ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ DC ਮਾਨਸਾ ਦੇ ਦਫਤਰ ਅੱਗੇ ਧਰਨਾ
ਅਸ਼ੋਕ ਵਰਮਾ
ਮਾਨਸਾ, 6 ਮਈ 2026 : ਸਹਿਕਾਰੀ ਸਭਾਵਾਂ ਵਿੱਚ ਕਿਸਾਨਾਂ ਦੀਆਂ ਬਣੀਆਂ ਲਿਮਟਾਂ ਭਰਨ ਤੋਂ ਬਾਅਦ ਦੁਆਰਾ ਉਸ ਦੀ ਬਣਦੀ ਪੇਮੈਂਟ ਕਿਸਾਨਾਂ ਨੂੰ ਨਾ ਦੇਣ ਦੀ ਸਹਿਕਾਰੀ ਬੈਂਕਾਂ ਵੱਲੋਂ ਅਪਣਾਈ ਨੀਤੀ ਦੇ ਖਿਲਾਫ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮਾਨਸਾ ਦੇ ਡੀ.ਸੀ. ਦਫ਼ਤਰ ਦੇ ਨੇੜੇ ਧਰਨਾ ਦੇ ਕੇ ਰੋਸ਼ ਪ੍ਰਗਟ ਕੀਤਾ ਅਤੇ ਸਹਿਕਾਰੀ ਬੈਂਕਾਂ ਦੇ ਅਧਿਕਾਰੀਆਂ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਜਿਹੜੇ ਕਿਸਾਨ ਸਹਿਕਾਰੀ ਸੁਸਾਇਟੀਆਂ ਤੋਂ ਆਪਣੀਆਂ ਲਿਮਟਾਂ ਬਣਵਾ ਕੇ ਨਗਦ ਰਾਸ਼ੀ ਖਾਦਾਂ ਵਗੈਰਾਂ ਲੈਂਦੇ ਸਨ ਉਨਾਂ ਦੇ ਹੱਦ ਕਰਜਿਆਂ ਵਿੱਚ ਪੰਜਾਬ ਸਰਕਾਰ ਨੇ ਵਾਧਾ ਕਰ ਦਿੱਤਾ ਸੀ ਜੋ ਕਿ ਕੁੱਲ 25 ਹਜ਼ਾਰ ਰੁਪਏ ਪ੍ਰਤੀ ਏਕੜ ਤੋਂ ਵਧਾ ਕੇ 39 ਹਜ਼ਾਰ ਰੁਪਏ ਪ੍ਰਤੀ ਏਕੜ ਕੀਤਾ ਗਿਆ ਸੀ, ਜਿਸ ਨੂੰ ਸਬੰਧਤ ਬੈਂਕਾਂ ਦੇ ਅਧਿਕਾਰੀ ਲਾਗੂ ਕਰਨ ਲਈ ਤਿਆਰ ਨਹੀਂ।
ਉਹਨਾਂ ਕਿਹਾ ਕਿ ਕਣਕ ਦੀ ਫਸਲ ਵੇਚਣ ਤੋਂ ਬਾਅਦ ਕਿਸਾਨ ਸੁਸਾਇਟੀਆਂ ਤੋਂ ਲਿਆ ਕਰਜਾ ਵਾਪਸ ਮੋੜ ਕੇ ਦੁਬਾਰਾ ਚੁੱਕਣ ਲਈ ਬੈਂਕਾਂ ਦੇ ਚੱਕਰ ਲਗਾ ਰਹੇ ਹਨ, ਪਰ ਸਹਿਕਾਰੀ ਬੈਂਕਾਂ ਦੇ ਮੈਨੇਜਰਾਂ ਵੱਲੋਂ ਇਹ ਕਹਿ ਕੇ ਕਿਸਾਨਾਂ ਨੂੰ ਵਾਪਸ ਮੋੜ ਦਿੱਤਾ ਜਾਂਦਾ ਹੈ ਕਿ ਸਾਡੇ ਕੋਲ ਤੁਹਾਨੂੰ ਦੇਣ ਲਈ ਬਣਦੀ ਰਕਮ ਨਹੀਂ ਹੈ। ਇਸ ਨਾਲ ਕਿਸਾਨ ਸੰਕਟ ਵਿੱਚ ਫਸ ਚੁੱਕੇ ਹਨ ਕਿਉਂਕਿ ਬਹੁਤ ਸਾਰੇ ਕਿਸਾਨ ਉਧਾਰ ਪੈਸੇ ਚੁੱਕ ਕੇ ਲਿਮਟਾਂ ਭਰ ਦਿੰਦੇ ਹਨ ਜੋ ਬਾਅਦ ਵਿੱਚ ਦੁਬਾਰਾ ਲਿਮਟ ਕਢਵਾ ਕੇ ਉਧਾਰ ਚੁੱਕੇ ਪੈਸੇ ਮੋੜ ਦਿੰਦੇ ਹਨ।
ਕਿਸਾਨ ਆਗੂ ਨੇ ਕਿਹਾ ਕਿ ਬੈਂਕਾਂ ਦੇ ਅਧਿਕਾਰੀ ਪੰਜਾਬ ਸਰਕਾਰ ਦੇ ਵਾਧੇ ਅਨੁਸਾਰ ਕਿਸਾਨਾਂ ਨੂੰ ਪੈਸੇ ਦੇਣ ਲਈ ਤਿਆਰ ਨਹੀਂ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਤੁਰੰਤ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਕਿਸਾਨਾਂ ਨੂੰ ਬਣਦੀ ਪੇਮੈਂਟ ਨਾ ਕੀਤੀ ਤਾਂ ਸਬੰਧਤ ਬੈਂਕਾਂ ਦਾ ਘਿਰਾਓ ਕੀਤਾ ਜਾਵੇਗਾ। ਕਿਸਾਨਾਂ ਦੀ ਹਮਾਇਤ ਵਿੱਚ ਸਹਿਕਾਰੀ ਕਰਮਚਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਅਲੀਸ਼ੇਰ ਨੇ ਆਪਣੇ ਸਾਥੀਆਂ ਸਮੇਤ ਧਰਨੇ ਵਿੱਚ ਪਹੁੰਚ ਕੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕੀਤੀ। ਹੋਰਨਾਂ ਤੋਂ ਇਲਾਵਾ ਜਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ, ਮਹਿੰਦਰ ਸਿੰਘ ਰੁਮਾਣਾ, ਜਗਸੀਰ ਸਿੰਘ ਜਵਾਹਰਕੇ, ਭੋਲਾ ਸਿੰਘ ਮਾਖਾ, ਕੁਲਦੀਪ ਸਿੰਘ ਚਚੋਹਰ, ਕਾਲਾ ਸਿੰਘ ਮੰਡੇਰ, ਬਿੰਦਰ ਸਿੰਘ ਝੰਡਾ ਕਲਾਂ ਨੇ ਸੰਬੋਧਨ ਕੀਤਾ।
- Download Babushahi App
-
-