ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਮਹਿਲਾ ਸਸ਼ਕਤੀਕਰਨ ਅਤੇ ਨਾਰੀ ਸ਼ਕਤੀ ਸਬੰਧੀ ਵਿਚਾਰ -ਵਟਾਂਦਰਾ ਸੈਸ਼ਨ
ਅਸ਼ੋਕ ਵਰਮਾ
ਬਠਿੰਡਾ, 14 ਅਪ੍ਰੈਲ 2026: ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ), ਬਠਿੰਡਾ ਵਿਖੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਦੀ ਸਰਪ੍ਰਸਤੀ ਹੇਠ ਮਹਿਲਾ ਸਸ਼ਕਤੀਕਰਨ ਅਤੇ ਅਕਾਦਮਿਕ, ਵਿਗਿਆਨ, ਤਕਨਾਲੋਜੀ ਅਤੇ ਨਵਾਚਾਰ, ਰਾਜਨੀਤੀ, ਪ੍ਰਸ਼ਾਸਨ ਅਤੇ ਰਾਸ਼ਟਰ ਨਿਰਮਾਣ ਵਿੱਚ ਮਹਿਲਾਵਾਂ ਦੀ ਭੂਮਿਕਾ ਅਤੇ ਪ੍ਰਤੀਨਿਧਿਤਾ ਸਬੰਧੀ ਮਹਿਲਾ ਰਿਜ਼ਰਵੇਸ਼ਨ ਬਿੱਲ 2023 (ਨਾਰੀ ਸ਼ਕਤੀ ਵੰਦਨ ਅਧਿਨਿਯਮ) ਦੇ ਪ੍ਰਸਤਾਵਿਤ ਲਾਗੂ ਕਰਨ ਦੇ ਸਮਰਥਨ ਵਿੱਚ ਕਰਵਾਇਆ ਗਿਆ।ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਕਿਹਾ ਕਿ 16–18 ਅਪ੍ਰੈਲ 2026 ਨੂੰ ਸੰਸਦ ਦੇ ਸੈਸ਼ਨ ਦੌਰਾਨ ਇਸ ਅਧਿਨਿਯਮ ਦੇ ਲਾਗੂ ਕਰਨ ਸੰਬੰਧੀ ਵਿਚਾਰ ਹੋਣ ਦੀ ਸੰਭਾਵਨਾ ਹੈ, ਇਸ ਲਈ ਯੂਨੀਵਰਸਿਟੀਆਂ ਨੂੰ ਇਸ ਦੇ ਪ੍ਰਭਾਵਸ਼ਾਲੀ ਲਾਗੂ ਕਰਨ ਲਈ ਕਾਰਗਰ ਸੁਝਾਅ ਦੇਣੇ ਚਾਹੀਦੇ ਹਨ। ਉਨ੍ਹਾਂ ਨੇ ਭਾਗੀਦਾਰਾਂ ਨੂੰ ਲਿੰਗ ਸਮਾਨਤਾ ਅਤੇ ਮਹਿਲਾ ਸਸ਼ਕਤੀਕਰਨ ਦੀ ਸ਼ਪਥ ਦਿਵਾਈ। ਇਸ ਦਾ ਸਮਾਪਨ ਸਭ ਵੱਲੋਂ ਇਕਸੁਰ ਵਿੱਚ “ਮੈਂ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਲਈ ਰਿਜ਼ਰਵੇਸ਼ਨ ਦੇ ਤੁਰੰਤ ਲਾਗੂ ਕਰਨ ਦਾ ਸਮਰਥਨ ਕਰਦਾ/ਕਰਦੀ ਹਾਂ” ਦੇ ਨਾਅਰੇ ਨਾਲ ਹੋਇਆ।
ਸਭਾ ਨੂੰ ਸੰਬੋਧਨ ਕਰਦੇ ਹੋਏ ਵਾਈਸ ਚਾਂਸਲਰ ਪ੍ਰੋ. ਤਿਵਾੜੀ ਨੇ ਕਿਹਾ ਕਿ ਭਾਰਤੀ ਸਮਾਜ ਵਿੱਚ ਲਿੰਗ ਸਮਾਨਤਾ ਲਈ ਲੰਮੇ ਸਮੇਂ ਤੋਂ ਵਕਾਲਤ ਹੋਣ ਦੇ ਬਾਵਜੂਦ ਫ਼ੈਸਲਾ ਲੈਣ ਅਤੇ ਰਾਸ਼ਟਰ ਨਿਰਮਾਣ ਦੀਆਂ ਪ੍ਰਕਿਰਿਆਵਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਜੋ ਵਿਕਸਿਤ ਭਾਰਤ ਦਾ ਉਦੇਸ਼ ਪ੍ਰਾਪਤ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਪੁਰਸ਼-ਪ੍ਰਧਾਨ ਸੋਚ ਅਤੇ ਸਮਾਜਿਕ ਧਾਰਣਾਵਾਂ ਕਾਰਨ ਕਈ ਮਹਿਲਾਵਾਂ ਆਪਣੀ ਗੱਲ ਖੁੱਲ੍ਹ ਕੇ ਨਹੀਂ ਰੱਖ ਸਕਦੀਆਂ ਅਤੇ ਨੇਤ੍ਰਿਤਵ ਦੀਆਂ ਭੂਮਿਕਾਵਾਂ ਵਿੱਚ ਅੱਗੇ ਆਉਣ ਤੋਂ ਹਿਚਕਿਚਾਉਂਦੀਆਂ ਹਨ। ਉਨ੍ਹਾਂ ਨੇ ਮਹਿਲਾ ਵਿਦਿਆਰਥਣਾਂ ਲਈ ਵਿਸ਼ੇਸ਼ ਤਾਲੀਮੀ ਪ੍ਰੋਗਰਾਮ ਅਤੇ ਕੋਚਿੰਗ ਸਹਾਇਤਾ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਅਤੇ ਪ੍ਰਸ਼ਾਸਕੀ ਸੇਵਾਵਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਵਧੇਗੀ। ਉਨ੍ਹਾਂ ਨੇ ਅਖਬਾਰਾਂ, ਕਮਿਊਨਿਟੀ ਰੇਡੀਓ ਅਤੇ ਪਿੰਡ ਪੱਧਰੀ ਜਾਗਰੂਕਤਾ ਅਭਿਆਨਾਂ ਰਾਹੀਂ ਸਮਾਜਿਕ ਜਾਗਰੂਕਤਾ ਵਧਾਉਣ ਅਤੇ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਦੀ ਵੀ ਸਿਫ਼ਾਰਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾਵਾਂ ਅਤੇ ਸਰਕਾਰੀ ਸੰਸਥਾਵਾਂ ਵਿੱਚ ਮਹਿਲਾਵਾਂ ਦੀ ਵਧੀਕ ਭਾਗੀਦਾਰੀ ਸਮਾਵੇਸ਼ੀ ਸ਼ਾਸਨ ਅਤੇ ਟਿਕਾਊ ਰਾਸ਼ਟਰੀ ਵਿਕਾਸ ਲਈ ਅਤਿ-ਆਵਸ਼ਕ ਹੈ।
ਚਰਚਾ ਦਾ ਦੂਜਾ ਦੌਰ 13 ਅਪ੍ਰੈਲ 2026 ਨੂੰ ਹੋਇਆ। ਇਸ ਦੌਰਾਨ ਭਾਗੀਦਾਰਾਂ ਨੇ ਨੀਤੀ-ਨਿਰਧਾਰਣ ਅਤੇ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਦੀ ਘੱਟ ਪ੍ਰਤੀਨਿਧਿਤਾ ਦੇ ਸਮਾਜਿਕ ਅਤੇ ਸੱਭਿਆਚਾਰਕ ਰੁਕਾਵਟਾਂ, ਸੰਰਚਨਾਤਮਕ ਅਤੇ ਸੰਸਥਾਗਤ ਚੁਣੌਤੀਆਂ, ਰਾਜਨੀਤੀ ਅਤੇ ਪ੍ਰਸ਼ਾਸਨ ਵਿੱਚ ਮਹਿਲਾਵਾਂ ਦੀ ਭੂਮਿਕਾ, ਘੱਟ ਪ੍ਰਤੀਨਿਧਿਤਾ ਦੇ ਪ੍ਰਭਾਵ ਅਤੇ ਵਿਕਸਿਤ ਭਾਰਤ ਵਿੱਚ ਮਹਿਲਾਵਾਂ ਦੀ ਅਗਵਾਈ ਵਾਲੀ ਭੂਮਿਕਾ ਵਰਗੇ ਵਿਸ਼ਿਆਂ ’ਤੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡਾ. ਅਨੁਸ਼੍ਰੀ ਜਾਣੂ, ਪ੍ਰੋ. ਸੰਦੀਪ ਕੌਰ, ਡਾ. ਸ਼੍ਰੁਤੀ ਕੰਗਾ, ਡਾ. ਸਮ੍ਰਿਤੀ ਰਾਇ, ਪ੍ਰੋ. ਯੋਗਲਕਸ਼ਮੀ ਕੇ., ਡਾ. ਰੇਬੇਕਾ ਦੇਬਬਰਮਾ, ਡਾ. ਨੀਲੂ ਰਾਵਤ, ਡਾ. ਦੀਪਿਕਾ ਸ੍ਰੀਵਾਸਤਵ, ਪ੍ਰੋ. ਬੰਦਨਾ ਅਤੇ ਪ੍ਰੋ. ਮੋਨੀਸ਼ਾ ਧੀਮਾਨ ਸਮੇਤ ਦਸ ਮਹਿਲਾ ਪ੍ਰਤੀਨਿਧੀਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਵਿਚਾਰ-ਵਟਾਂਦਰੇ ਵਿੱਚ ਸਮਾਜਿਕ ਸੋਚ ਵਿੱਚ ਬਦਲਾਅ ਦੇ ਨਾਲ-ਨਾਲ ਰਾਜਨੀਤੀ, ਨੇਤ੍ਰਿਤਵ, ਸ਼ਾਸਨ ਅਤੇ ਸੰਸਥਾਗਤ ਫ਼ੈਸਲਾ-ਲੈਣ ਦੀਆਂ ਪ੍ਰਕਿਰਿਆਵਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਲਈ ਮਜ਼ਬੂਤ ਨੀਤੀਗਤ ਹਸਤਖੇਪ ਅਤੇ ਸੰਰਚਿਤ ਸਹਾਇਤਾ ਪ੍ਰਣਾਲੀ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ।
ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ. ਕੇ. ਵੁਸਿਰਿਕਾ ਨੇ ਅਕਾਦਮਿਕ ਖੇਤਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਲਈ ਯੂਨੀਵਰਸਿਟੀ ਵੱਲੋਂ ਕੀਤੀਆਂ ਪਹਿਲਾਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਮਹਿਲਾ ਫੈਕਲਟੀ ਅਤੇ ਸਟਾਫ ਦੀ ਵੱਡੀ ਹਿਸੇਦਾਰੀ, ਬੱਚਿਆਂ ਲਈ ਡੇਅ ਕੇਅਰ ਸੁਵਿਧਾ, ਕਰਮਚਾਰੀਆਂ ਅਤੇ ਨੇੜਲੇ ਨਿਵਾਸੀਆਂ ਦੇ ਬੱਚਿਆਂ ਲਈ ਕੇਂਦਰੀ ਵਿਦਿਆਲਯ, ਸਰਵੋਤਮ ਪੀਜੀ ਅਤੇ ਪੀਐਚ.ਡੀ. ਛਾਤਰਾਵਾਂ ਲਈ ਵਾਈਸ ਚਾਂਸਲਰ ਪੁਰਸਕਾਰ, ਮਹਿਲਾ ਅਧਿਆਪਕਾਂ ਲਈ ਪ੍ਰਬੰਧਕੀ ਨੇਤ੍ਰਿਤਵ ਦੇ ਮੌਕੇ ਅਤੇ ਨਿਯਮਾਂ ਅਨੁਸਾਰ ਵਿਸ਼ੇਸ਼ ਛੁੱਟੀਆਂ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਅੰਤ ਵਿੱਚ ਪ੍ਰੋ. ਮੋਨੀਸ਼ਾ ਧੀਮਾਨ ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਯੂਨੀਵਰਸਿਟੀ ਇਸ ਸੈਸ਼ਨ ਤੋਂ ਪ੍ਰਾਪਤ ਸਿਫ਼ਾਰਸ਼ਾਂ ਨੂੰ ਸੰਕਲਿਤ ਕਰਕੇ ਸੰਬੰਧਿਤ ਅਧਿਕਾਰੀਆਂ ਨੂੰ ਭੇਜੇਗੀ ਤਾਂ ਜੋ ਰਾਜਨੀਤੀ ਅਤੇ ਫ਼ੈਸਲਾ-ਲੈਣ ਦੀਆਂ ਪ੍ਰਕਿਰਿਆਵਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਸਮਾਗਮ ਵਿੱਚ ਫੈਕਲਟੀ ਮੈਂਬਰਾਂ ਨੇ ਉਤਸ਼ਾਹਪੂਰਵਕ ਭਾਗ ਲਿਆ।
Click to Follow Babushahi Facebook page →