ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ; 6ਵੇਂ ਪੇਅ ਕਮਿਸ਼ਨ ਦੇ ਬਕਾਏ ਲਈ 'ਆਨਲਾਈਨ ਮੋਡੀਊਲ' ਸ਼ੁਰੂ; ਹੁਣ ਤੇਜ਼ੀ ਨਾਲ ਹੋਵੇਗੀ ਅਦਾਇਗੀ
Ravi Jakhu
ਚੰਡੀਗੜ੍ਹ, 20 ਅਪ੍ਰੈਲ, 2026- ਪੰਜਾਬ ਦੇ ਲੱਖਾਂ ਸਰਕਾਰੀ ਮੁਲਾਜ਼ਮਾਂ ਲਈ ਰਾਹਤ ਦੀ ਵੱਡੀ ਖ਼ਬਰ ਹੈ। ਸੂਬਾ ਸਰਕਾਰ ਨੇ 6ਵੇਂ ਪੰਜਾਬ ਪੇਅ ਕਮਿਸ਼ਨ ਦੇ ਬਕਾਏ (Arrears) ਦੀ ਅਦਾਇਗੀ ਦੀ ਪ੍ਰਕਿਰਿਆ ਨੂੰ ਤੇਜ਼ ਅਤੇ ਪਾਰਦਰਸ਼ੀ ਬਣਾਉਣ ਲਈ iHRMS ਪੋਰਟਲ 'ਤੇ ਨਵਾਂ ਮੋਡੀਊਲ ਲਾਈਵ ਕਰ ਦਿੱਤਾ ਹੈ। ਵਿੱਤ ਵਿਭਾਗ ਦੇ ਇਸ ਫੈਸਲੇ ਨਾਲ ਹੁਣ ਮੁਲਾਜ਼ਮਾਂ ਦੇ ਏਰੀਅਰ ਬਿੱਲ ਦਸਤੀ (Manual) ਦੀ ਬਜਾਏ ਪੂਰੀ ਤਰ੍ਹਾਂ ਆਨਲਾਈਨ ਤਿਆਰ ਹੋਣਗੇ।
ਡਾਇਰੈਕਟੋਰੇਟ ਖ਼ਜ਼ਾਨਾ ਤੇ ਲੇਖਾ ਵੱਲੋਂ ਜਾਰੀ ਤਾਜ਼ਾ ਹਦਾਇਤਾਂ ਅਨੁਸਾਰ, ਹੁਣ ਏਰੀਅਰ ਬਿੱਲ iHRMS ਪੋਰਟਲ ਰਾਹੀਂ ਸਿੱਧੇ IFMS (Integrated Financial Management System) ਵਿੱਚ ਪੁਸ਼ ਕੀਤੇ ਜਾਣਗੇ। ਇਸ ਸਬੰਧੀ ਸਮੂਹ ਵਿਭਾਗਾਂ ਦੇ ਮੁਖੀਆਂ ਅਤੇ ਡਿਪਟੀ ਕਮਿਸ਼ਨਰਾਂ ਨੂੰ 'ਯੂਜ਼ਰ ਮੈਨੂਅਲ' ਜਾਰੀ ਕਰਕੇ ਪ੍ਰਕਿਰਿਆ ਤੁਰੰਤ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਹਨ।
DDO (ਡਰਾਇੰਗ ਅਤੇ ਡਿਸਬਰਸਿੰਗ ਅਫਸਰ) ਹੁਣ ਪੋਰਟਲ 'ਤੇ ਉਪਲਬਧ 'Arrear Template' ਦੀ ਵਰਤੋਂ ਕਰਕੇ ਬਿੱਲ ਬਣਾਉਣਗੇ। ਇਸ ਨਾਲ ਕਲਰਕਾਂ ਵੱਲੋਂ ਡਾਟਾ ਫੀਡ ਕਰਨ ਦੌਰਾਨ ਹੋਣ ਵਾਲੀਆਂ ਗ਼ਲਤੀਆਂ ਦੀ ਗੁੰਜਾਇਸ਼ ਘਟੇਗੀ।
ਜੇਕਰ ਕਿਸੇ ਮੁਲਾਜ਼ਮ ਦੀ ਬਦਲੀ ਕਿਸੇ ਦੂਜੇ ਜ਼ਿਲ੍ਹੇ ਜਾਂ ਵਿਭਾਗ ਵਿੱਚ ਹੋ ਜਾਂਦੀ ਹੈ, ਤਾਂ ਉਸ ਦਾ ਏਰੀਅਰ ਡਾਟਾ ਆਟੋਮੈਟਿਕਲੀ ਨਵੇਂ ਦਫ਼ਤਰ ਵਿੱਚ ਟ੍ਰਾਂਸਫਰ ਹੋ ਜਾਵੇਗਾ। ਮੁਲਾਜ਼ਮ ਨੂੰ ਹੁਣ ਪੁਰਾਣੇ ਦਫ਼ਤਰ ਦੇ ਚੱਕਰ ਕੱਟਣ ਦੀ ਲੋੜ ਨਹੀਂ ਪਵੇਗੀ।
ਸਾਰੀਆਂ ਕੈਲਕੂਲੇਸ਼ਨ ਸੀਟਾਂ PDF ਫਾਰਮੈਟ ਵਿੱਚ ਅਪਲੋਡ ਹੋਣਗੀਆਂ, ਜਿਸ ਨਾਲ ਭਵਿੱਖ ਵਿੱਚ ਆਡਿਟ ਜਾਂ ਕਿਸੇ ਵੀ ਪੜਤਾਲ ਲਈ ਰਿਕਾਰਡ ਇੱਕ ਕਲਿੱਕ 'ਤੇ ਉਪਲਬਧ ਹੋਵੇਗਾ।
ਵਿੱਤ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕਰਮਚਾਰੀ ਦੀ ਤਨਖਾਹ ਵਿੱਚ ਪਹਿਲਾਂ ਕੋਈ ਰਿਵੀਜ਼ਨ (ਜਿਵੇਂ ACP ਜਾਂ ਸਟੈਪ ਅੱਪ) ਹੋਈ ਹੈ, ਤਾਂ ਉਸ ਦੇ ਵੇਰਵੇ Drawn Statement ਵਿੱਚ ਸਹੀ ਤਰ੍ਹਾਂ ਦਰਜ ਕੀਤੇ ਜਾਣ ਤਾਂ ਜੋ ਬਕਾਏ ਦੀ ਗਣਨਾ ਵਿੱਚ ਕੋਈ ਗ਼ਲਤੀ ਨਾ ਹੋਵੇ।
ਸਰਕਾਰ ਦੇ ਇਸ ਕਦਮ ਨਾਲ ਹੁਣ ਮੁਲਾਜ਼ਮਾਂ ਨੂੰ ਆਪਣੇ ਬਕਾਏ ਦੀ ਅਦਾਇਗੀ ਲਈ ਦਫ਼ਤਰੀ ਚੱਕਰਾਂ ਤੋਂ ਨਿਜ਼ਾਤ ਮਿਲੇਗੀ ਅਤੇ ਸਾਰੀ ਪ੍ਰਕਿਰਿਆ ਪਾਰਦਰਸ਼ੀ ਤਰੀਕੇ ਨਾਲ ਮੁਕੰਮਲ ਹੋਵੇਗੀ।
Click to Follow Babushahi Facebook page →