ਪੀ.ਏ.ਯੂ. ਨੇ ਵਿਦਿਆਰਥੀਆਂ ਨੂੰ ਨੌਕਰੀ ਲਈ ਤਿਆਰੀ ਦੇ ਗੁਰ ਦੱਸੇ
ਲੁਧਿਆਣਾ , 7 ਫਰਵਰੀ 2025 :
ਪੀ.ਏ.ਯੂ. ਦੇ ਕਾਊਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਨੇ ਬੀਤੇ ਦਿਨੀਂ ਕੈਰੀਅਰ ਕਾਊਸਲਿੰਗ ਅਤੇ ਨੌਕਰੀ ਲਈ ਬਾਇਓਡਾਟਾ ਬਨਾਉਣ ਦੇ ਵਿਸ਼ੇ ਤੇ ਬਾਗਬਾਨੀ ਕਾਲਜ ਦੇ ਵਿਦਿਆਰਥੀਆਂ ਵਾਸਤੇ ਇਕ ਵਿਸ਼ੇਸ਼ ਸੈਸ਼ਨ ਕਰਵਾਇਆ। ਯੂਨੀਵਰਸਿਟੀ ਕਾਊਂਸਲਿੰਗ ਅਤੇ ਪਲੇਸਮੈਂਟ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਇਸਦੇ ਮੁੱਖ ਵਕਤਾ ਸਨ। ਬੀ ਐੱਸ ਸੀ ਬਾਗਬਾਨੀ ਦੇ ਤੀਜੇ ਵਰ੍ਹੇ ਦੇ 50 ਤੋਂ ਵਧੇਰੇ ਵਿਦਿਆਰਥੀਆਂ ਨੇ ਇਸ ਆਯੋਜਨ ਵਿਚ ਸ਼ਿਰਕਤ ਕੀਤੀ।
ਡਾ. ਧਰਨੀ ਨੇ ਨੌਕਰੀ ਲਈ ਲੋੜੀਂਦੀਆਂ ਮੁਹਾਰਤਾਂ ਅਤੇ ਯੋਗਤਾਵਾਂ ਹਾਸਲ ਕਰਨ ਦੇ ਗੁਰ ਵਿਦਿਆਰਥੀਆਂ ਨੂੰ ਦੱਸੇ। ਉਹਨਾਂ ਕਿਹਾ ਕਿ ਨੌਕਰੀ ਕਰਨ ਲਈ ਸਮੇਂ ਅਨੁਸਾਰ ਸਹੀ ਫੈਸਲੇ, ਢੁੱਕਵਾਂ ਸੰਚਾਰ, ਸਾਂਝੀਵਾਲਤਾ ਦੀ ਭਾਵਨਾ ਅਤੇ ਸੰਸਥਾਗਤ ਅਨੁਸ਼ਾਸਨ ਵਰਗੇ ਗੁਣ ਹਰ ਵਿਦਿਆਰਥੀ ਨੂੰ ਵਿਦਿਅਕ ਯੋਗਤਾ ਦੇ ਨਾਲ-ਨਾਲ ਆਪਣੇ ਵਿਚ ਭਰਨੇ ਚਾਹੀਦੇ ਹਨ। ਅੱਜ ਦੇ ਮੁਕਾਬਲੇ ਦੇ ਯੁਗ ਵਿਚ ਸਿਰਫ ਡਿਗਰੀ ਹਾਸਲ ਕਰਨ ਦੀ ਪ੍ਰਕਿਰਿਆ ਹੀ ਕਾਫੀ ਨਹੀਂ ਬਲਕਿ ਸ਼ਖਸੀਅਤ ਦਾ ਸਰਵਪੱਖੀ ਵਿਕਾਸ ਲਾਜ਼ਮੀ ਹੈ। ਉਹਨਾਂ ਕਿਹਾ ਕਿ ਇਸਲਈ ਬਾਇਓਡਾਟਾ ਜਾਂ ਵਿਵਰਣ ਪੱਤਰ ਬਣਾ ਕੇ ਆਪਣੀਆਂ ਮੁਹਾਰਤਾਂ ਦਾ ਪ੍ਰਦਰਸ਼ਨ ਕਰਨਾ ਵੀ ਇਕ ਕਲਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਵਿਵਰਣ ਪੱਤਰ ਬਨਾਉਣ ਦੇ ਗੁਰ ਦੱਸੇ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਯੂਨੀਵਰਸਿਟੀ ਦੇ ਕਾਊਂਸਲਿੰਗ ਅਤੇ ਪਲੇਸਮੈਂਟ ਅਗਵਾਈ ਸੈੱਲ ਵੱਲੋਂ ਕੀਤੇ ਜਾ ਯਤਨਾਂ ਦੀ ਸ਼ਲਾਘਾ ਕੀਤੀ।