ ਬਿਮਾਰੀ ਦਾ ਇਲਾਜ ਕਰਾਉਣ ਲਈ ਇਹ ਚੋਰੀ ਕੀਤੀ ਹੈ। ਪੁਲਿਸ ਨੇ ਚੋਰੀ ਦੇ 27 ਮੋਬਾਈਲ ਅਤੇ ਇੱਕ ਸਪੀਕਰ ਵੀ ਚੋਰ ਕੋਲੋਂ ਬਰਾਮਦ ਕੀਤਾ ਹੈ ਜਦਕਿ ਬਾਕੀ ਸਮਾਨ ਬਾਰੇ ਪੁੱਛ ਗਿੱਛ ਜਾਰੀ ਹੈ ।
ਦੁਕਾਨ ਦੇ ਮਾਲਕ ਗੌਰਵ ਲੂਥਰਾ ਨੇ ਦੱਸਿਆ ਕਿ ਉਸ ਦੀ ਮੋਬਾਇਲ ਰਿਪੇਅਰ ਦੀ ਦੁਕਾਨ ਧਾਰੀਵਾਲ ਦੀ ਨਹਿਰ ਕਿਨਾਰੇ ਹੈ ।ਪਰਸੋਂ ਸਵੇਰ ਜਦੋਂ ਉਹ ਦੁਕਾਨ ਤੇ ਆਇਆ ਤਾਂ ਉਸਨੇ ਦੇਖਿਆ ਕਿ ਦੁਕਾਨ ਦੇ ਅੰਦਰ ਚੋਰੀ ਹੋ ਚੁੱਕੀ ਹੈ। ਰਿਪੇਅਰ ਕਰਨ ਲਈ ਆਏ ਮਹਿੰਗੇ ਮੋਬਾਈਲ ਅਤੇ ਮੋਬਾਇਲ ਅਸੈਸਰੀ ਦੇ ਨਾਲ ਹੋਰ ਕੀਮਤੀ ਸਮਾਨ ਅਤੇ ਔਜ਼ਾਰ ਚੋਰੀ ਹੋ ਚੁੱਕੇ ਹਨ। ਚੋਰ ਨੇ ਦੁਕਾਨ ਦੇ ਅੰਦਰ ਕੈਮਰੇ ਤੋੜਨ ਦੀ ਵੀ ਕੋਸ਼ਿਸ਼ ਕੀਤੀ ਪਰ ਉਸਦੀ ਤਸਵੀਰ ਕੈਮਰੇ ਵਿੱਚ ਕੈਦ ਹੋ ਗਈ ਸੀ । ਜਿਸ ਦੀ ਸ਼ਿਕਾਇਤ ਉਸਨੇ ਧਾਰੀਵਾਲ ਥਾਣੇ ਦੀ ਪੁਲਿਸ ਨੂੰ ਕੀਤੀ।
ਉੱਥੇ ਹੀ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਅਤੇ ਆਸ ਪਾਸ ਦੇ ਲੋਕਾਂ ਕੋਲੋਂ ਚੋਰ ਵਾਰੇ ਲੈ ਗਏ ਵੇਰਵੇ ਦੇ ਅਧਾਰ ਤੇ ਚੋਰ ਦੀ ਪਹਿਚਾਣ ਕਰ ਲਈ ਗਈ ਅਤੇ ਵਿਜੇ ਨਾਮ ਦੇ 20 ਵਰਿਆਂ ਦੇ ਲੁਧਿਆਣਾ ਮਹਲਾ ਧਾਰੀਵਾਲ ਵਿਖੇ ਰਹਿਣ ਵਾਲੇ ਨੌਜਵਾਨ ਨੂੰ 27 ਮੋਬਾਈਲ ਅਤੇ ਇੱਕ ਸਪੀਕਰ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ । ਉਸ ਦੇ ਖਿਲਾਫ ਚੋਰੀ ਦਾ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ ਅਤੇ ਉਸ ਦੇ ਕਹਿਣ ਮੁਤਾਬਕ ਉਸਨੇ ਇਹ ਚੋਰੀ ਘਰ ਦੀ ਮਜਬੂਰੀ ਅਤੇ ਆਪਣੀ ਮਾਂ ਦੀ ਬਿਮਾਰੀ ਦੇ ਇਲਾਜ ਕਾਰਨ ਕੀਤੀ ਹੈ।