ਬਾਲ ਸੁਰੱਖਿਆ ਯੁਨਿਟ ਨੇ ਸੂਚਨਾ ਮਿਲਣ ਦੇ ਇੱਕ ਘੰਟੇ ਅੰਦਰ ਰੁਕਵਾਇਆ ਬਾਲ ਵਿਆਹ
- ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਬੱਚਿਆਂ ਦੀ ਭਲਾਈ ਲਈ ਯਤਨਸ਼ੀਲ
- ਬਾਲ ਵਿਆਹ ਦੀ ਸੂਚਨਾ ਲਈ 1098 ਤੇ ਕੀਤਾ ਜਾ ਸਕਦੈ ਸੰਪਰਕ-ਪਰਮਜੀਤ ਕੌਰ
ਮੋਗਾ, 01 ਜੁਲਾਈ 2025 - ਜ਼ਿਲ੍ਹਾ ਮੋਗਾ ਦਾ ਬਾਲ ਸੁਰੱਖਿਆ ਯੁਨਿਟ ਆਪਣੀਆਂ ਸੇਵਾਵਾਂ ਮੋਗਾ ਵਾਸੀਆਂ ਨੂੰ ਦੇਣ ਲਈ ਪੂਰੀ ਤਰ੍ਹਾਂ ਤਤਪਰ ਰਹਿੰਦਾ ਹੈ ਅਤੇ ਬਾਲ ਅਧਿਕਾਰਾਂ ਰੱਖਿਆ ਲਈ ਵਚਨਬੱਧ ਹੈ। ਬਾਲ ਵਿਆਹ ਰੋਕਣਾ ਜਾਂ ਇਸ ਐਕਟ ਤਹਿਤ ਜਾਗਰੂਤਾ ਆਦਿ ਲਈ ਯੁਨਿਟ ਪੂਰੀ ਤਰ੍ਹਾਂ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ। ਬਾਲ ਸੁਰੱਖਿਆ ਯੁਨਿਟ ਮੋਗਾ ਨੂੰ ਅੱਜ ਜਦੋਂ ਇੱਕ ਬਾਲ ਵਿਆਹ ਬਾਰੇ ਪਤਾ ਚੱਲਿਆ ਤਾਂ ਉਹਨਾਂ ਦੀ ਟੀਮ ਨੇ ਸਿਰਫ ਇੱਕ ਘੰਟੇ ਵਿੱਚ ਹੀ ਬਾਲ ਵਿਆਹ ਹੋਣ ਤੋਂ ਰੋਕ ਲਿਆ ਇਸ ਪ੍ਰਤੀ ਬੱਚਿਆਂ ਅਤੇ ਮਾਪਿਆਂ ਵਿੱਚ ਜਾਗਰੂਕਤਾ ਵੀ ਫੈਲਾਈ।
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੋਗਾ ਸ਼੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਅੱਜ ਜਦੋਂ ਉਹਨਾਂ ਨੂੰ ਪਿੰਡ ਡਰੋਲੀ ਵਿਖੇ ਬਾਲ ਵਿਆਹ ਕਰਵਾਏ ਜਾਣ ਦੀ ਸੂਚਨਾ ਪ੍ਰਾਪਤ ਹੋਈ ਤਾਂ ਉਹਨਾਂ ਨੇ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਦਿਆਂ ਬਾਲ ਵਿਆਹ ਨੂੰ ਰੁਕਵਾਇਆ। ਇਸ ਯੁਨਿਟ ਵਿੱਚ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਸੁਖਵੀਰ ਕੌਰ ਅਤੇ ਲੀਗਲ ਕਮ ਪਰਬੇਸ਼ਨ ਅਫ਼ਸਰ ਹਰਵਿੰਦਰ ਕੌਰ ਵੱਲੋਂ ਸੀ.ਡੀ.ਪੀ ਮੈਡਮ ਅੰਜੂ ਸਿੰਗਲਾ, ਸੀਨੀਅਰ ਸੈਕੰਡਰੀ ਸਕੂਲ ਡਰੋਲੀ ਭਾਈ ਦੇ ਪ੍ਰਿੰਸੀਪਲ ਮੈਡਮ ਜਸਪ੍ਰੀਤ ਕੌਰ, ਪੁਲਿਸ ਵਿਭਾਗ ਹਾਜਰ ਸਨ।
ਪਰਮਜੀਤ ਕੌਰ ਨੇ ਦੱਸਿਆ ਕਿ ਇਹ ਲੜਕੀ ਲੜਕੇ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਬਾਲ ਕਮੇਟੀ ਦੇ ਚੇਅਰਮੈਨ ਡਾ. ਰਾਜੇਸ਼ ਪੁਰੀ ਅਤੇ ਕਮੇਟੀ ਮੈਂਬਰਾਂ ਵੱਲੋਂ ਬੱਚੀ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਦੀ ਕਾਉਂਸਲਿੰਗ ਕੀਤੀ ਕਿ ਬਾਲ ਵਿਆਹ ਕਰਨਾ ਕਾਨੂੰਨਨ ਜੁਰਮ ਹੈ ਅਤੇ ਬਾਲ ਵਿਆਹ ਕਰਨ ਅਤੇ ਕਰਵਾਉਣ ਵਾਲਿਆਂ ਤੇ ਐਫ.ਆਈ.ਆਰ. ਵੀ ਹੋ ਸਕਦੀ ਹੈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਰਮਜੀਤ ਕੌਰ ਵੱਲੋਂ ਕਿਹਾ ਗਿਆ ਕਿ ਬਾਲ ਵਿਆਹ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਲਈ 18 ਸਾਲ ਤੋਂ ਘੱਟ ਉਮਰ ਦੀ ਲੜਕੀ ਅਤੇ 21 ਸਾਲ ਤੋਂ ਘੱਟ ਉਮਰ ਦੇ ਲੜਕੇ ਦਾ ਵਿਆਹ ਜੇਕਰ ਕਿਤੇ ਵੀ ਸੁਣਨ ਜਾਂ ਦੇਖਣ ਵਿੱਚ ਮਿਲੇਗਾ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਪੰਜਾਂ ਬਲਾਕਾਂ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਉਹਨਾਂ ਦੀਆਂ ਟੀਮਾਂ ਮੁਸਤੈਦ ਹਨ। ਬਾਲ ਵਿਆਹ ਬਾਰੇ ਸੂਚਨਾ ਚਾਈਲਡ ਹੈਲਪਲਾਈਨ ਨੰਬਰ 1098 ਉਪਰ ਵੀ ਦਿੱਤੀ ਜਾ ਸਕਦਾ ਹੈ। ਪਰਮਜੀਤ ਕੌਰ ਨੇ ਦੱਸਿਆ ਕਿ ਲੜਕੀ ਨੂੰ ਉਸਦੇ ਚੰਗੇਰੇ ਭਵਿੱਖ ਲਈ ਜੋ ਵੀ ਬਣਦੀ ਮੱਦਦ ਹੋਵੇਗੀ ਉਹ ਯੁਨਿਟ ਵੱਲੋਂ ਕੀਤੀ ਜਾਵੇਗੀ।