← ਪਿਛੇ ਪਰਤੋ
ਬਠਿੰਡਾ ਪੁਲਿਸ: ਬਿਨਾਂ ਕਿਸੇ ਕਿਸਮ ਦੀ ਕੁੱਟ- ਅਵਤਾਰ ਸਿਓਂ ਮੰਨ ਗਿਆ 15 ਲੱਖ ਦੀ ਲੁੱਟ
ਅਸ਼ੋਕ ਵਰਮਾ
ਬਠਿੰਡਾ, 21 ਜੂਨ 2025 :ਬਠਿੰਡਾ ਪੁਲਿਸ ਨੇ ਬੀਤੀ ਦੇਰ ਸ਼ਾਮ ਅਵਤਾਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕੋਟਲੀ ਖੁਰਦ ਵੱਲੋਂ 15 ਲੱਖ ਰੁਪਿਆ ਲੁੱਟਣ ਦੇ ਰਚੇ ਡਰਾਮੇ ਦਾ ਭਾਂਡਾ ਭੰਨ ਦਿੱਤਾ ਹੈ। ਸ਼ਕਾਇਤਕਰਤਾ ਅਵਤਾਰ ਸਿੰਘ ਨੇ ਇਸ ਲੁੱਟ ਦੀ ਕਹਾਣੀ ਘੜੀ ਸੀ ਜੋ ਪੁਲਿਸ ਦੀਆਂ ਪੈਨੀਆਂ ਨਜ਼ਰਾਂ ਅੱਗੇ ਘੰਟਾ ਵੀ ਨਹੀਂ ਟਿਕ ਸਕੀ। ਹੁਣ ਥਾਣਾ ਕੋਟਫੱਤਾ ਪੁਲਿਸ ਨੇ ਝੂਠੀ ਇਤਲਾਹ ਰਾਹੀਂ ਪੁਲਿਸ ਨੂੰ ਗੁੰਮਰਾਹ ਕਰਨ ਅਤੇ ਝੂਠੀ ਇਤਲਾਹ ਦੇਣ ਦੇ ਦੋਸ਼ਾਂ ਤਹਿਤ ਅਵਤਾਰ ਸਿੰਘ ਵਾਸੀ ਕੋਟਲੀ ਖੁਰਦ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਢਲੀ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜਮ ਅਵਤਾਰ ਸਿੰਘ ਨੂੰ ਆਨਲਾਈਨ ਗੇਮਾਂ ਰਾਹੀਂ ਇੱਕ ਤਰਾਂ ਨਾਲ ਜੂਆ ਖੇਡ੍ਹਣ ਦੀ ਆਦਤ ਸੀ ਜਿਸ ਵਿੱਚ ਉਹ ਲੰਘੇ ਕਰੀਬ 4 ਸਾਲਾਂ ਦੌਰਾਨ ਲੱਖਾਂ ਰੁਪਏ ਹਾਰ ਚੁੱਕਿਆ ਹੈ। ਇੱਥੋਂ ਤੱਕ ਕਿ ਉਸ ਨੇ ਆਪਣੀ ਪੈਨਸ਼ਨ ਅਤੇ ਗ੍ਰੈਚੁਟੀ ਵੀ ਇਸੇ ਰਾਹ ਰੋੜ੍ਹ ਦਿੱਤੀ ਹੈ। ਉਸ ਨੇ ਇਹ ਵੀ ਮੰਨਿਆ ਕਿ ਉਸ ਨੇ ਆਪਣੇ ਬੱਚਿਆਂ ਦੀ ਫੀਸ ਲਈ ਮਾਂ ਬਾਪ ਤੋਂ ਪੈਸੇ ਲੈਣੇ ਸਨ ਜਿਸ ਕਰਕੇ ਇਹ ਲੁੱਟ ਦੀ ਮਨਘੜਤ ਕਹਾਣੀ ਘੜੀ ਸੀ। ਤਰੱਕੀ ਮਿਲਣ ਉਪਰੰਤ ਅੱਜ ਡੀਐਸਪੀ ਹਰਜੀਤ ਸਿੰਘ ਮਾਨ ਨੇ ਪਲੇਠੀ ਪ੍ਰੈਸ ਕਾਨਫਰੰਸ ਦੌਰਾਨ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਵਤਾਰ ਸਿੰਘ ਵਾਸੀ ਕੋਟਲੀ ਖੁਰਦ ਨੇ 20 ਜੂਨ ਨੂੰ ਸ਼ਾਮ ਵਕਤ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਹ ਆਪਣੇ ਮੋਟਰਸਾਈਕਲ ਤੇ ਆਈਡੀਐਫਸੀ ਬੈਂਕ ਬਠਿੰਡਾ ਤੋਂ 15 ਲੱਖ ਰੁਪਏ ਕਢਵਾ ਕੇ ਪਿੰਡ ਵਾਪਿਸ ਜਾ ਰਿਹਾ ਸੀ ਤਾਂ ਪਿੰਡ ਕੋਟਸ਼ਮੀਰ ਕੋਲ ਇੱਕ ਲੜਕੇ ਅਤੇ ਲੜਕੀ ਨੇ ਉਸ ਤੋਂ ਲਿਫਟ ਲਈ ਸੀ। ਉਨ੍ਹਾਂ ਦੋਵਾਂ ਨੇ ਉਸ ਨੂੰ ਗਹਿਰੀ ਭਾਗੀ ਟੀ ਪੁਆਇੰਟ ਤੇ ਪਿਸਤੌਲ ਦੀ ਨੋਕ ਤੇ ਰੋਕ ਲਿਆ ਜਿੱਥੇ ਉਨ੍ਹਾਂ ਦੀ ਆਲਟੋ ਕਾਰ ਖਲੋਤੀ ਸੀ ਅਤੇ ਜੂਸ ਪਿਆਇਆ ਜਿਸ ਵਿੱਚ ਕੋਈ ਜਹਿਰੀਲਾ ਪਦਾਰਥ ਹੋਣ ਕਾਰਨ ਉਸ ਨੂੰ ਉਲਟੀ ਆ ਗਈ। ਡੀਐਸਪੀ ਨੇ ਦੱਸਿਆ ਕਿ ਅਵਤਾਰ ਸਿੰਘ ਮੁਤਾਬਕ ਇਸ ਅਣਪਛਾਤੇ ਲੜਕੇ ਅਤੇ ਲੜਕੀ ਨੇ ਉਸਦਾ 15 ਲੱਖ ਰੁਪਏ ਵਾਲਾ ਬੈਗ ਅਤੇ ਉਸ ਦਾ ਮੋਬਇਲ ਫੋਨ ਖੋਹ ਲਿਆ ਅਤੇ ਫਰਾਰ ਹੋ ਗਏ ਜਦੋਂਕਿ ਬਿਮਾਰ ਹੋਣ ਕਾਰਨ ਉਹ ਹਸਪਤਾਲ ਦਾਖਲ ਹੋ ਗਿਆ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਪਤਾ ਲੱਗਿਆ ਕਿ ਉਸ ਦੇ ਆਈਡੀਐਫਸੀ ਵਾਲੇ ਬੈਂਕ ਖਾਤੇ ਵਿੱਚ ਸਿਰਫ 3 ਰੁਪਏ 10 ਪੈਸੇ ਸਨ ਅਤੇ ਨਾਂ ਹੀ 15 ਲੱਖ ਰੁਪਿਆ ਕਢਵਾਉਣ ਦੀ ਗੱਲ ਸਾਹਮਣੇ ਆਈ ਬਲਕਿ ਅਵਤਾਰ ਸਿੰਘ ਤਾਂ ਉਸ ਦਿਨ ਬੈਂਕ ਆਇਆ ਹੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਪਤਾ ਲੱਗਾ ਕਿ ਅਵਤਾਰ ਸਿੰਘ 20 ਜੂਨ ਨੂੰ ਸਟੇਟ ਬੈਂਕ ਆਫ ਇੰਡੀਆ ਮੌੜ ਗਿਆ ਜਿੱਥੇ ਉਸ ਨੇ ਆਪਣੇ ਖਾਤੇ ਸਬੰਧੀ ਕੋਈ ਲਿਖਤੀ ਦਰਖਾਸਤ ਵੀ ਦਿੱਤੀ ਸੀ ਜਿਸ ਦੀ ਰਸੀਦ ਵੀ ਹੈ। ਉਨ੍ਹਾਂ ਦੱਸਿਆ ਕਿ ਸ਼ੱਕ ਪੈਣ ਤੇ ਅੱਜ ਜਦੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਤਾਂ ਸਚਾਈ ਸਾਹਮਣੇ ਆ ਗਈ। ਲੋਕਾਂ ਨੂੰ ਸਚਾਈ ਦੱਸਣ ਦੀ ਅਪੀਲ ਡੀਐਸਪੀ ਹਰਜੀਤ ਸਿੰਘ ਨੇ ਆਮ ਲੋੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨੂੰ ਹਮੇਸ਼ਾ ਸੱਚੀ ਇਤਲਾਹ ਦੇਣ ਤਾਂ ਜੋ ਪੁਲਿਸ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾਂ ਕਰਨਾ ਪਵੇ ਅਤੇ ਸ਼ਕਾਇਤਕਰਤਾ ਵੀ ਪ੍ਰੇਸ਼ਾਨ ਨਾਂ ਹੋਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਝੂਠੀ ਸੂਚਨਾ ਦੇਣ ਵਾਲਿਆਂ ਖਿਲਾਫ ਬਠਿੰਡਾ ਪੁਲਿਸ ਸਖਤ ਕਾਰਵਾਈ ਕਰੇਗੀ ਜਿਸ ਤਰਾਂ ਅੱਜ ਅਵਤਾਰ ਸਿੰਘ ਵਾਸੀ ਕੋਟਲੀ ਖੁਰਦ ਵਿਰੁੱਧ ਕੀਤੀ ਗਈ ਹੈ। ਉਨ੍ਹਾਂ ਚੋਰੀ ਜਾਂ ਲੁੱਟ ਦੇ ਸਮਾਨ ਦੀ ਸਹੀ ਜਾਣਕਾਰੀ ਦੇਣ ਲਈ ਕਿਹਾ ਕਿਉਂਕਿ ਅਸਲੀਅਤ ਸਾਹਮਣੇ ਆਉਣ ਤੇ ਨਾਂ ਕੇਵਲ ਮੁਕੱਦਮੇ ਦੀ ਕਾਰਵਾਈ ਤੇ ਮਾੜਾ ਪ੍ਰਭਾਵ ਪੈਂਦਾ ਹੈ ਬਲਕਿ ਮੁਦਈ ਨੂੰ ਵੀ ਨਮੋਸ਼ੀ ਝੱਲਣੀ ਪੈਂਦੀ ਹੈ। ਪੁਲਿਸ ਨੂੰ ਬੁੱਧੂ ਨਾ ਸਮਝਣ ਲੋਕ ਸੇਵਾਮੁਕਤ ਡੀਐਸਪੀ ਰਣਜੀਤ ਸਿੰਘ ਤੂਰ ਦਾ ਕਹਿਣਾ ਸੀ ਕਿ ਅਸਲ ਵਿੱਚ ਅਵਤਾਰ ਸਿੰਘ ਵਰਗੇ ਪੁਲਿਸ ਨੂੰ ਆਪਣੀ ਤਰਫੋਂ ਬੁੱਧੂ ਸਮਝਣ ਦੀ ਮੂਰਖਤਾ ਕਰ ਲੈਂਦੇ ਹਨ ਜਿਸ ਦਾ ਉਨ੍ਹਾਂ ਨੂੰ ਨਤੀਜਾ ਭੁਗਤਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਹੁਣ ਅਤੀਆਧੁਨਿਕ ਤਕਨੀਕਾਂ ਨਾਲ ਲੈਸ ਹੈ ਜਿਸ ਅੱਗੇ ਹੁਣ ਅਜਿਹੀਆਂ ਕਹਾਣੀਆਂ ਤਾਂ ਕੀ ਸ਼ਾਤਰ ਅਪਰਾਧੀ ਵੀ ਨਹੀਂ ਟਿਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਖਿਆਲ ਮੁਤਾਬਕ ਅਵਤਾਰ ਸਿੰਘ ਦੇ ਮਾਮਲੇ ਵਿੱਚ ਤਾਂ ਜਾਂਚ ਟੀਮਾਂ ਨੂੰ ਬਹੁਤੀ ਮੁਸ਼ੱਕਤ ਵੀ ਨਹੀਂ ਕਰਨੀ ਪਈ ਹੋਵੇਗੀ ਕਿਉਂਕਿ ਬੈਂਕ ਖਾਤੇ ਸਮੇਤ ਹੋਰ ਵੀ ਕਈ ਤੱਥ ਹਨ ਜੋ ਇਸ ਕਹਾਣੀ ਨੂੰ ਪਹਿਲੀ ਨਜ਼ਰੇ ਹੀ ਝੂਠੀ ਹੋਣ ਵੱਲ ਇਸ਼ਾਰਾ ਕਰਦੇ ਹਨ।
Total Responses : 2050