ਔਕਲੈਂਡ: ‘ਵੀ ਕੇਅਰ ਕਮਿਊਨਿਟੀ ਟਰਸਟ’ ਵੱਲੋਂ ਮਾਨਵਤਾ ਦੀ ਸੇਵਾ ਲਈ ਇਕ ਹੋਰ 7ਵੀਂ ਨਵੀਂ ਐਂਬੂਲੈਂਸ ਦਾਨ
-‘ਸੇਂਟ ਜੌਨ ਆਰਕਾਈਵਜ਼’ ਮਾਊਂਟ ਵੈਲਿੰਗਟਨ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਕੀਤੀ ਭੇਟ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 22 ਅਪ੍ਰੈਲ, 2026: -ਸਮਾਜ ਸੇਵੀ ਕਾਰਜਾਂ ਵਿੱਚ ਮੋਹਰੀ ਰਹਿਣ ਵਾਲੇ ‘ਵੀ ਕੇਅਰ ਕਮਿਊਨਿਟੀ ਟਰਸਟ’ (We Care Community Trust) ਵੱਲੋਂ ਅੱਜ ਮਾਨਵਤਾ ਦੀ ਸੇਵਾ ਅਤੇ ਐਮਰਜੈਂਸੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਇੱਕ ਹੋਰ ਨਵੀਂ 7ਵੀਂ ਐਂਬੂਲੈਂਸ ‘ਹਾਤੋ ਹਾਨੇ ਸੇਂਟ ਜੌਨ’ ਨੂੰ ਸਮਰਪਿਤ ਕੀਤੀ ਗਈ।
ਇਸ ਨਵੀਂ ਐਂਬੂਲੈਂਸ ਨੂੰ ਲੋਕ ਅਰਪਣ ਕਰਨ ਲਈ ਅੱਜ ਬੁੱਧਵਾਰ, 22 ਅਪ੍ਰੈਲ ਨੂੰ ਸਵੇਰੇ 11:00 ਵਜੇ ‘ਸੇਂਟ ਜੌਨ ਆਰਕਾਈਵਜ਼’ ਮਾਊਂਟ ਵੈਲਿੰਗਟਨ ਵਿਖੇ ਇੱਕ ਵਿਸ਼ੇਸ਼ ਸਮਾਗਮ ਉਲੀਕਿਆ ਗਿਆ। ਸ. ਰਘਬੀਰ ਸਿੰਘ ਜੇ.ਪੀ. ਦੇ ਟਰਸਟ ਵੱਲੋਂ ਦਿੱਤੇ ਗਏ ਇਸ ਵਡਮੁੱਲੇ ਸਹਿਯੋਗ ਸਦਕਾ ਖੇਤਰ ਵਿੱਚ ਐਮਰਜੈਂਸੀ ਸੇਵਾਵਾਂ ਵਿੱਚ ਹੋਰ ਤੇਜ਼ੀ ਆਵੇਗੀ। ਟਰਸਟ ਦੇ ਪ੍ਰਬੰਧਕਾਂ ਅਨੁਸਾਰ, ਉਹਨਾਂ ਦਾ ਮੁੱਖ ਉਦੇਸ਼ ਭਾਈਚਾਰੇ ਦੀ ਭਲਾਈ ਅਤੇ ਲੋੜਵੰਦਾਂ ਤੱਕ ਸਮੇਂ ਸਿਰ ਮਦਦ ਪਹੁੰਚਾਉਣਾ ਹੈ। ਇਸ ਮੌਕੇ ਸੇਂਟ ਜੌਨ ਦੇ ਉੱਚ ਅਧਿਕਾਰੀ ਅਤੇ ਕਮਿਊਨਿਟੀ ਦੇ ਪਤਵੰਤੇ ਸੱਜਣ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਸੇਂਟ ਜੌਹਨ ਦੇ ਅਧਿਕਾਰੀਆਂ ਨੇ ਬਹੁਤ ਹੀ ਨਿੱਘਾ ਸਵਾਗਤ ਕੀਤਾ। ਇਤਿਹਾਸ ਨਾਲ ਸਬੰਧਿਤ ਐਂਬੂਲੈਂਸ ਦਾ ਸਾਂਭਿਆ ਪਿਆ ਇਤਿਹਾਸ ਵੀ ਵਿਖਾਇਆ ਗਿਆ। ਸਟੀਫਨ ਰੌਬਿਨਸਨ MStJ, ਕਮਿਊਨਿਟੀ ਪਾਰਟਨਰਸ਼ਿਪ ਫੰਡਰੇਜ਼ਰ, ਹਾਟੋ ਹੋਨ ਸੇਂਟ ਜੌਨ। ਨੇ ਰਸਮੀ ਸਵਾਗਤ ਕੀਤਾ। ਮਿਸ਼ੇਲ ਮਾਈਲਜ਼ MStJ, ਡੋਨਰ ਕੇਅਰ ਕੋਆਰਡੀਨੇਟਰ, ਹਾਟੋ ਹੋਨ ਸੇਂਟ ਜੌਨ ਨੇ ਜਾਣ-ਪਛਾਣ ਕਰਵਾਈ। ਗਾਈ ਮਾਰਕਸ MStJ, ਸੀਨੀਅਰ ਆਰਡਰ ਮੈਂਬਰ, ਕੁਆਨ ਵੈਨ ਜ਼ਾਇਲ, ਪੈਰਾਮੈਡਿਕ ਨੇ ਵੀ ਸੰਬੋਧਨ ਕੀਤਾ।
ਇਸ ਮੌਕ ਸ. ਰਘਬੀਰ ਸਿੰਘ ਜੇ.ਪੀ. ਨੇ ਕਿਹਾ ਕਿ ਅੱਜ ਦਾ ਦਿਨ ‘ਵੀ ਕੇਅਰ ਕਮਿਊਨਿਟੀ ਟਰਸਟ’ ਲਈ ਬਹੁਤ ਹੀ ਮਾਣ ਅਤੇ ਨਿਮਰਤਾ ਵਾਲਾ ਦਿਨ ਹੈ। ਇਸ ਨਵੀਂ ਐਂਬੂਲੈਂਸ ਦੇ ਸਾਹਮਣੇ ਖੜ੍ਹੇ ਹੋ ਕੇ, ਅਸੀਂ ਸਿਰਫ਼ ਇੱਕ ਗੱਡੀ ਨਹੀਂ ਦੇਖ ਰਹੇ; ਸਗੋਂ ਸਾਨੂੰ ਇਸ ਵਿੱਚ ਇੱਕ ਜੀਵਨ-ਰੇਖਾ ਨਜ਼ਰ ਆ ਰਹੀ ਹੈ। ਅਸੀਂ ਇੱਕ ਅਜਿਹਾ ਸਾਧਨ ਦੇਖ ਰਹੇ ਹਾਂ ਜੋ ਸਾਡੇ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਨੂੰ ਸੁਖ-ਸਹੂਲਤ, ਦੇਖਭਾਲ ਅਤੇ ਜ਼ਿੰਦਗੀ ਦਾ ਇੱਕ ਹੋਰ ਮੌਕਾ ਪ੍ਰਦਾਨ ਕਰੇਗਾ। ਸਾਡੇ ਟਰਸਟ ਦੀ ਸਥਾਪਨਾ ਇਸ ਸਿਧਾਂਤ ’ਤੇ ਕੀਤੀ ਗਈ ਸੀ ਕਿ ਅਸੀਂ ਸਾਰੇ ਇੱਕ-ਦੂਜੇ ਦੀ ਭਲਾਈ ਲਈ ਜ਼ਿੰਮੇਵਾਰ ਹਾਂ।
ਇਸ ਮੌਕੇ ਟ੍ਰਸਟ ਤੋਂ ਸ. ਰਘਬੀਰ ਸਿੰਘ ਜੇ.ਪੀ., ਰੇਡੀਓ ਸਪਾਈਸ ਤੋਂ ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਸ. ਜੀਤ ਸਿੰਘ ਲੋਕਲ ਬੋਰਡ ਮੈਂਬਰ ਅਤੇ ਸ. ਹਰਜਿੰਦਰ ਸਿੰਘ ਬਸਿਆਲਾ ਪੰਜਾਬੀ ਹੈਰਲਡ ਤੋਂ ਪਹੁੰਚੇ।
Click to Follow Babushahi Facebook page →