ਚੰਡੀਗੜ੍ਹ, 20 ਜਨਵਰੀ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਲਗਾਤਾਰ ਕਰਜ਼ੇ ਚੁੱਕ ਕੇ ਅਤੇ ਗਮਾਡਾ ਵਰਗੇ ਅਦਾਰਿਆਂ ਤੋਂ ਪੈਸਾ ਉਧਾਰ ਲੈ ਕੇ, ਕੇਂਦਰੀ ਫੰਡਾਂ ਦੀ ਦੁਰਵਰਤੋਂ ਕਰ ਕੇ ਅਤੇ ਛਾਪਿਆਂ ਤੇ ਜ਼ਬਰੀ ਜ਼ੁਰਮਾਨਿਆਂ ਨਾਲ ਵਪਾਰ ਤੇ ਉਦਯੋਗ ਵਿਚ ਦਹਿਸ਼ਤ ਫੈਲਾ ਕੇ ਪੰਜਾਬ ਨੂੰ ਵਿੱਤੀ ਐਮਰਜੰਸੀ ਵੱਲ ਧੱਕ ਰਹੀ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਸੀਨੀਅਰ ਆਗੂ ਐਨ ਕੇ ਸ਼ਰਮਾ ਨੇ ਕਿਹਾ ਕਿ ਸੂਬੇ ਸਿਰ ਕਰਜ਼ਾ 4.25 ਲੱਖ ਰੁਪਏ ਦੀ ਵੱਧ ਤੋਂ ਵੱਧ ਹੱਦ ਤੋਂ ਵੀ ਟੱਪ ਗਿਆ ਹੈ ਤੇ ਮੌਜੂਦਾ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਤੱਕ 5 ਲੱਖ ਕਰੋੜ ਰੁਪਏ ਟੱਪ ਜਾਵੇਗਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਕਰਜ਼ਾ ਕੁੱਲ ਘਰੇਲੂ ਉਤਪਾਦ (ਜੀ ਡੀ ਪੀ) ਦਾ 50 ਫੀਸਦੀ ਅਨੁਪਾਤ ਹੋ ਜਾਵੇਗਾ ਤੇ ਸੂਬੇ ਵਿਚ ਕੰਗਾਲ ਐਲਾਨ ਦਿੱਤਾ ਜਾਵੇਗਾ ਅਤੇ ਸੂਬੇ ਕੋਲ ਆਪਣੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇਣ ਦੇ ਵੀ ਪੈਸੇ ਨਹੀਂ ਰਹਿਣਗੇ।
ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਪੰਜਾਬ ਹੁਣ ਤੋਂ ਹੀ ਕੰਗਾਲ ਅਰਥਚਾਰੇ ਦੇ ਪ੍ਰਭਾਵ ਮਹਿਸੂਸ ਕਰ ਰਿਹਾ ਹੈ। ਉਹਨਾਂ ਕਿਹਾ ਕਿ ਆਟਾ ਦਾਲ, ਸ਼ਗਨ, ਪੈਨਸ਼ਨ, ਐਸ ਸੀ ਸਕਾਲਰਸ਼ਿਪ, ਤੀਰਥ ਯਾਤਰਾ, ਮੁਫਤ ਦਵਾਈਆਂ, ਸਾਈਕਲਾਂ ਤੇ ਖੇਡ ਕਿੱਟਾਂ ਵਰਗੀਆਂ ਸਾਰੀਆਂ ਸਮਾਜ ਭਲਾਈ ਸਕੀਮਾਂ ਰੋਕ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਚੜ੍ਹਦੀਕਲਾ ਫੰਡ ਦੇ ਨਾਮ ’ਤੇ ਸਰਕਾਰੀ ਮੁਲਾਜ਼ਮਾਂ ਤੇ ਲੋਕਾਂ ਤੋਂ ਇਕੱਠਾ ਕੀਤਾ ਪੈਸਾ ਵੀ ਹੜ੍ਹ ਰਾਹਤ ਕਾਰਜਾਂ ਜਾਂ ਹੋਰ ਜਨਤਕ ਕਾਰਜਾਂ ਵਾਸਤੇ ਨਹੀਂ ਵਰਤਿਆ ਗਿਆ।
ਸ੍ਰੀ ਸ਼ਰਮਾ ਨੇ ਕਿਹਾ ਕਿ ਆਪ ਸਰਕਾਰ ਗਮਾਡਾ ਵਰਗੇ ਅਦਾਰਿਆਂ ਦੇ ਫੰਡਾਂ ਦਾ ਘੁਟਾਲਾ ਕਰ ਕੇ ਉਹਨਾਂ ਨੂੰ ਤਬਾਹ ਕਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਗਮਾਡਾ ਤੋਂ 12000 ਕਰੋੜ ਰੁਪਏ ਲੈ ਲਏ ਹਨ ਪਰ ਇਹ ਫੰਡ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਜਾਂ ਇਸ ਵਰਗੀ ਹੋਰ ਗਤੀਵਿਧੀ ’ਤੇ ਕਿਵੇਂ ਖਰਚੇ ਜਾਣਗੇ, ਇਸ ਬਾਰੇ ਕੁਝ ਨਹੀਂ ਦੱਸਿਆ ਗਿਆ। ਉਹਨਾਂ ਕਿਹਾ ਕਿ ਇਸੇ ਤਰੀਕੇ ਸੂਬਾ ਕੁਦਰਤੀ ਆਫਤ ਫੰਡ ਦੇ 12000 ਕਰੋੜ ਰੁਪਏ ਜੋ ਕੇਂਦਰ ਤੋਂ ਮਿਲੇ, ਉਹਨਾਂ ਦੀ ਦੁਰਵਰਤੋਂ ਕੀਤੀ ਗਈ। ਉਹਨਾਂ ਕਿਹਾ ਕਿ ਇਹ ਪੈਸਾ ਇਸ਼ਤਿਹਾਰਾਂ ਅਤੇ ਪਬਲੀਸਿਟੀ ’ਤੇ ਖਰਚ ਕੀਤਾ ਗਿਆ।
ਅਕਾਲੀ ਆਗੂ ਨੇ ਸਰਕਾਰ ਦੇ ਇਸ ਪ੍ਰਾਪੇਗੰਡੇ ਦੀ ਵੀ ਨਿਖੇਧੀ ਕੀਤੀ ਕਿ ਉਹ ਪਿਛਲੀਆਂ ਸਰਕਾਰਾਂ ਕਾਰਨ ਨਤੀਜੇ ਭੁਗਤ ਰਹੀ ਹੈ। ਉਹਨਾਂ ਕਿਹਾ ਕਿ 2017 ਵਿਚ ਸੂਬੇ ਸਿਰਫ 1.38 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ ਜਦੋਂ ਅਕਾਲੀ ਦਲ ਸਰਕਾਰ ਦਾ ਕਾਰਜਕਾਲ ਖ਼ਤਮ ਹੋਇਆ, ਇਸ ਮਗਰੋਂ ਕਾਂਗਰਸ ਸਰਕਾਰ ਵੇਲੇ ਕਰਜ਼ਾ ਵੱਧ ਕੇ 2.08 ਲੱਖ ਕਰੋੜ ਰੁਪਏ ਹੋ ਗਿਆ ਤੇ ਹੁਣ ਇਹ 4.25 ਲੱਖ ਕਰੋੜ ਰੁਪਏ ਹੈ। ਉਹਨਾਂ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਸੂਬੇ ਵਿਚ ਨਵੇਂ ਥਰਮਲ ਪਲਾਂਟ ਲਗਾ ਕੇ ਬਿਜਲੀ ਸਪਲਾਈ ਦਾ ਬੁਨਿਆਦੀ ਢਾਂਚਾ ਖੜ੍ਹਾ ਕੀਤਾ ਅਤੇ 8000 ਸਰਕਟ ਕਿਲੋਮੀਟਰ ਬਿਜਲੀ ਟਰਾਂਸਮਿਸ਼ਨ ਲਾਈਨਾਂ ਖੜ੍ਹੀਆਂ ਕੀਤੀਆਂ। ਉਸ ਸਰਕਾਰ ਨੇ ਹਵਾਈ ਅੱਡੇ ਬਣਾਏ ਤੇ 90 ਹਜ਼ਾਰ ਕਿਲੋਮੀਟਰ ਸੜਕਾਂ ਦਾ ਨਿਰਮਾਣ ਕਰਵਾਇਆ।
ਉਹਨਾਂ ਕਿਹਾ ਕਿ ਦੂਜੇ ਪਾਸੇ ਆਪ ਸਰਕਾਰ ਸੂਬੇ ਵਿਚ ਚਾਰ ਸਾਲਾਂ ਵਿਚ ਇਕ ਵੀ ਯੂਨਿਟ ਬਿਜਲੀ ਵਾਧੂ ਪੈਦਾ ਨਹੀਂ ਕਰ ਸਕੀ। ਉਹਨਾਂ ਕਿਹਾ ਕਿ ਸੜਕਾਂ ਦੀ ਸਿਰਫ ਮੁਰੰਮਤ ਕੀਤੀ ਜਾ ਰਹੀ ਹੈ ਜਿਸ ਵਾਸਤੇ ਵਧਾ ਚੜ੍ਹਾ ਕੇ ਟੈਂਡਰ ਲਗਾਏ ਜਾ ਰਹੇ ਹਨ ਜਿਸ ਤੋਂ ਭ੍ਰਿਸ਼ਟਾਚਾਰ ਦੀ ਬਦਬੂ ਆ ਰਹੀ ਹੈ।
ਉਹਨਾਂ ਕਿਹਾ ਕਿ ਇਸ ਵਾਸਤੇ ਵੀ ਮਾਰਕੀਟ ਕਮੇਟੀਆਂ ਤੋਂ 129 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ ਤਾਂ ਜੋ ਕੰਮ ਦਾ ਸਿਹਰਾ ਮੁੱਖ ਮੰਤਰੀ ਨੂੰ ਦਿੱਤਾ ਜਾ ਸਕੇ।
ਉਦਯੋਗ ਅਤੇ ਇਸਦੀ ਪੰਜਾਬ ਤੋਂ ਹਿਜ਼ਰਤ ਦੀ ਗੱਲ ਕਰਦਿਆਂ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਵਪਾਰ ਅਤੇ ਉਦਯੋਗ ਨੂੰ ਗੈਂਗਸਟਰਾਂ ਤੇ ਸੂਬਾ ਸਰਕਾਰ ਦੋਵਾਂ ਤੋਂ ਮਾਰ ਪੈ ਰਹੀ ਹੈ। ਉਹਨਾਂ ਕਿਹਾ ਕਿ ਈ ਟੀ ਓਜ਼ ਨੂੰ ਟਾਰਗੇਟ ਦਿੱਤੇ ਗਏ ਹਨ ਕਿ ਉਹ ਹਰ ਮਹੀਨੇ ਪੰਜ ਉਦਯੋਗਿਕ ਠਿਕਾਣਿਆਂ ’ਤੇ ਛਾਪੇ ਮਾਰਨਗੇ ਅਤੇ ਘੱਟ ਤੋਂ ਘੱਟ 8 ਲੱਖ ਰੁਪਏ ਜ਼ੁਰਮਾਨਾ ਵਸੂਲਣਗੇ। ਉਹਨਾਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਵਿਚ ਬਿਜਲੀ 9 ਤੋਂ 10 ਰੁਪਏ ਯੂਨਿਟ ਹੈ ਜਦੋਂ ਕਿ ਬੱਦੀ ਵਿਚ 5 ਰੁਪਏ ਯੂਨਿਟ ਹੈ। ਉਹਨਾਂ ਸਵਾਲ ਕੀਤਾ ਕਿ ਅਜਿਹੇ ਹਾਲਾਤ ਵਿਚ ਉਦਯੋਗ ਪੰਜਾਬ ਵੀ ਰਹਿ ਸਕਦੇ ਹਨ ? ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਪੰਜਾਬ ਤੋਂ ਬਰਾਮਦਾਂ ਅਕਾਲੀ ਦਲ ਦੀ ਸਰਕਾਰ ਵੇਲੇ 2017 ਵਿਚ 5700 ਮਿਲੀਅਨ ਡਾਲਰ ਤੋਂ ਘੱਟ ਕੇ ਹੁਣ 1800 ਮਿਲੀਅਨ ਡਾਲਰ ਰਹਿ ਗਈਆਂ ਹਨ।
ਸ੍ਰੀ ਸ਼ਰਮਾ ਨੇ ਇਹ ਧਾਰਮਿਕ ਸੈਰ ਸਪਾਟੇ ਦੀ ਗੱਲ ਵੀ ਕੀਤੀ ਤੇ ਦੱਸਿਆ ਕਿ ਅਕਾਲੀ ਦਲ ਦੀ ਸਰਕਾਰ ਦੀ ਸ਼ੁਰੂਆਤ ਵੇਲੇ ਪੰਜ ਲੱਖ ਵਿਦੇਸ਼ੀ ਸੈਲਾਨੀ ਪੰਜਾਬ ਆਉਂਦੇ ਸਨ ਜੋ ਸਰਕਾਰ ਦੇ ਕਾਰਜਕਾਲ ਦੀ ਸਮਾਪਤੀ ਵੇਲੇ ਵੱਧ ਕੇ 10 ਲੱਖ ਹੋ ਗਏ ਸਨ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਪੰਜਾਬ ਵਿਚ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਵਾਸਤੇ ਇਕ ਵੀ ਬੋਰਡ ਨਹੀਂ ਲਗਾਇਆ ਸਗੋਂ ਇਸਨੇ ਦੇਸ਼ ਭਰ ਦੇ ਸਾਰੇ ਹਵਾਈ ਅੱਡਿਆਂ ’ਤੇ ਮੁੱਖ ਮੰਤਰੀ ਦੀਆਂ ਤਸਵੀਰਾਂ ਦੇ ਇਸ਼ਤਿਹਾਰ ਲਗਾ ਦਿੱਤੇ ਹਨ।
ਉਹਨਾਂ ਇਹ ਵੀ ਕਿਹਾ ਕਿ ਆਪ ਸਰਕਾਰ ਨੇ ਯੁੱਧ ਮੀਡੀਆ ਵਿਰੁੱਧ ਸ਼ੁਰੂ ਕਰ ਦਿੱਤਾ ਹੈ ਮੀਡੀਆ ਸਾਥੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਮੀਡੀਆ ਦੇ ਸਾਥੀਆਂ ਨਾਲ ਡੱਟ ਕੇ ਖੜ੍ਹਾ ਹੈ ਤੇ ਹਮੇਸ਼ਾ ਰਹੇਗਾ।