ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੇ ਮਾਹਿਰਾਂ ਦੇ ਰੂਬਰੂ ਹੋਏ
ਲੁਧਿਆਣਾ 7 ਫਰਵਰੀ
ਕੈਨੇਡਾ ਦੀ ਗਿਊਲੇਫ ਯੂਨੀਵਰਸਿਟੀ ਦੇ ਇੰਜਨੀਅਰਿੰਗ ਅਤੇ ਸਰੀਰਕ ਵਿਗਿਆਨ ਕਾਲਜ ਦੇ ਜਾਣੇ-ਪਛਾਣੇ ਵਿਗਿਆਨੀ ਡਾ. ਰਮੇਸ਼ ਰੁਦਰਾ ਬੀਤੇ ਦਿਨੀਂ ਵਿਸ਼ੇਸ਼ ਤੌਰ ਤੇ ਪੀ.ਏ.ਯੂ. ਵਿਖੇ ਆਏ। ਯਾਦ ਰਹੇ ਕਿ ਉਹ ਪੀ.ਏ.ਯੂ. ਦੇ ਪੁਰਾਣੇ ਵਿਦਿਆਰਥੀ ਰਹੇ ਹਨ। ਇਸ ਦੌਰਾਨ ਡਾ. ਰੁਦਰਾ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਲਈ ਕੁਝ ਪਲ ਠਹਿਰੇ। ਉਹਨਾਂ ਨਾਲ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੇ ਸਾਬਕਾ ਮਾਹਿਰ ਡਾ. ਜੇ ਕੇ ਚਾਵਲਾ ਵੀ ਸਨ। ਇਸ ਦੌਰਾਨ ਵਿਭਾਗ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਹਨਾਂ ਦੇ ਅਨੁਭਵਾਂ ਨਾਲ ਸੰਵਾਦ ਰਚਾ ਕੇ ਲਾਹਾ ਲਿਆ।
ਗੱਲਬਾਤ ਦੌਰਾਨ ਡਾ. ਰੁਦਰਾ ਨੇ ਖੇਤੀ ਲਈ ਪਾਣੀ ਦੇ ਪ੍ਰਬੰਧਨ ਸੰਬੰਧੀ ਗੱਲਬਾਤ ਕੀਤੀ। ਉਹਨਾਂ ਨੇ ਪਾਣੀ ਦੇ ਮਿਆਰ ਅਤੇ ਮਿਕਦਾਰ ਦੇ ਨਾਲ-ਨਾਲ ਇਸਦੇ ਪ੍ਰਦੂਸ਼ਣ ਸੰਬੰਧੀ ਬਾਰੀਕ ਨੁਕਤਿਆਂ ਤੇ ਗੱਲਬਾਤ ਕੀਤੀ। ਨਾਲ ਹੀ ਡਾ. ਰੁਦਰਾ ਨੇ ਭੂਮੀ ਦੀਆਂ ਸਮੱਸਿਆਵਾਂ ਅਤੇ ਉਹਨਾਂ ਨੂੰ ਦੂਰ ਕਰਨ ਦੇ ਨੁਕਤੇ ਵੀ ਸੁਝਾਏ। ਗੱਲਬਾਤ ਦੌਰਾਨ ਉਹਨਾਂ ਭੂਮੀ ਅਤੇ ਪਾਣੀ ਦੇ ਖੇਤਰ ਵਿਚ ਅਤਿ ਆਧੁਨਿਕ ਤਕਨੀਕਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਉਂਦਿਆਂ ਇਸ ਖੇਤਰ ਦੇ ਖੋਜੀਆਂ ਨੂੰ ਦੁਨੀਆਂ ਦੀਆਂ ਨਵੀਆਂ ਤਕਨੀਕਾਂ ਦੇ ਮੋਢੇ ਨਾਲ ਮੋਢਾ ਜੋੜਨ ਕੇ ਚੱਲਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਇਸਤੇਮਾਲ ਕੀਤੇ ਪਾਣੀ ਦੇ ਮੁੜ ਸੁਧਾਰ ਲਈ ਵੱਖ-ਵੱਖ ਤਰ੍ਹਾਂ ਦੇ ਫਿਲਟਰਾਂ ਬਾਰੇ ਵੀ ਗੱਲ ਕੀਤੀ।
ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਜੇ ਪੀ ਸਿੰਘ ਨੇ ਡਾ. ਰੁਦਰਾ ਨਾਲ ਜਾਣ ਪਛਾਣ ਕਰਾਉਦਿਆਂ 40 ਸਾਲ ਤੋਂ ਵਧੇਰੇ ਦੇ ਉਹਨਾਂ ਦੇ ਅਕਾਦਮਿਕ ਅਤੇ ਅਧਿਆਪਨੀ ਸਫਰ ਨਾਲ ਜਾਣ-ਪਛਾਣ ਕਰਾਈ।
ਡਾ. ਸਮਨਪ੍ਰੀਤ ਕੌਰ ਨੇ ਵਿਦਵਾਨ ਮਾਹਿਰ ਦਾ ਸਵਾਗਤ ਕੀਤਾ।
ਇਸ ਮੌਕੇ ਮਾਹਿਰਾਂ ਨੇ ਡਾ. ਰੁਦਰਾ ਨੂੰ ਚਾਲੂ ਖੋਜ ਪ੍ਰੋਜੈਕਟਾਂ ਸੰਬੰਧੀ ਜਾਣਕਾਰੀ ਦਿੱਤੀ। ਪੀ ਜੀ ਵਿਦਿਆਰਥੀਆਂ ਨੇ ਮਹਿਮਾਨ ਮਾਹਿਰ ਨੂੰ ਧਿਆਨ ਨਾਲ ਸੁਣਿਆ ਅਤੇ ਉਹਨਾਂ ਨਾਲ ਸਵਾਲ-ਜਵਾਬ ਵੀ ਕੀਤੇ।