ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਗੁਰਦੁਆਰਾ ਬੰਗਲਾ ਸਾਾਹਿਬ ਵਿਖੇ ਹੋਏ ਨਤਮਸਤਕ ਹੋਏ : ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 20 ਫਰਵਰੀ,2026
ਸਿੱਖ ਧਰਮ ਦੀ ਆਤਮਿਕ ਮਹਾਨਤਾ ਅਤੇ ਸੰਸਾਰ ਭਰ ਵਿੱਚ ਸਿੱਖ ਧਰਮ ਦੀ ਪਵਿੱਤਰ ਪਛਾਣ ਦੇ ਸਤਿਕਾਰ ਵਜੋਂ, ਫਰਾਂਸ ਦੇ ਰਾਸ਼ਟਰਪਤੀ ਸ਼੍ਰੀ
ਇਮੈਨੁਅਲ ਮੈਕਰੋ ਨੇ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਸ਼ਰਧਾ ਭਾਵ ਨਾਲ ਨਤਮਸਤਕ ਹੋ ਕੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਸ਼ਟਰਪਤੀ ਇਮੈਨੁਅਲ ਮੈਕਰੋ ਨੇ ਬੜੀ ਨਿਮਰਤਾ, ਅਦਬ ਅਤੇ ਆਦਰ ਸਹਿਤ ਗੁਰੂ ਘਰ ਵਿੱਚ ਮੱਥਾ ਟੇਕਿਆ। ਉਸ ਵੇਲੇ ਦਰਬਾਰ ਸਾਹਿਬ ਵਿੱਚ ਕੀਰਤਨੀ ਜੱਥਿਆਂ ਵੱਲੋਂ ਗੁਰੂ ਕੀ ਇਲਾਹੀ ਬਾਣੀ ਦਾ ਰਸਭਿੰਨਾ ਅਤੇ ਆਤਮਿਕ ਕੀਰਤਨ ਜਾਰੀ ਸੀ, ਜਿਸ ਦੀ ਪਵਿੱਤਰ ਧੁਨ ਨੇ ਮਾਹੌਲ ਨੂੰ ਹੋਰ ਵੀ ਅਲੌਕਿਕ ਬਣਾ ਦਿੱਤਾ।
ਸਰਦਾਰ ਕਾਲਕਾ ਨੇ ਕੁਝ ਸ਼ਰਾਰਤੀ ਲੋਕਾਂ ਵੱਲੋਂ ਕੀਤੇ ਜਾ ਰਹੇ ਗਲਤ ਪ੍ਰਚਾਰ ਨੂੰ ਨਿਰਾਧਾਰ ਕਰਾਰ ਦਿੰਦਿਆਂ ਸਪਸ਼ਟ ਕੀਤਾ ਕਿ ਕਿਸੇ ਵੀ ਵਿਸ਼ੇਸ਼ ਮਹਿਮਾਨ ਦੀ ਆਮਦ ਦੌਰਾਨ ਸੰਗਤਾਂ ਦੀ ਆਵਾਜਾਈ ਨੂੰ ਪ੍ਰਭਾਵਿਤ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਹੈ ਅਤੇ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਸੰਗਤਾਂ ਨੂੰ ਦਰਸ਼ਨਾਂ ਵਿੱਚ ਕੋਈ ਵੀ ਮੁਸ਼ਕਲ ਨਾ ਆਵੇ।
ਉਨ੍ਹਾਂ ਸੰਗਤਾਂ ਦੇ ਸਹਿਯੋਗ ਅਤੇ ਸਮਝਦਾਰੀ ਲਈ ਧੰਨਵਾਦ ਪ੍ਰਗਟ ਕਰਦਿਆਂ ਭਰੋਸਾ ਦਵਾਇਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਵੇਲੇ ਸੰਗਤਾਂ ਦੀ ਸੇਵਾ ਅਤੇ ਸਹੂਲਤ ਲਈ ਵਚਨਬੱਧ ਹੈ। ਸਰਦਾਰ ਕਾਲਕਾ ਨੇ ਕਿਹਾ ਕਿ ਗੁਰੂ ਘਰ ਦੀ ਮਰਯਾਦਾ, ਅਨੁਸ਼ਾਸਨ ਅਤੇ ਸੰਗਤਾਂ ਦੀ ਸਹੂਲਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਭ ਤੋਂ ਉੱਚੀ ਤਰਜੀਹ ਹੈ ਅਤੇ ਇਸ ਮਾਮਲੇ ਵਿੱਚ ਕਿਸੇ ਵੀ ਕਿਸਮ ਦੀ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰੂ ਘਰ ਦੇ ਅਕਸ ਨੂੰ ਢਾਹ ਲਾਉਣ ਵਾਲੇ ਅਜਿਹੇ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।
ਇਹ ਪਵਿੱਤਰ ਦੌਰਾ ਨਾ ਸਿਰਫ਼ ਸਿੱਖ ਕੌਮ ਲਈ ਗੌਰਵ ਦਾ ਪਲ ਸੀ, ਸਗੋਂ ਭਾਰਤ ਅਤੇ ਫਰਾਂਸ ਦੇ ਦੋਸਤਾਨਾ ਸੰਬੰਧਾਂ ਵਿੱਚ ਵੀ ਆਤਮਿਕ ਨੇੜਤਾ ਦਾ ਪ੍ਰਤੀਕ ਹੈ