ਪੰਜਾਬ ਸਟੇਟ ਵੇਅਰਹਾਉਸਿੰਗ ਕਾਰਪੋਰੇਸ਼ਨ ਵੱਲੋਂ 10 ਸਾਲਾ PEG ਸਕੀਮ ਤਹਿਤ ਕਵਰਡ ਗੋਦਾਮ ਬਣਾਉਣ ਲਈ ਈ-ਟੈਂਡਰ ਜਾਰੀ
ਟੈਂਡਰ ਅਧੀਨ ਮੋਗਾ ਦੇ 1.85 ਲੱਖ ਮੀਟਰਕ ਟਨ ਸਮਰੱਥਾ ਵਾਲੇ 2 ਗੋਦਾਮਾਂ ਸਮੇਤ ਰਾਜ ਦੇ ਅੱਠ ਸਥਾਨਾਂ ’ਤੇ ਬਣਨਗੇ ਗੋਦਾਮ
ਰੁਚੀ ਰੱਖਣ ਵਾਲੇ ਵੱਧ ਤੋਂ ਵੱਧ ਬੋਲੀਕਾਰ "ਜੇਮ" ਪੋਰਟਲ ’ਤੇ ਆਪਣੀਆਂ ਤਕਨੀਕੀ ਤੇ ਵਿੱਤੀ ਬੋਲੀਆ ਜਮ੍ਹਾਂ ਕਰਵਾਉਣ- ਡਿਪਟੀ ਕਮਿਸ਼ਨਰ
ਮੋਗਾ, 29 ਅਕਤੂਬਰ 2025 : ਪੰਜਾਬ ਸਟੇਟ ਵੇਅਰਹਾਉਸਿੰਗ ਕਾਰਪੋਰੇਸ਼ਨ (PSWC) ਵੱਲੋਂ ਪੰਜਾਬ ਦੇ 8 ਸਥਾਨਾਂ ’ਤੇ ਕੁੱਲ 3.60 ਲੱਖ ਮੀਟਰਕ ਟਨ ਸਮਰੱਥਾ ਵਾਲੇ ਕਵਰਡ ਗੋਦਾਮ ਬਣਾਉਣ ਲਈ 18 ਅਕਤੂਬਰ 2025 ਨੂੰ "ਜੇਮ" (GeM) ਪੋਰਟਲ ’ਤੇ ਆਨਲਾਈਨ ਟੈਂਡਰ ਜਾਰੀ ਕੀਤਾ ਗਿਆ ਹੈ। ਇਹ ਗੋਦਾਮ ਸਰਕਾਰ ਦੀ 10 ਸਾਲਾ ਪ੍ਰਾਈਵੇਟ ਉੱਦਮਤਾ ਗਰੰਟੀ (PEG) ਸਕੀਮ ਤਹਿਤ ਬਣਾਏ ਜਾਣਗੇ। ਇਹ ਗੋਦਾਮ ਭਾਰਤੀ ਖਾਧ ਨਿਗਮ ਦੇ ਸਟੋਰੇਜ ਲਈ ਬਿਲਡ-ਓਨ-ਓਪਰੇਟ/ਲੀਜ਼ ਮਾਡਲ ’ਤੇ 10 ਸਾਲ ਦੀ ਗਰੰਟੀਸ਼ੁਦਾ ਲੀਜ਼ ਦੇ ਅਧਾਰ ’ਤੇ ਬਣਾਏ ਜਾਣਗੇ।ਇਸ ਟੈਂਡਰ ਵਿੱਚ ਤਕਨੀਕੀ ਬੋਲੀ ਅਤੇ ਵਿੱਤੀ ਬੋਲੀ ਅਲੱਗ ਅਲੱਗ ਆਨਲਾਈਨ ਜਮ੍ਹਾਂ ਕਰਵਾਉਣੀ ਹੋਵੇਗੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸਾਗਰ ਨੇ ਦੱਸਿਆ ਕਿ ਮੋਗਾ ਜ਼ਿਲ੍ਹਾ ਇਸ ਟੈਂਡਰ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਕਿ ਮੋਗਾ ਜ਼ਿਲ੍ਹੇ ਵਿੱਚ ਦੋ ਸਥਾਨ ਸ਼ਾਮਲ ਹਨ, ਜਿਹਨਾਂ ਦੀ ਕੁੱਲ ਸਮਰੱਥਾ 1.85 ਲੱਖ ਮੀਟਰਕ ਟਨ ਹੈ। ਉਨ੍ਹਾਂ ਦੱਸਿਆ ਕਿ ਅਜੀਤਵਾਲ/ਨਿਹਾਲ ਸਿੰਘ ਵਾਲਾ/ਬੱਧਨੀ ਕਲਾਂ (ਰੇਲਹੈੱਡ,ਅਜੀਤਵਾਲ) ਦੀ ਪ੍ਰਸਤਾਵਿਤ ਸਮਰੱਥਾ 65,000 ਮੀਟਰਕ ਟਨ, ਬਘਾਪੁਰਾਣਾ ਦੇ ਗੋਦਾਮ ਦੀ ਪ੍ਰਸਤਾਵਿਤ ਸਮਰੱਥਾ 1,20,000 ਮੀਟਰਕ ਟਨ ਹੈ। ਇਹ ਦੋ ਸੈਂਟਰ ਮਿਲ ਕੇ ਕੁੱਲ 1.85 ਲੱਖ ਮੀਟਰਕ ਟਨ ਸਮਰੱਥਾ ਬਣਾਉਂਦੇ ਹਨ, ਜੋ ਕਿ ਕੁੱਲ 3.60 ਐਲ.ਐੱਮ.ਟੀ. ਦਾ ਅੱਧ ਤੋਂ ਵੱਧ ਹਿੱਸਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੁਚੀ ਰੱਖਣ ਵਾਲੇ ਬੋਲੀਕਾਰ GeM ਪੋਰਟਲ ’ਤੇ ਰਜਿਸਟਰ ਕਰਕੇ ਆਪਣੀਆਂ ਤਕਨੀਕੀ ਅਤੇ ਵਿੱਤੀ ਬੋਲੀਆਂ ਆਨਲਾਈਨ ਜਮ੍ਹਾਂ ਕਰਵਾਉਣ। ਪਹਿਲਾਂ ਤਕਨੀਕੀ ਬੋਲੀ ਖੋਲ੍ਹੀ ਜਾਵੇਗੀ ਅਤੇ ਜੋ ਉਮੀਦਵਾਰ ਤਕਨੀਕੀ ਮਾਪਦੰਡ ਪੂਰੇ ਕਰਨਗੇ, ਉਹਨਾਂ ਦੀਆਂ ਵਿੱਤੀ ਬੋਲੀਆਂ ਬਾਅਦ ਵਿੱਚ ਖੋਲ੍ਹੀਆਂ ਜਾਣਗੀਆਂ। ਉਹਨਾਂ ਕਿਹਾ ਕਿ ਟੈਂਡਰ ਵੇਖਣ ਲਈ http://gem.gov.in ’ਤੇ ਜਾਂ https://bidplus.gem.gov.in/all-bids ’ਤੇ ਪਹੁੰਚ ਕੀਤੀ ਜਾ ਸਕਦੀ ਹੈ। ਇਸ ਪੋਰਟਲ ਉੱਪਰੋਂ “ਸਰਚ ਬਾਏ ਜੇਮ ਬਿਡ ਆਈ ਡੀ” ਆਪਸ਼ਨ ਰਾਹੀਂ ਟੈਂਡਰ ਵੇਖੇ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਅਜੀਤਵਾਲ/ਨਿਹਾਲ ਸਿੰਘ ਵਾਲਾ/ਬੱਧਨੀ ਕਲਾਂ (ਰੇਲਹੈੱਡ,ਅਜੀਤਵਾਲ) ਸੈਂਟਰ ਦੀ ਜੇਮ ਬਿਡ ਆਈ.ਡੀ. GEM/2025/B/6802689 ਅਤੇ ਬਘਾਪੁਰਾਣਾ ਸੈਂਟਰ ਦੀ ਜੇਮ ਬਿਡ ਆਈ.ਡੀ. GEM/2025/B/6802801 ਹੈ। ਕੋਈ ਵੀ ਸੋਧ ਜਾਂ ਸੂਚਨਾ ਇਸੇ ਪੋਰਟਲ ਅਤੇ ਪੰਜਾਬ ਸਟੇਟ ਵੇਅਰਹਾਉਸਿੰਗ ਕਾਰਪੋਰੇਸ਼ਨ ਵੈਬਸਾਈਟ ’ਤੇ ਹੀ ਜਾਰੀ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੋਰ ਜਾਣਕਾਰੀ ਜਾਂ ਸਪਸ਼ਟੀਕਰਨ ਜਿਵੇਂ ਕਿ ਬੋਲੀ ਦਸਤਾਵੇਜ਼ਾਂ, ਸਮਾਂ-ਸਾਰਣੀ ਅਤੇ ਤਕਨੀਕੀ ਜਾਣਕਾਰੀ ਲਈ ਨੀਰਜ ਸੰਬਿਆਲ, ਮੈਨੇਜਰ, ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਮੋਬਾਈਲ: 90416-58638 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਸਾਰੇ ਸੰਭਾਵੀ ਬੋਲਦਾਤਾਵਾਂ ਨੂੰ ਜਲਦੀ ਕਾਰਵਾਈ ਕਰਨ ਦੀ ਅਪੀਲ ਕੀਤੀ।