ਭਾਜਪਾ ਪਹੁੰਚੀ ਚੋਣ ਕਮਿਸ਼ਨ ਦੇ ਦਰਵਾਜ਼ੇ; ਮਮਤਾ ਬੈਨਰਜੀ 'ਤੇ ਵੋਟਰਾਂ ਨੂੰ ਡਰਾਉਣ ਅਤੇ ਹਿੰਸਾ ਭੜਕਾਉਣ ਦੇ ਲਾਏ ਗੰਭੀਰ ਦੋਸ਼
ਨਵੀਂ ਦਿੱਲੀ, 30 ਮਾਰਚ 2026: ਭਾਰਤੀ ਜਨਤਾ ਪਾਰਟੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਿਰੁੱਧ ਭਾਰਤੀ ਚੋਣ ਕਮਿਸ਼ਨ (ECI) ਕੋਲ ਇੱਕ ਅਹਿਮ ਸ਼ਿਕਾਇਤ ਦਰਜ ਕਰਵਾਈ ਹੈ। ਭਾਜਪਾ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਆਪਣੀਆਂ ਚੋਣ ਰੈਲੀਆਂ ਰਾਹੀਂ ਆਦਰਸ਼ ਚੋਣ ਜ਼ਾਬਤੇ (MCC) ਅਤੇ ਭਾਰਤੀ ਨਿਆ ਸੰਹਿਤਾ (BNS) ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ।
ਭਾਜਪਾ ਵੱਲੋਂ ਦਿੱਤੇ ਗਏ ਪੱਤਰ ਵਿੱਚ ਮਮਤਾ ਬੈਨਰਜੀ ਦੇ ਕਈ ਭਾਸ਼ਣਾਂ ਦਾ ਹਵਾਲਾ ਦਿੱਤਾ ਗਿਆ ਹੈ। 25 ਮਾਰਚ ਨੂੰ ਮੈਨਾਗੁੜੀ ਵਿੱਚ ਇੱਕ ਰੈਲੀ ਦੌਰਾਨ ਮੁੱਖ ਮੰਤਰੀ ਨੇ ਕਥਿਤ ਤੌਰ 'ਤੇ ਕਿਹਾ ਕਿ ਚੋਣਾਂ ਤੋਂ ਬਾਅਦ ਨਾਗਰਿਕਾਂ ਨੂੰ ਆਪਣੇ ਘਰਾਂ ਦੇ ਬਾਹਰ "ਮੈਂ ਭਾਜਪਾ ਦਾ ਸਮਰਥਨ ਨਹੀਂ ਕਰਦਾ" ਦੇ ਪੋਸਟਰ ਲਗਾਉਣ ਲਈ ਮਜਬੂਰ ਕੀਤਾ ਜਾਵੇਗਾ। ਨਕਸਲਬਾੜੀ ਅਤੇ ਪਾਂਡਵੇਸ਼ਵਰ ਦੀਆਂ ਰੈਲੀਆਂ ਵਿੱਚ ਉਨ੍ਹਾਂ ਨੇ ਔਰਤਾਂ ਅਤੇ ਸਥਾਨਕ ਲੋਕਾਂ ਨੂੰ "ਘਰ ਵਿੱਚ ਜੋ ਵੀ ਹੈ" (ਘਰੇਲੂ ਵਸਤੂਆਂ) ਲੈ ਕੇ ਬਾਹਰ ਆਉਣ ਅਤੇ ਵਿਰੋਧ ਕਰਨ ਲਈ ਕਿਹਾ, ਜਿਸ ਨੂੰ ਭਾਜਪਾ ਨੇ ਹਿੰਸਾ ਲਈ ਸਿੱਧੀ ਉਕਸਾਹਟ ਕਰਾਰ ਦਿੱਤਾ ਹੈ। ਸ਼ਿਕਾਇਤ ਵਿੱਚ ਟੀਐਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਦੇ ਉਸ ਬਿਆਨ ਦਾ ਵੀ ਜ਼ਿਕਰ ਹੈ ਜਿਸ ਵਿੱਚ ਉਨ੍ਹਾਂ ਨੇ ਗੁਜਰਾਤੀ ਭਾਈਚਾਰੇ ਵਿਰੁੱਧ ਟਿੱਪਣੀ ਕਰਕੇ ਖੇਤਰੀ ਅਤੇ ਭਾਸ਼ਾਈ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ।
ਭਾਜਪਾ ਦੇ ਉੱਚ ਪੱਧਰੀ ਵਫ਼ਦ, ਜਿਸ ਵਿੱਚ ਪੀਯੂਸ਼ ਗੋਇਲ, ਕਿਰਨ ਰਿਜਿਜੂ ਅਤੇ ਸੁਕਾਂਤ ਮਜੂਮਦਾਰ ਸ਼ਾਮਲ ਸਨ, ਨੇ ਕਮਿਸ਼ਨ ਤੋਂ ਹੇਠ ਲਿਖੀਆਂ ਮੰਗਾਂ ਕੀਤੀਆਂ ਹਨ...
ਮਮਤਾ ਬੈਨਰਜੀ ਨੂੰ ਚੋਣ ਪ੍ਰਚਾਰ ਕਰਨ ਤੋਂ ਤੁਰੰਤ ਰੋਕਿਆ (Debar) ਜਾਵੇ, ਭਾਰਤੀ ਨਿਆ ਸੰਹਿਤਾ ਅਤੇ ਪ੍ਰਤੀਨਿਧਤਾ ਐਕਟ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਅਤੇ FIR ਦਰਜ ਕੀਤੀ ਜਾਵੇ, ਬੰਗਾਲ ਪੁਲਿਸ ਦੀ ਕਥਿਤ ਮਿਲੀਭੁਗਤ ਕਾਰਨ ਸੰਵੇਦਨਸ਼ੀਲ ਇਲਾਕਿਆਂ ਵਿੱਚ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਵਧਾਈ ਜਾਵੇ, ਚੋਣ ਪ੍ਰਕਿਰਿਆ ਦੀ ਨਿਗਰਾਨੀ ਲਈ ਵੱਧ ਤੋਂ ਵੱਧ IAS ਅਤੇ IPS ਅਧਿਕਾਰੀਆਂ ਨੂੰ ਨਿਗਰਾਨ (Observers) ਵਜੋਂ ਨਿਯੁਕਤ ਕੀਤਾ ਜਾਵੇ। ਭਾਜਪਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਚੋਣ ਕਮਿਸ਼ਨ ਨੇ ਤੁਰੰਤ ਸਖ਼ਤ ਕਦਮ ਨਾ ਚੁੱਕੇ, ਤਾਂ ਪੱਛਮੀ ਬੰਗਾਲ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣਾ ਅਸੰਭਵ ਹੋ ਜਾਵੇਗਾ।
Click to Follow Babushahi Facebook page →