ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਐਸਐਸਪੀ ਮਾਨਸਾ ਦੇ ਦਫਤਰ ਅੱਗੇ ਧਰਨਾ
ਅਸ਼ੋਕ ਵਰਮਾ
ਮਾਨਸਾ, 30 ਜਨਵਰੀ 2026: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਮਾਨਸਾ ਦੇ ਸੱਦੇ ‘ਤੇ ਇਕੱਠੇ ਹੋਏ ਕਿਸਾਨ ਮਰਦ ਔਰਤਾਂ ਨੇ ਮਾਨਸਾ ਐਸ ਐਸ ਪੀ ਦਫਤਰ ਸਾਹਮਣੇ ਰੋਹ ਭਰਪੂਰ ਧਰਨਾ ਦਿੱਤਾ ਅਤੇ ਪ੍ਰਸ਼ਾਸਨ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ । ਕਿਸਾਨ ਮੰਗ ਕਰ ਰਹੇ ਸਨ ਕਿ ਪਿੰਡ ਕੁੱਲਰੀਆਂ ਦੇ ਕਿਸਾਨ ਵਰਕਰਾਂ ਅਤੇ ਜਥੇਬੰਦੀ ਦੇ ਸੂਬਾ ਆਗੂਆਂ ਤੇ ਬਣਾਏ ਕੇਸ ਵਾਪਸ ਲਏ ਜਾਣ ਅਤੇ ਜੇਲ੍ਹ ਭੇਜੇ ਕਿਸਾਨ ਵਰਕਰ ਗੁਰਪ੍ਰੀਤ ਸਿੰਘ ਨੂੰ ਤੁਰੰਤ ਰਿਹਾ ਕੀਤਾ ਜਾਵੇ । ਵਰਨਣਯੋਗ ਹੈ ਕਿ ਪਿੰਡ ਕੁਲਰੀਆਂ ਵਿੱਚ ਜੁਮਲਾ ਮਸ਼ਤਰਕਾ ਜਮੀਨ ਦੇ ਮਾਮਲੇ ਨੂੰ ਲੈ ਕੇ ਜਥੇਬੰਦੀ ਦਾ ਲਗਾਤਾਰ ਸੰਘਰਸ਼ ਚੱਲ ਰਿਹਾ ਹੈ । ਆਮ ਆਦਮੀ ਪਾਰਟੀ ਦੀ ਸਰਕਾਰ ਜੱਦੀ ਪੁਸ਼ਤੀ ਕਾਸ਼ਤਕਾਰ ਕਿਸਾਨਾਂ ਨੂੰ ਜਮੀਨ ਤੋਂ ਬੇਦਖਲ ਕਰਨਾ ਚਾਹੁੰਦੀ ਸੀ ਪ੍ਰੰਤੂ ਜਥੇਬੰਦੀ ਦੇ ਸੰਘਰਸ਼ ਸਦਕਾ ਕਿਸਾਨ ਮੁੜ ਜਮੀਨ ਤੇ ਕਾਬਜ ਹੋ ਕੇ ਕਾਸ਼ਤ ਕਰਨ ਲੱਗੇ ਹਨ ।
ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦਿਆਂ ਕਿਸਾਨਾਂ ਤੇ ਕਬਜ਼ਾ ਕਰਨ ਦੇ ਝੂਠੇ ਮੁਕਦਮੇ ਬਣਾਏ ਗਏ ਹਨ । ਜਿਸ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਸਮੇਤ ਦਰਜਨਾਂ ਕਿਸਾਨ ਸ਼ਾਮਿਲ ਹਨ। ਇਸੇ ਤਰ੍ਹਾਂ ਕਿਸਾਨ ਵਰਕਰ ਗੁਰਪ੍ਰੀਤ ਸਿੰਘ ਨੂੰ ਵੀ ਬੇਵਜ੍ਹਾ ਇੱਕ ਮੁਕਦਮੇ ਵਿੱਚ ਸ਼ਾਮਿਲ ਕਰਕੇ ਜੇਲ ਭੇਜਿਆ ਹੋਇਆ ਹੈ । ਕਿਸਾਨਾਂ ਨੇ ਮੰਗ ਕੀਤੀ ਕਿ ਇਸ ਨੂੰ ਤੁਰੰਤ ਡਿਸਚਾਰਜ ਕਰਵਾਇਆ ਜਾਵੇ । ਧਰਨੇ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਸੂਬਾ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ ਅਤੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਪੁਲਿਸ ਦੀ ਕਾਰਗੁਜ਼ਾਰੀ ਬਿਲਕੁਲ ਉਲਟ ਚੱਲ ਰਹੀ ਹੈ ਅਤੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ । ਨਾਲ ਹੀ ਬੇਗੁਨਾਹ ਲੋਕਾਂ ਨੂੰ ਮੁਕੱਦਮਿਆਂ ਵਿੱਚ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ ।ਜਥੇਬੰਦੀ ਨਾਲ ਸੰਬੰਧਤ ਕਈ ਕਿਸਾਨ ਪਰਿਵਾਰਾਂ ਦੀਆਂ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਗਿਆ ।
ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਅਤੇ ਤਾਰਾ ਚੰਦ ਬਰੇਟਾ ਨੇ ਕਿਹਾ ਕਿ ਪਿੰਡ ਪਿੱਪਲੀਆਂ ਦੇ ਇੱਕ ਕਿਸਾਨ ਨਾਲ 42 ਲੱਖ ਰੁਪਏ ਦੀ ਠੱਗੀ ਮਾਰਨ ਦੇ ਸਿਟੀ ਥਾਣਾ ਬੁਢਲਾਡਾ ਵੱਲੋਂ ਕੀਤੇ ਦਰਜ ਕੇਸ ਵਿੱਚ ਕੋਈ ਵੀ ਦੋਸ਼ੀ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ । ਪਿੰਡ ਅਹਿਮਦਪੁਰ ਵਿੱਚ ਦੋ ਅੰਨ੍ਹੇ ਕਤਲ ਹੋਏ ਸਨ ਜਿੰਨ੍ਹਾਂ ਨੂੰ ਅੱਜ ਦੋ ਸਾਲ ਹੋ ਚੁੱਕੇ ਹਨ ਪਰੰਤੂ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ । ਆਗੂਆਂ ਨੇ ਡੀਐਸਪੀ ਬੂਟਾ ਸਿੰਘ ਰਾਹੀਂ ਐਸ ਐਸ ਪੀ ਮਾਨਸਾ ਦੇ ਨਾਮ ਇੱਕ ਮੰਗ ਪੱਤਰ ਸੌਂਪ ਕੇ ਮੰਗਾਂ ਨੂੰ ਜਲਦੀ ਲਾਗੂ ਕਰਨ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਮੰਗਾਂ ਲਾਗੂ ਨਾ ਹੋਣ ਦੀ ਸੂਰਤ ਵਿੱਚ ਜਥੇਬੰਦੀ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ । ਅੱਜ ਦੇ ਧਰਨੇ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਵਿੱਚ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤਪਾਲ ਸਿੰਘ ਬਰੇ, ਮੀਤ ਪ੍ਰਧਾਨ ਤਰਸੇਮ ਸਿੰਘ ਚੱਕ ਅਲੀਸ਼ੇਰ, ਮੀਤ ਪ੍ਰਧਾਨ ਦਰਸ਼ਨ ਸਿੰਘ ਗੁਰਨੇ ਕਲਾਂ, ਜ਼ਿਲਾ ਖ਼ਜ਼ਾਨਚੀ ਦੇਵੀ ਰਾਮ ਰੰਘੜਿਆਲ, ਬਲਵਿੰਦਰ ਸ਼ਰਮਾਂ, ਬਲਦੇਵ ਸਿੰਘ ਪਿੱਪਲੀਆਂ, ਬਲਜੀਤ ਸਿੰਘ ਭੈਣੀ ਬਾਘਾ, ਤੇਜਾ ਸਿੰਘ ਰਾਮਾਨੰਦੀ, ਜਸਪਾਲ ਸਿੰਘ ਉੱਭਾ,ਮੇਲਾ ਸਿੰਘ ਦਿਆਲਪੁਰਾ, ਗੁਰਪ੍ਰੀਤ ਸਿੰਘ ਅਨੂਪਗੜ੍ਹ, ਕਰਨੈਲ ਸਿੰਘ ਖੀਵਾ, ਸੁਦਾਗਰ ਸਿੰਘ ਰੱਲਾ, ਸਿਕੰਦਰ ਸਿੰਘ ਖਿਆਲਾ ਆਦਿ ਨੇ ਸੰਬੋਧਨ ਕੀਤਾ ।