ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਸਵਰਗੀ ਪਰਮਿੰਦਰ ਸਿੰਘ ਦਾ ਕਾਵਿ-ਸੰਗ੍ਰਿਹ ‘ਤੇਰੀ ਯਾਦ ਵਿੱਚ’ ਕੀਤਾ ਲੋਕ-ਅਰਪਣ
ਪਰਮਜੀਤ ਪਰਮ ਵੱਲੋਂ ਸੰਪਾਦਿਤ ਇਸ ਪੁਸਤਕ ਨੂੰ ਮਿਲਿਆ ਚੰਗਾ ਹੁੰਗਾਰਾ
ਚੰਡੀਗੜ੍ਹ: ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਅੱਜ ਸਥਾਨਕ ਪੰਜਾਬ ਕਲਾ ਭਵਨ ਵਿਖੇ ਇੱਕ ਸਮਾਗਮ ਰਚਾ ਕੇ ਪਰਮਿੰਦਰ ਸਿੰਘ ਦੇ ਲਿਖੇ ਕਾਵਿ-ਸੰਗ੍ਰਿਹ ‘ਤੇਰੀ ਯਾਦ ਵਿੱਚ’ ਨੂੰ ਰਿਲੀਜ਼ ਕੀਤਾ ਅਤੇ ਇਸ ਤੇ ਵਿਚਾਰ ਚਰਚਾ ਕਰਵਾਈ I ਇੱਕ ਸੌ ਦਸ ਕਵਿਤਾਵਾਂ ਨਾਲ਼ ਸਜੇ ਇਸ ਸੰਗ੍ਰਿਹ ਵਿੱਚ ਪੰਜਾਬੀ ਦੀਆਂ 49 ਅਤੇ ਅੰਗਰੇਜ਼ੀ ਦੀਆਂ 61 ਰਚਨਾਵਾਂ ਮੌਜੂਦ ਹਨ ਜਿਨ੍ਹਾਂ ਨੂੰ ਪ੍ਰਸਿੱਧ ਲੇਖਿਕਾ ਪਰਮਜੀਤ ਪਰਮ ਵੱਲੋਂ ਸੰਪਾਦਿਤ ਕੀਤਾ ਗਿਆ ਹੈ I ਜ਼ਿਕਰ ਯੋਗ ਹੈ ਕਿ ਪਰਮਿੰਦਰ ਸਿੰਘ ਸਾਲ 2021 ਵਿੱਚ ਕਰੋਨਾ ਦੀ ਬਿਮਾਰੀ ਦਾ ਸ਼ਿਕਾਰ ਹੁੰਦਿਆਂ ਅਕਾਲ ਚਲਾਣਾ ਕਰ ਗਏ ਸਨ I ਉਹਨਾਂ ਦੀਆਂ ਇਹਨਾਂ ਕਵਿਤਾਵਾਂ ਨੂੰ ਪੁਸਤਕ ਰੂਪ ਵਿੱਚ ਛਪਵਾਉਣ ਦੀ ਜ਼ਿੰਮੇਵਾਰੀ ਪਰਮਜੀਤ ਪਰਮ ਨੇ ਲਈ ਜਿਹੜੇ ਪਰਮਿੰਦਰ ਸਿੰਘ ਦੇ ਭੂਆ ਜੀ ਲੱਗਦੇ ਹਨ I ਪੁਸਤਕ ਲੋਕ-ਅਰਪਣ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਉੱਘੇ ਅਕਾਦਮਿਕ ਵਿਦਵਾਨ ਡਾ. ਦੀਪਕ ਮਨਮੋਹਨ ਸਿੰਘ, ਵਿਸ਼ੇਸ਼ ਮਹਿਮਾਨ ਵਜੋਂ ਸਾਹਿਤਕਾਰਾ ਪ੍ਰਿੰ. ਗੁਰਦੇਵ ਕੌਰ ਪਾਲ, ਸੰਪਾਦਨ ਕਰਤਾ ਲੇਖਿਕਾ ਪਰਮਜੀਤ ਪਰਮ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ, ਲੇਖਕ ਪਰਮਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਕੰਵਲਜੀਤ ਕੌਰ, ਇੰਦਰਪ੍ਰੀਤ ਸਿੰਘ, ਨਿਰਮਲ ਸਿੰਘ ਅਤੇ ਪ੍ਰਕਾਸ਼ਕ ਤਰਲੋਚਨ ਸਿੰਘ ਨੇ ਸ਼ਿਰਕਤ ਕੀਤੀ I
ਮੰਚ ਸੰਚਾਲਨ ਕਰਦਿਆਂ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਪਰਮਿੰਦਰ ਸਿੰਘ ਦੀਆਂ ਇਹਨਾਂ ਮਿਆਰੀ ਕਵਿਤਾਵਾਂ ਨੂੰ ਪੁਸਤਕ ਰੂਪ ਵਿੱਚ ਲਿਆਉਣਾ ਇੱਕ ਵਧੀਆ ਉੱਦਮ ਹੈ I
ਆਪਣੇ ਸਵਾਗਤੀ ਸ਼ਬਦਾਂ ਵਿੱਚ ਗੁਰਨਾਮ ਕੰਵਰ ਨੇ ਕਿਹਾ ਕਿ ਪਰਮਿੰਦਰ ਸਿੰਘ ਮੁੱਹਬਤ ਦਾ ਕਵੀ ਸੀ ਜਿਸ ਨੇ ਵੱਖਰੇ ਅੰਦਾਜ਼ ਵਿੱਚ ਮੋਹ ਭਰੀਆਂ ਪੰਜਾਬੀ ਅਤੇ ਅੰਗਰੇਜ਼ੀ ਕਵਿਤਾਵਾਂ ਸਿਰਜੀਆਂ I
ਮਨਜੀਤ ਕੌਰ ਮੀਤ ਨੇ ਕਿਹਾ ਕਿ ਚੰਗਾ ਸਾਹਿਤ ਚੰਗੇ ਲੋਕਾਂ ਦੇ ਹਿੱਸੇ ਆਉਂਦਾ ਹੈ I ਕੰਵਲਦੀਪ ਕੌਰ ਨੇ ਆਖਿਆ ਕਿ ਇਹ ਕਵਿਤਾਵਾਂ ਸਮਾਜਿਕ ਵਰਤਾਰਿਆਂ ਅਤੇ ਰਿਸ਼ਤਿਆਂ ਦੀ ਨਿੱਘ ਦੁਆਲ਼ੇ ਘੁੰਮਦੀਆਂ ਹਨ I
ਦਵਿੰਦਰ ਕੌਰ ਢਿੱਲੋਂ, ਨਰਿੰਦਰ ਕੌਰ ਲੌਂਗੀਆ ਅਤੇ ਸਿਮਰਜੀਤ ਗਰੇਵਾਲ ਦੇ ਗੀਤ ਸਰੋਤਿਆਂ ਵੱਲੋਂ ਬੜੇ ਸਰਾਹੇ ਗਏ I ਬਲਕਾਰ ਸਿੱਧੂ ਦੇ ਸ਼ਬਦਾਂ ਵਿੱਚ ਕਵਿਤਾ ਦੇ ਅੰਦਰ ਵਸੇ ਅਹਿਸਾਸ ਦਾ ਜ਼ਿਕਰ ਅਹਿਮ ਸੀ I ਵਿਜੇ ਕਪੂਰ ਨੇ ਕਿਹਾ ਕਿ ਸਾਰੀਆਂ ਕਵਿਤਾਵਾਂ ਇਨਸਾਨੀਅਤ ਦੀ ਤਰਜਮਾਨੀ ਕਰਦੀਆਂ ਹਨ I ਮਲਕੀਅਤ ਬਸਰਾ ਨੇ ਕਿਹਾ ਸਾਹਿਤ ਦੀ ਵਿਰਾਸਤ ਦੀ ਇਹ ਅਨੋਖੀ ਮਿਸਾਲ ਹੈ I ਗੁਰਦਰਸ਼ਨ ਸਿੰਘ ਮਾਵੀ ਨੇ ਕਿਹਾ ਕਿ ਪਰਮਜੀਤ ਪਰਮ ਦਾ ਇਹ ਹੰਭਲਾ ਸਲਾਹੁਣਯੋਗ ਹੈ I ਪਰਮਜੀਤ ਪਰਮ ਨੇ ਕਿਹਾ ਕਿ ਇਹਨਾਂ ਕਵਿਤਾਵਾਂ ਨੂੰ ਇੱਕੱਠੀਆਂ ਕਰਕੇ ਪੁਸਤਕ ਰੂਪ ਵਿੱਚ ਲੈ ਕੇ ਆਉਣ ਦਾ ਇਹ ਉਪਰਾਲਾ ਦਰਅਸਲ ਪਰਮਿੰਦਰ ਸਿੰਘ ਦੀ ਕਲਮ ਨੂੰ ਸ਼ਰਧਾਂਜਲੀ ਹੈ I ਉਹਨਾਂ ਕਿਹਾ ਕਿ ਸਾਹਿਤ ਦੀ ਇਹ ਪ੍ਰੰਪਰਾ ਅੱਗੋਂ ਵੀ ਇਸੇ ਤਰਾਂ ਤੁਰਦੀ ਰਵ੍ਹੇ ਇਹ ਉਹਨਾਂ ਦੇ ਦਿਲ ਦਾ ਅਰਮਾਨ ਹੈ I ਪਰਮਜੀਤ ਪਰਮ ਨੇ ਕਿਤਾਬਾਂ ਦਾ ਇੱਕ ਸੈੱਟ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਡਾ. ਸੁਚਿੰਤਨ ਸਿੱਧੂ ਨੂੰ ਭੇਂਟ ਕੀਤਾ I ਵਿਸ਼ੇਸ਼ ਮਹਿਮਾਨ ਪ੍ਰਿੰ. ਗੁਰਦੇਵ ਪਾਲ ਦਾ ਕਹਿਣਾ ਸੀ ਕਿ ਪਰਮਿੰਦਰ ਦੀ ਕਵਿਤਾ ਮਨੁੱਖ ਦੇ ਅੰਗ-ਸੰਗ ਕੁਦਰਤ ਅਤੇ ਅੰਦਰ ਵਸੀ ਗਹਿਰੀ ਮੁਹੱਬਤ ਦੀ ਕਵਿਤਾ ਹੈ I ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਪੁਸਤਕ ਵਿਚਲੀ ਹਰ ਕਵਿਤਾ ਪਰਮਿੰਦਰ ਸਿੰਘ ਦੇ ਨਿੱਘੇ ਸੁਭਾਅ ਦੇ ਬਹੁਤ ਨੇੜੇ ਪ੍ਰਤੀਤ ਹੁੰਦੀ ਹੈ I ਉਹਨਾਂ ਕਿਹਾ ਕਿ ਸ਼ਬਦ ਜਾਂ ਰਚਨਾ ਲੇਖਕ ਦੀ ਸ਼ਖ਼ਸੀਅਤ ਦਾ ਪਰਛਾਂਵਾਂ ਹੁੰਦਾ ਹੈ I ਲੇਖਕ ਦੇ ਪਰਿਵਾਰ ਵੱਲੋਂ ਬੋਲਦਿਆਂ ਜਸਪ੍ਰੀਤ ਕੌਰ ਪ੍ਰੇਰਨਾ ਨੇ ਕਿਹਾ ਕਿ ਸਾਹਿਤ ਵਿੱਚ ਪਰਮਾਤਮਾ ਦੀ ਜੋਤ ਹੁੰਦੀ ਹੈ I ਪਰਮਿੰਦਰ ਸਿੰਘ ਦੇ ਭਰਾ ਇੰਦਰਪ੍ਰੀਤ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਇਹ ਸਮਾਗਮ ਰਚਾ ਕੇ ਪਰਿਵਾਰ ਨੂੰ ਬਹੁਤ ਮਾਣ ਬਖਸ਼ਿਆ ਹੈ I ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਕਿਹਾ ਸਮਾਗਮਾਂ ਦੀ ਵਿਲੱਖਣਤਾ ਹੀ ਮਿਆਰੀ ਬਣ ਸਾਹਵੇਂ ਆਉਂਦੀ ਹੈ I ਇਸ ਸਮਾਰੋਹ ਵਿੱਚ ਜਿਨ੍ਹਾਂ ਹੋਰ ਸਾਹਿਤਕਾਰਾਂ, ਬੁੱਧੀਜੀਵੀਆਂ ਅਤੇ ਲੇਖਕ ਦੇ ਪਰਿਵਾਰਕ ਮੈਂਬਰਾਂ ਨੇ ਹਾਜ਼ਰੀ ਲੁਆਈ ਉਹਨਾਂ ਵਿੱਚ ਹਰਮਿੰਦਰ ਕਾਲੜਾ, ਹਰਭਜਨ ਕੌਰ ਢਿੱਲੋਂ, ਏ. ਐੱਸ ਪਾਲ, ਊਸ਼ਾ ਕੰਵਰ, ਵਰਿੰਦਰ ਚੱਠਾ, ਹਰਜੀਤ ਸਿੰਘ, ਪੰਮੀ ਸਿੱਧੂ ਸੰਧੂ, ਰਜਿੰਦਰ ਸਿੰਘ ਧੀਮਾਨ, ਸੁਖਵਿੰਦਰ ਸਿੰਘ ਸਿੱਧੂ, ਕ੍ਰਿਸ਼ਮਾ ਵਰਮਾ, ਜਯਾ ਸੂਦ, ਸੁਨੀਲਮ ਮੰਡ, ਲਾਭ ਸਿੰਘ ਲਹਿਲੀ, ਰਜਿੰਦਰ ਕੌਰ ਸਰਾਂ, ਜੀ ਬਾਜ਼ ਸਿੰਘ, ਸੁਖਵਿੰਦਰ ਸਿੰਘ ਸਰਾਓ, ਚਰਨਜੀਤ ਕੌਰ ਬਾਠ, ਸਰਬਜੀਤ ਸਿੰਘ ਪੱਡਾ, ਰਤਨ ਬਾਬਕਵਾਲਾ, ਨਰਿੰਦਰ ਸਿੰਘ ਦੌੜਕਾ, ਦਵਿੰਦਰ ਕੌਰ, ਅਮਨਪ੍ਰੀਤ ਕੌਰ, ਹਰਪਾਲ ਸਿੰਘ ਲੂਥਰਾ, ਭਗਤ ਰਾਮ ਰੰਗਾੜ੍ਹਾ, ਦਰਸ਼ਨ ਤਿਉਣਾ, ਮਨਜੀਤ ਕੌਰ ਮੋਹਾਲੀ, ਰੇਖਾ ਮਿੱਤਲ, ਜਗਦੀਸ਼ ਸਿੰਘ, ਬਲਜੀਤ ਕੌਰ ਬੁੱਟਰ ਢਿੱਲੋਂ, ਬਲਵਿੰਦਰ ਸਿੰਘ ਢਿੱਲੋਂ, ਰਾਖੀ ਬਾਲਾਸੁਬਰਾਮਨੀਅਮ, ਜੋਗਿੰਦਰ ਸਿੰਘ ਜੱਗਾ, ਦਲਜੀਤ ਕੌਰ, ਰਜਿੰਦਰ ਸਿੰਘ, ਹਰੀਸ਼ ਕੁਮਾਰ, ਰਮੇਸ਼ ਕੁਮਾਰ, ਸਿਕੰਦਰ ਸਿੰਘ, ਕੁਲਦੀਪ ਕੌਰ, ਵਿਨੋਦ ਸ਼ਰਮਾ, ਮਨਮੋਹਨ ਅਰੋੜਾ, ਜਗਦੀਪ ਕੌਰ, ਡਾ. ਪੀ. ਐੱਸ ਬੱਗਾ, ਤਜਿੰਦਰ ਕੌਰ, ਲਲਿਤਾ ਪੁਰੀ ਰਾਜਮਨੋਹਰ, ਡਾ. ਅਵਤਾਰ ਸਿੰਘ ਪਤੰਗ, ਅਜਾਇਬ ਔਜਲਾ, ਡਾ. ਮਨਜੀਤ ਸਿੰਘ ਮਝੈਲ, ਮਨਜੀਤ ਸਿੰਘ ਅਤੇ ਰਘਵਿੰਦਰ ਸਿੰਘ ਦੇ ਨਾਮ ਜ਼ਿਕਰੇ ਖ਼ਾਸ ਹਨ I