ਭਾਸ਼ਾ ਵਿਭਾਗ, ਪੰਜਾਬ ਵੱਲੋਂ ‘ਸ਼ਬਦ ਤਕਨਾਲੋਜੀ ਅਤੇ ਮਾਨਵਤਾ ਦਾ ਭਵਿੱਖ’ ਵਿਸ਼ੇ ‘ਤੇ ਗੋਸ਼ਟੀ 13 ਤੋਂ
ਪਟਿਆਲਾ, 7 ਫਰਵਰੀ:
ਭਾਸ਼ਾ ਵਿਭਾਗ, ਪੰਜਾਬ ਵੱਲੋਂ ‘ਸ਼ਬਦ ਤਕਨਾਲੋਜੀ ਅਤੇ ਮਾਨਵਤਾ ਦਾ ਭਵਿੱਖ’ ਵਿਸ਼ੇ ‘ਤੇ ਗੋਸ਼ਟੀ 13 ਤੇ 14 ਫਰਵਰੀ ਨੂੰ ਭਾਸ਼ਾ ਭਵਨ, ਪਟਿਆਲਾ ਦੇ ਸੈਮੀਨਾਰ ਹਾਲ ਵਿਖੇ ਕਰਵਾਈ ਜਾ ਰਹੀ ਹੈ। ਇਸ ਸਬੰਧੀ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਪਹਿਲੇ ਦਿਨ ਉਦਘਾਟਨੀ ਸੈਸ਼ਨ ਦੌਰਾਨ ਸਵੇਰੇ 10:00 ਤੋਂ 11.30 ਵਜੇ ਤੱਕ ‘ਸਾਖ਼ਰਤਾ ਤੋਂ ਵਿਸਤ੍ਰਿਤ ਭਾਸ਼ਾਈ ਮਾਡਲ ਤੱਕ’ ਵਿਸ਼ੇ ‘ਤੇ ਗੱਲਬਾਤ ਹੋਏਗੀ। ਜਿਸ ਦੌਰਾਨ ਸ. ਅਮਰਜੀਤ ਸਿੰਘ ਗਰੇਵਾਲ ਕੁਜੀਵੰਤ ਭਾਸ਼ਣ ਦੇਣਗੇ ਅਤੇ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਰਤਨ ਸਿੰਘ ਜੱਗੀ ਕਰਨਗੇ। ਇਸ ਸੈਸ਼ਨ ਦੇ ਮੁੱਖ ਮਹਿਮਾਨ ਸ. ਸਵਰਨਜੀਤ ਸਵੀ ਪ੍ਰਧਾਨ, ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਹੋਣਗੇ।
12.00 ਤੋਂ 01.30 ਤੱਕ ਚੱਲਣ ਵਾਲੇ ਪਹਿਲੇ ਸੈਸ਼ਨ ਦਾ ਸੰਚਾਲਨ ਡਾ. ਆਤਮ ਰੰਧਾਵਾ ਪ੍ਰਧਾਨ, ਪੰਜਾਬ ਸਾਹਿਤ ਅਕਾਦਮੀ ਕਰਨਗੇ। ਇਸ ਦੌਰਾਨ ਡਾ. ਰਾਜਵਿੰਦਰ ਸਿੰਘ, ਡਾ. ਜਸਵਿੰਦਰ ਸਿੰਘ ਅਤੇ ਡਾ. ਤੇਜਿੰਦਰ ਸਿੰਘ ਸੈਣੀ ਵੱਲੋਂ ‘ਭਾਸ਼ਾਈ ਪ੍ਰਕਿਰਿਆ ਵਿਚ ਨਵੀਆਂ ਤਕਨੀਕੀ ਪਹਿਲਕਦਮੀਆਂ’ ਵਿਸ਼ੇ ‘ਤੇ ਵਿਚਾਰ ਵਟਾਂਦਰਾ ਹੋਏਗਾ। 2.30 ਤੋਂ 04.00 ਵਜੇ ਤੱਕ ਚੱਲਣ ਵਾਲਾ ਦੂਸਰਾ ਸੈਸ਼ਨ ਵਿਸ਼ਾ ਮਸ਼ੀਨੀ ਬੁੱਧੀਮਾਨਤਾ ਦੇ ਭਾਸ਼ਾਈ ਮਾਡਲਾਂ ਦੀ ਨੈਤਿਕਤਾ ਦਾ ਮਸਲਾ ‘ਤੇ ਅਧਾਰਿਤ ਹੋਵੇਗਾ। ਜਿਸ ਦੌਰਾਨ ਡਾ. ਪ੍ਰਵੀਨ ਕੁਮਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਸੰਚਾਲਕ ਵਜੋਂ ਅਤੇ ਪ੍ਰੋ.ਪਰਮਜੀਤ ਢੀਂਗਰਾ ਸਾਬਕਾ, ਡਾ. ਗੁਰਦੇਵ ਸਿੰਘ, ਡਾ. ਦਵਿੰਦਰ ਸਿੰਘ ਬੁਲਾਰੇ ਵਜੋਂ ਸ਼ਾਮਲ ਹੋਣਗੇ। 4.00 ਤੋਂ 05.30 ਵਜੇ ਤੱਕ ਚੱਲਣ ਵਾਲਾ ਤੀਸਰਾ ਸੈਸ਼ਨ ‘ਮਨੁੱਖ ਅਤੇ ਮਸ਼ੀਨੀ ਬੁੱਧੀਮਾਨਤਾ ਦਰਮਿਆਨ ਭਾਸ਼ਾਈ ਸੰਯੋਗ’ ਵਿਸ਼ੇ ‘ਤੇ ਅਧਾਰਿਤ ਹੋਵੇਗਾ। ਜਿਸ ਦੌਰਾਨ ਡਾ. ਤੇਜਿੰਦਰ ਸਿੰਘ ਸੰਚਾਲਕ ਵਜੋਂ, ਪ੍ਰੋ.ਰਾਜੇਸ਼ ਸ਼ਰਮਾ, ਡਾ. ਸਤਬੀਰ ਸਿੰਘ ਅਤੇ ਪ੍ਰੋ. ਯੋਗਰਾਜ ਬੁਲਾਰਿਆਂ ਵਜੋਂ ਸ਼ਮੂਲੀਅਤ ਕਰਨਗੇ।
ਸਮਾਗਮ ਦੇ ਦੂਸਰੇ ਦਿਨ 14 ਫ਼ਰਵਰੀ ਨੂੰ ਗੋਸ਼ਟੀ ਦੇ ਚੌਥੇ ਸੈਸ਼ਨ (ਸਵੇਰੇ 10 ਤੋਂ 11.30 ਵਜੇ ਤੱਕ), ‘ਸਿਰਜਣਾ ਅਤੇ ਕਲਾ ਵਿਚ ਮਸ਼ੀਨੀ ਬੁੱਧੀਮਾਨਤਾ ਦਾ ਸਥਾਨ’ ਵਿਸ਼ੇ ‘ਤੇ ਅਧਾਰਿਤ ਹੋਵੇਗਾ। ਜਿਸ ਦਾ ਸੰਚਾਲਨ ਡਾ. ਅਮਰਜੀਤ ਸਿੰਘ ਕਰਨਗੇ। ਇਸ ਦੌਰਾਨ ਡਾ. ਮਨਮੋਹਨ, ਸ. ਗੁਰਪ੍ਰੀਤ ਮਾਨਸਾ, ਡਾ.ਮੋਹਨ ਤਿਆਗੀ ਅਤੇ ਡਾ.ਬਰਿੰਦਰ ਕੌਰ ਬੁਲਾਰਿਆਂ ਵਜੋਂ ਸ਼ਿਰਕਤ ਕਰਨਗੇ। 12.00 ਤੋਂ 01.30 ਵਜੇ ਤੱਕ ਚੱਲਣ ਵਾਲੇ ਪੰਜਵੇਂ ਸੈਸ਼ਨ ਦਾ ਵਿਸ਼ਾ ‘ਭਾਸ਼ਾ ਉਦਯੋਗ ਵਿਚ ਮਸ਼ੀਨੀ ਬੁੱਧੀਮਾਨਤਾ ਦਾ ਮਹੱਤਵ’ ਦਾ ਸੰਚਾਲਨ ਡਾ. ਸਰਬਜੀਤ ਸਿੰਘ ਮਾਨ ਕਰਨਗੇ। ਬੁਲਾਰਿਆਂ ਵਜੋਂ ਹੀਰਾ ਸਿੰਘ, ਡਾ. ਸੀ.ਪੀ.ਕੰਬੋਜ ਅਤੇ ਸ. ਕੁਲਵਿੰਦਰ ਸਿੰਘ ਸ਼ਾਮਲ ਹੋਣਗੇ। ਸੈਸ਼ਨ ਛੇਵਾਂ(ਸਮਾਂ 2.30 ਤੋਂ 04.00 ਵਜੇ ਤੱਕ) ‘ਮਸ਼ੀਨੀ ਬੁਧੀਮਾਨਤਾ ਰਾਹੀਂ ਅਨੁਵਾਦ ਵਿਚ ਪੇਸ਼ਕਦਮੀਆਂ’ ਵਿਸ਼ੇ ‘ਤੇ ਅਧਾਰਿਤ ਹੋਵੇਗਾ। ਇਸ ਦਾ ਸੰਚਾਲਨ ਡਾ. ਕੁਲਦੀਪ ਸਿੰਘ ਕਰਨਗੇ। ਬੁਲਾਰਿਆਂ ਵਜੋਂ ਸ. ਜਸਵਿੰਦਰ ਸਿੰਘ ਅਤੇ ਡਾ.ਸੁਖਵਿੰਦਰ ਸਿੰਘ ਸ਼ਾਮਲ ਹੋਣਗੇ। ਸੱਤਵਾਂ ਸੈਸ਼ਨ (ਸਮਾਂ 4.00 ਤੋਂ 05.30 ਵਜੇ ਤੱਕ) ‘ਡਿਜ਼ੀਟਲ ਯੁੱਗ ਵਿਚ ਭਾਸ਼ਾ ਅਤੇ ਪਛਾਣ ਦੇ ਮਸਲੇ’ ‘ਤੇ ਅਧਾਰਿਤ ਹੋਵੇਗਾ। ਇਸ ਦੌਰਾਨ ਸੰਚਾਲਨ ਸ. ਸੰਦੀਪ ਸ਼ਰਮਾ ਕਰਨਗੇ ਅਤੇ ਬੁਲਾਰਿਆਂ ਵਜੋਂ ਸ. ਦਵਿੰਦਰ ਸਿੰਘ ਅਤੇ ਸ. ਇਮਰਤਪਾਲ ਸਿੰਘ ਸ਼ਾਮਲ ਹੋਣਗੇ।
ਵਿਦਾਇਗੀ ਸੈਸ਼ਨ(5.00 ਤੋਂ 06.30 ਵਜੇ ਤੱਕ) ਦੌਰਾਨ ਸਮੁੱਚੀ ਗੋਸ਼ਟੀ ਦੀ ਰਿਪੋਰਟ ਸ. ਸਤਪਾਲ ਸਿੰਘ ਚਹਿਲ ਪੇਸ਼ ਕਰਨਗੇ। ਵਿਦਾਇਗੀ ਭਾਸ਼ਣ ਡਾ. ਮਨਮੋਹਨ ਦੇਣਗੇ। ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਸਾਰੇ ਲੇਖਕਾਂ, ਬੁੱਧੀ ਜੀਵੀਆਂ ਤੇ ਖੋਜਾਰਥੀਆਂ ਨੂੰ ਵਧ-ਚੜ੍ਹ ਕੇ ਇਸ ਗੋਸ਼ਟੀ ਵਿੱਚ ਭਾਗ ਲੈਣ ਦੀ ਅਪੀਲ ਕੀਤੀ।