ਪੰਜਾਬ ਸਟੇਟ ਮਨਿਸਟੀਰੀਅਲ ਪੈਨਸ਼ਨਰਜ ਐਸੋਸੀਏਸ਼ਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਬਣੇ ਬਚਿੱਤਰ ਸਿੰਘ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 10 ਮਈ 2026:- ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚੋਂ ਸੇਵਾਮੁਕਤ ਹੋਏ ਮਨਿਸਟੀਰੀਅਲ ਕਰਮਚਾਰੀਆਂ ਦੀ ਜਥੇਬੰਦੀ “ ਪੰਜਾਬ ਸਟੇਟ ਮਨਿਸਟੀਰੀਅਲ ਪੈਨਸ਼ਨਰਜ ਐਸੋਸੀਏਸ਼ਨ “ ਦੀ ਪਟਿਆਲਾ ਯੂਨਿਟ ਦੀ ਚੋਣ ਕਰਨ ਲਈ ਭਾਖੜਾ ਮੇਨ ਲਾਈਨ ਦਫ਼ਤਰ ਪਟਿਆਲਾ ਵਿਖੇ ਮੀਟਿੰਗ ਰੱਖੀ ਗਈ, ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਦਲੀਪ ਸਿੰਘ, ਸੂਬਾ ਜਨਰਲ ਸਕੱਤਰ ਨਿਰਮਲ ਸਿੰਘ ਲਲਤੋ , ਲੁਧਿਆਣਾ ਜ਼ਿਲੇ ਦੇ ਪ੍ਰਧਾਨ ਹਰਬੰਤ ਸਿੰਘ ਮਾਂਗਟ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਜੋ ਲੰਬੇ ਸਮੇਂ ਤੋਂ ਬਕਾਇਆ ਹਨ, ਉਹਨਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ 18% ਡੀ ਏ ਨਾ ਦੇਣ ਦੀ ਸਖ਼ਤ ਨਿਖੇਧੀ ਕੀਤੀ। ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਅਣਦੇਖੀ ਕਰਕੇ ਮੁਲਾਜ਼ਮ ਵਿੰਗ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜੁਆਇਟ ਸਕੱਤਰ ਬਚਿੱਤਰ ਸਿੰਘ ਅਤੇ ਸੂਬਾ ਜੁਆਇਟ ਸਕੱਤਰ ਖੁਸ਼ਵਿੰਦਰ ਕਪਿਲਾ ਵੱਲੋਂ ਪਾਰਟੀ ਤੋਂ ਅਸਤੀਫਾ ਦੇ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਸਵਾਗਤ ਕੀਤਾ ਗਿਆ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਪਟਿਆਲਾ ਜ਼ਿਲ੍ਹੇ ਦਾ ਪ੍ਰਧਾਨ ਬਚਿੱਤਰ ਸਿੰਘ, ਜਨਰਲ ਸਕੱਤਰ ਗੁਰਮੀਤ ਵਾਲੀਆ, ਵਿੱਤ ਸਕੱਤਰ ਹਰਮੇਲ ਸਿੰਘ, ਚੇਅਰਮੈਨ ਖੁਸ਼ਵਿੰਦਰ ਕਪਿਲਾ, ਮੁੱਖ ਸਲਾਹਕਾਰ ਰਤਨ ਗੌਤਮ,ਪ੍ਰਸ਼ੋਤਮ ਦੱਤ ਸੀਨੀਅਰ ਮੀਤ ਪ੍ਰਧਾਨ, ਬਲਦੇਵ ਸਰਮਾ ਮੀਤ ਪ੍ਰਧਾਨ, ਸੁਰਿਦਰਜੀਤ ਸਿੰਘ, ਮਹਿਮਾ ਸਿੰਘ, ਮੈਡਮ ਕਿਰਨ ਕਪੂਰ, ਸਦਾ ਰਾਮ ਸ਼ਰਮਾ ਚੁਣੇ ਗਏ, ਹੋਰ ਅਹੁਦੇਦਾਰ ਬਾਕੀ ਵਿਭਾਗਾਂ ਤੋਂ ਲੈ ਕੇ ਜ਼ਿਲ੍ਹਾ ਬਾਡੀ ਮੁਕੰਮਲ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰਧਾਨ ਬਚਿੱਤਰ ਸਿੰਘ, ਜਨਰਲ ਸਕੱਤਰ ਗੁਰਮੀਤ ਵਾਲੀਆ ਅਤੇ ਚੇਅਰਮੈਨ ਖੁਸ਼ਵਿੰਦਰ ਕਪਿਲਾ ਨੇ ਕਿਹਾ ਇਹ ਐਸੋਸੀਏਸਨ ਜਿੱਥੇ ਪੰਜਾਬ ਦੀਆਂ ਮੁਲਾਜ਼ਮ/ ਪੈਨਸ਼ਨਰ ਜਥੇਬੰਦੀਆਂ ਨਾਲ ਮਿਲ ਕੇ ਸਰਕਾਰ ਵਿਰੁੱਧ ਹੱਕੀ ਮੰਗਾਂ ਲਈ ਸੰਘਰਸ਼ ਕਰੇਗੀ ਉੱਥੇ ਪੰਜਾਬ ਦੇ ਹਮੇਸ਼ਾ ਹੀ ਸੰਘਰਸ਼ਾਂ ਦੀ ਅਗਵਾਈ ਕਰਨ ਵਾਲੀ ਜਥੇਬੰਦੀ ਪੰਜਾਬ ਸਟੇਟ ਮਨਿਸਟੀਅਲ ਸਰਵਿਸਿਜ਼ ਐਸੋਸੀਏਸ਼ਨ ਨੂੰ ਸਹਿਯੋਗ ਕਰੇਗੀ ਤਾਂ ਜੋ ਇਹ ਐਸੋਸੀਏਸਨ ਹੋਰ ਵੀ ਮਜ਼ਬੂਤ ਹੋ ਸਕੇ।
ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ 18% ਬਕਾਇਆ ਡੀ ਏ ਤੁਰੰਤ ਦਿੱਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, 1.1.2016 ਨੂੰ ਸੇਵਾਮੁਕਤ ਕਰਮਚਾਰੀਆਂ ਦੀ ਤਨਖਾਹ 2.59 ਦੇ ਫਾਰਮੂਲੇ ਨਾਲ ਫਿਕਸ ਕੀਤੀ ਜਾਵੇ, ਤਨਖਾਹ ਸਕੇਲਾਂ ਦੇ ਏਰੀਅਰ ਦੀਆਂ ਕਿਸ਼ਤਾਂ ਵਿੱਚ ਸੋਧ ਕਰਕੇ ਏਰੀਅਰ ਜਲਦੀ ਦਿੱਤਾ ਜਾਵੇ, ਬੰਦ ਕੀਤੇ ਭੱਤੇ ਬਹਾਲ ਕੀਤੇ ਜਾਣ, ਜੇਕਰ ਸਰਕਾਰ ਇਹ ਮੰਗਾਂ ਲਾਗੂ ਨਹੀਂ ਕਰਦੀ ਤਾਂ ਐਸੋਸੀਏਸਨ ਮੁਲਾਜਮਾਂ ਅਤੇ ਪੈਨਸ਼ਨਰਾਂ ਦੇ ਨਾਲ ਰਲ ਕੇ ਇੱਕ ਸਾਂਝਾ ਮੰਚ ਬਣਾ ਕੇ ਸਰਕਾਰ ਖਿਲਾਫ਼ ਜ਼ੋਰਦਾਰ ਸੰਘਰਸ਼ ਕਰੇਗੀ।
- Download Babushahi App
-
-