ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦਾ ਸੰਤ ਸੀਚੇਵਾਲ ਨੇ ਲਿਆ ਜਾਇਜਾ
ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਦੇਰੀ ‘ਤੇ ਪ੍ਰਗਟਾਈ ਨਰਾਜ਼ਗੀ
ਬਲਵਿੰਦਰ ਸਿੰਘ ਧਾਲੀਵਾਲ
*ਸੁਲਤਾਨਪੁਰ ਲੋਧੀ, 29 ਅਕਤੂਬਰ 2025- ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 556 ਵੇਂ ਪ੍ਰਕਾਸ਼ ਪੁਰਬ ਨੂੰ ਲੈਕੇ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਾਇਜਾ ਲਿਆ। ਉਨ੍ਹਾਂ ਅੱਜ ਸੰਤ ਘਾਟ ਨੇੜੇ ਪਲਟੂਨ ਪੁਲ ਮੁੜ ਤੋਂ ਰੱਖੇ ਜਾਣ ਨੂੰ ਮੌਕੇ ‘ਤੇ ਜਾ ਕੇ ਦੇਖਿਆ। ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਸ਼ਹਿਰ ਦੀਆਂ ਪਿਛਲੇ ਤਿੰਨ ਸਾਲਾਂ ਤੋਂ ਪੁੱਟੀਆਂ ਸੜਕਾਂ ਦਾ ਨਿਰਮਾਣ ਸਮੇਂ ਸਿਰ ਨਾ ਹੋਣ ‘ਤੇ ਤਿੱਖੀ ਪ੍ਰਤੀਕ੍ਰਿਆ ਦਿੰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਪ੍ਰਸ਼ਾਸ਼ਨ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਉਨ੍ਹੀ ਗੰਭੀਰਤਾ ਨਾਲ ਨਹੀਂ ਲੈ ਰਿਹਾ ਜਦ ਕਿ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦੋ ਮਹੀਨੇ ਪਹਿਲਾਂ ਸ਼ੁਰੂ ਹੋ ਜਾਣੀਆਂ ਚਾਹੀਦੀਆਂ ਸਨ।
ਸੰਤ ਸੀਚੇਵਾਲ ਨੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਨਾਲ ਵੀ ਫੋਨ ‘ਤੇ ਗੱਲ ਕਰਦਿਆ ਉਨ੍ਹਾਂ ਨੂੰ ਸੜਕਾਂ ਦਾ ਕੰਮ 5 ਨਵੰਬਰ ਤੋਂ ਪਹਿਲਾਂ ਕਰਨ ਦੀਆਂ ਹਦਾਇਤਾਂ ਕੀਤੀਆਂ। ਇਸੇ ਤਰ੍ਹਾਂ ਸੁਲਤਾਨਪੁਰ ਦੀ ਐਸ.ਡੀ.ਐਮ ਅਲਕਾ ਕਾਲੀਆ ਨਾਲ ਵੀ ਫੋਨ ‘ਤੇ ਗੱਲ ਕੀਤੀ ਤੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਦੀਆਂ ਹਦਾਇਤਾਂ ਕੀਤੀਆਂ।
ਸੰਤ ਸੀਚੇਵਾਲ ਨੇ ਦੱਸਿਆ ਕਿ ਸਾਲ 2019 ਵਿੱਚ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵੱਡੇ ਐਲਾਨ ਹੋਏ ਸਨ। ਇੰਨ੍ਹਾਂ ਵਿੱਚ ਬਾਬੇ ਨਾਨਕ ਦਾ ਪਿੰਡ ਬਣਾਉਣ ਅਤੇ ਕੇਂਦਰ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਐਲਾਨਿਆ ਸੀ। ਪਵਿੱਤਰ ਵੇਈਂ ਦੀ ਸਫਾਈ ਅਤੇ ਇਸ ਦੇ ਸੁੰਦਰੀਕਰਨ ਲਈ 46 ਕਰੋੜ ਰੁਪਏ ਆਏ ਸਨ ਅਜੇ ਤੱਕ ਨਹੀਂ ਲੱਗੇ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਨੂੰ ਅਪਰਾਧ ਮੁਕਤ ਕਰਨ ਲਈ ਸ਼ਹਿਰ ਵਿੱਚ ਸੀਸੀਟੀਵੀ ਕੈਮਰੇ ਲੱਗਣੇ ਸਨ ਪਰ ਉਹ ਪ੍ਰੋਜੈਕਟ ਪੂਰਾ ਨਹੀਂ ਹੋਇਆ। ਡਰੇਨ ਪੱਕੀ ਕਰਨੀ ਸੀ। ਸਰਕਾਰੀ ਸਕੂਲ ਦਾ ਕੰਮ ਅਧੂਰਾ ਪਿਆ। ਸ਼ਹਿਰ ਵਿੱਚ ਪਾਰਕਾਂ ਬਣਨੀਆਂ ਸਨ। ਉਨ੍ਹਾਂ ਦਾ ਨਿਰਮਾਣ ਨਹੀਂ ਹੋਇਆ।
ਸੰਤ ਸੀਚੇਵਾਲ ਨੇ ਕਿਹਾ ਕਿ ਦੇਸ਼ -ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਲਈ ਰਿਹਾਇਸ਼ ਦਾ ਪ੍ਰਬੰਧ 550ਵੇਂ ਪ੍ਰਕਾਸ਼ ਪੁਰਬ ਦੀ ਤਰਜ਼ ‘ਤੇ ਕੀਤੇ ਜਾਵੇਗਾ। ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੰਗਤਾਂ ਨੂੰ ਆਪਣੇ ਘਰਾਂ ਵਿੱਚ ਠਹਿਰਾਉਣ ਲਈ ਅੱਗੇ ਆਉਣ। ਉਹਨਾਂ ਦੱਸਿਆ ਕਿ ਗੁਰਪੁਰਬ ਮੌਕੇ ਸੰਗਤਾਂ ਦੀ ਆਮਦ ਮੌਕੇ ਵੇਈਂ ਕਿਨਾਰੇ ਸੇਵਾਦਾਰਾਂ ਵੱਲੋਂ ਰੰਗ ਰੋਗਨ ਕੀਤਾ ਜਾ ਰਿਹਾ ਹੈ।
ਐਤਕੀ ਕਿਸਾਨਾਂ ਨੇ ਪਰਾਲੀ ਨੁੰ ਅੱਗ ਨਹੀਂ ਲਾਈ
ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਸ ਵਾਰ ਝੋਨੇ ਦੀ ਪਰਾਲੀ ਨੂੰ ਇਸ ਇਲਾਕੇ ਵਿੱਚ ਬਹੁਤ ਘੱਟ ਅੱਗ ਲੱਗੀ ਹੈ। ਉਹ ਰੋਜ਼ਾਨਾ ਸੀਚੇਵਾਲ ਤੋਂ ਸੁਲਤਾਨਪੁਰ ਲੋਧੀ ਤੇ ਬਾਊਪੁਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਏਨੇ ਇਲਾਕੇ ਵਿੱਚ ਉਨ੍ਹਾਂ ਪਰਾਲੀ ਨੂੰ ਅੱਗ ਲੱਗੀ ਨਹੀਂ ਦੇਖੀ। ਉਨ੍ਹਾਂ ਕਿਸਾਨਾਂ ਨੂੰ ਵਧਾਈ ਵੀ ਦਿੱਤੀ ਕਿ ਉਨ੍ਹਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ। ਉਨ੍ਹਾਂ ਦੱਸਿਆ ਕਿ ਕੁਲ 6 ਨਗਰ ਕੀਰਤਨਾਂ ਦਾ ਅਯੋਜਨ ਕੀਤਾ ਜਾਣਾ ਹੈ। ਇਸ ਵਿੱਚੋਂ ਇੱਕ ਨਗਰ ਕੀਰਤਨ ਸੰਪੂਰਨ ਹੋ ਗਿਆ ਹੈ ਤੇ ਦੂਜਾ ਨਗਰ ਕੀਰਤਨ 30 ਅਕਤੂਬਰ ਨੂੰ ਆਹਲੀ ਕਲਾਂ ਤੋਂ ਸੁਲਤਾਨਪੁਰ ਲੋਧੀ ਆਵੇਗਾ।