ਬੱਸ ਅੱਡਾ ਮਾਮਲਾ :ਜਨਤਕ ਧਿਰਾਂ ਦੇ ਵਫਦ ਨੇ DC ਵੱਲੋਂ ਬਣਾਈ ਕਮੇਟੀ ਅੱਗੇ ਰੱਖਿਆ ਪੱਖ
ਅਸ਼ੋਕ ਵਰਮਾ
ਬਠਿੰਡਾ, 7 ਜੂਨ 2025 : ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਮਲੋਟ ਰੋਡ ਤੇ ਨਵਾਂ ਬੱਸ ਅੱਡਾ ਬਣਾਉਣ ਦੀ ਸਰਕਾਰੀ ਯੋਜਨਾ ਵਿਰੁੱਧ ਕਈ ਜਥੇਬੰਦੀਆਂ ਨੇ ਏਡੀਸੀ ਦੀ ਅਗਵਾਈ ਵਾਲੀ ਸਰਕਾਰੀ ਕਮੇਟੀ ਸਾਹਮਣੇ ਖੁੱਲ੍ਹ ਕੇ ਆਪਣੇ ਇਤਰਾਜ਼ ਰੱਖੇ।ਕਮੇਟੀ ਸਾਹਮਣੇ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਨੇ ਆਪਣਾ ਪੱਖ ਪੂਰੇ ਵਿਸਥਾਰ ਨਾਲ ਰੱਖਦਿਆਂ ਕਿਹਾ ਕਿ ਮੌਜੂਦਾ ਬੱਸ ਅੱਡਾ ਕੇਂਦਰ ਵਿੱਚ ਸਥਿਤ ਹੋਣ ਕਾਰਨ ਲੋਕਾਂ ਲਈ ਸਭ ਤੋਂ ਸਹੂਲਤਯੋਗ ਹੈ। ਕਮੇਟੀ ਦੇ ਆਗੂ ਬਲਤੇਜ ਸਿੰਘ ਵਾਂਦਰ ਨੇ ਜੋਰ ਦਿੰਦਿਆਂ ਕਿਹਾ ਕਿ ਇਹ ਸ਼ਿਫਟਿੰਗ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਕਹੀ ਜਾ ਸਕਦੀ।ਗੁਰਪ੍ਰੀਤ ਆਰਟਿਸਟ ਬਠਿੰਡਾ ਨੇ ਵਿਸਥਾਰ ਸਹਿਤ ਮੁੱਦੇ ਰੱਖਦੇ ਹੋਏ ਕਿਹਾ ਕੇ ਜਿੱਥੇ ਮੌਜੂਦਾ ਬੱਸ ਅੱਡਾ ਚਾਰ ਲੇਨ ਰੋਡਾਂ ਨਾਲ ਪਹਿਲਾਂ ਹੀ ਜੁੜਿਆ ਹੋਇਆ ਹੈ, ਉੱਥੇ ਥੋੜੇ ਬਹੁਤ ਪ੍ਰਬੰਧਕੀ ਸੁਧਾਰਾਂ ਰਾਹੀਂ ਟਰੈਫਿਕ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ।
ਉਹਨਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸ਼ਹਿਰ ਦੇ ਵਪਾਰੀ ਪਹਿਲਾਂ ਹੀ ਆਰਥਿਕ ਦਬਾਅ 'ਚ ਹਨ, ਅਤੇ ਅਜੇਹੀ ਕੋਈ ਵੀ ਕਾਰਵਾਈ ਲੋਕਾਂ ਲਈ ਜਾਨ ਲੇਵਾ ਸਾਬਤ ਹੋਵੇਗੀ। ਉਹਨਾਂ ਨੇ ਵਿਦਿਆਰਥੀਆਂ, ਮਰੀਜ਼ਾਂ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆਉਣ ਵਾਲੀਆਂ ਦਿੱਕਤਾਂ ਬਾਰੇ ਵੀ ਸਾਰੇ ਪੁਖਤਾ ਦਸਤਾਵੇਜਾਂ ਦੇ ਨਾਲ ਏਡੀਸੀ ਮੈਡਮ ਨੂੰ ਜਾਨੂੰ ਕਰਵਾਇਆ।ਹਰਪ੍ਰੀਤ ਸਿੰਘ ਹੈਪੀ ਪ੍ਰਧਾਨ ਟਰਾਂਸਪੋਰਟ ਯੂਨੀਅਨ ਨੇ ਇਹ ਵੀ ਦਲੀਲ ਦਿੱਤੀ ਕਿ ਪਟਿਆਲਾ ਵਰਗੇ ਸ਼ਹਿਰਾਂ ਵਿਚ ਦੋ ਅੱਡਿਆਂ ਵਾਲਾ ਤਜ਼ਰਬਾ ਨਾਕਾਮ ਰਿਹਾ ਹੈ, ਇਸ ਕਰਕੇ ਬਠਿੰਡਾ ਵਿੱਚ ਵੀ ਇਹ ਰਸਤੇ ਤੋਂ ਹਟ ਕੇ ਚੱਲਣ ਵਾਲੀ ਨੀਤੀ ਹੋਵੇਗੀ। ਆਗੂਆਂ ਨੇ ਮੰਗ ਕੀਤੀ ਕਿ ਮੌਜੂਦਾ ਅੱਡੇ ਨੂੰ ਬਹੁ ਮੰਜਿਲਾ ਬਣਾ ਕੇ ਵਿਕਸਤ ਕੀਤਾ ਜਾਵੇ, ਨਾ ਕਿ ਬਾਹਰ ਲਿਜਾਇਆ ਜਾਵੇ।
ਕਮੇਟੀ ਵੱਲੋਂ ਪੇਸ਼ ਹੋਏ ਦਸਤਾਵੇਜਾਂ 'ਚ ਇਹ ਵੀ ਦਰਸਾਇਆ ਗਿਆ ਕਿ ਬੱਸ ਅੱਡਾ ਬਦਲਣ ਨਾਲ PRTC ਨੂੰ ਭਾਰੀ ਘਾਟਾ ਹੋਵੇਗਾ, ਅਤੇ ਨੇੜਲੇ ਬਾਜ਼ਾਰ ਉਜੜ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਹ "ਵਿਕਾਸ ਨਹੀਂ, ਵਿਨਾਸ਼ ਦੀ ਯੋਜਨਾ ਹੈ"।
ਸੁਣਵਾਈ ਦੌਰਾਨ ਏਡੀਸੀ ਮੈਡਮ ਨੇ ਵਿਸ਼ਵਾਸ ਦਿਵਾਇਆ ਕਿ ਲੋਕਾਂ ਦੀ ਰਾਏ ਨੂੰ ਪੂਰੇ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਕਿਸੇ 'ਤੇ ਵੀ ਜ਼ਬਰਦਸਤੀ ਨਹੀਂ ਹੋਵੇਗੀ।
ਇਸ ਮੌਕੇ ਜਮਹੂਰੀ ਅਧਿਕਾਰ ਸਭਾ ਬਠਿੰਡਾ ਵੱਲੋਂ ਪ੍ਰਧਾਨ ਬੱਗਾ ਸਿੰਘ, ਡਾ. ਅਜੀਤਪਾਲ, ਸੰਦੀਪ ਬੌਬੀ, ਕੰਵਲਜੀਤ ਸਿੰਘ ਨੰਬਰਦਾਰ, ਸਮਾਜ ਸੇਵੀ ਗੁਰਵਿੰਦਰ ਸ਼ਰਮਾ, ਸੋਨੂੰ
ਮਹੇਸ਼ਵਰੀ ਆਦਿ ਨੇ ਆਪੋ ਆਪਣੇ ਵਿਚਾਰ ਰੱਖੇ। ਇਸਤੋਂ ਇਲਾਵਾ ਮਿੰਨੀ ਟਰਾਂਸਪੋਰਟ ਯੂਨੀਅਨ, ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਵੀ ਆਪਣਾ ਪੱਖ ਰੱਖਿਆ।