ਨਾਰੀਅਲ ਪਾਣੀ ਵੇਚਣ ਵਾਲਿਆਂ ਨੇ ਆਰਮੀ ਮੂਵਮੈਂਟ ਦੀ ਬਣਾਈ ਵੀਡੀਓ ,ਦੋ ਗ੍ਰਿਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ, 15 ਮਈ 2025 - ਗੁਰਦਾਸਪੁਰ ਦੀ ਤਿੱਬੜੀ ਸੈਣਿਕ ਛਾਉਣੀ ਦੇ ਨੇੜੇ ਸੈਨਿਕ ਮੂਵਮੈਂਟ ਦੀ ਵੀਡੀਓ ਅਤੇ ਤਸਵੀਰਾਂ ਖਿੱਚਣ ਤੇ ਦੋਸ਼ ਹੇਠ ਦੋ ਸ਼ੱਕੀ ਨੌਜਵਾਨਾਂ ਨੂੰ ਮਿਲਟਰੀ ਇੰਟੈਲੀਜੈਂਸ ਵੱਲੋ ਕਾਬੂ ਕੀਤਾ ਗਿਆ। ਇਹ ਘਟਨਾ 9 ਮਈ ਦੀ ਹੈ ਜੱਦ ਭਾਰਤ ਪਾਕਿਸਤਾਨ ਅੰਦਰ ਜੰਗ ਵਰਗੇ ਨਾਜੂਕ ਹਾਲਾਤ ਬਣੇ ਹੋਏ ਸਨ। ਉਨ੍ਹਾਂ ਨੂੰ ਬਾਅਦ ਵਿੱਚ ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਵਿਰੁੱਧ ਗੰਭੀਰ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ।
ਕਾਬੂ ਕੀਤੇ ਗਏ ਪ੍ਰਵਾਸੀ ਨੌਜਵਾਨਾਂ ਦੀ ਪਛਾਣ ਫੈਜ਼ ਹੁਸੈਨ ਪੁੱਤਰ ਸਾਜਿਦ ਸਾਹ ਅਤੇ ਬਬਲੂ ਪੁੱਤਰ ਬਦਲੂ ਸਾਹ ਵਜੋਂ ਹੋਈ ਹੈ। ਦੋਹਾਂ ਦਾ ਸਬੰਧ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਰੇਲੀ ਦੇ ਮੀਰਗੰਜ ਖੇਤਰ ਵਿਚ ਆਉਣ ਵਾਲੇ ਪਿੰਡ ਜ਼ਫ਼ਰਪੁਰ ਨਾਲ ਹੈ।
ਮਿਲੀ ਜਾਣਕਾਰੀ ਮੁਤਾਬਕ, ਦੋਹਾਂ ਨੌਜਵਾਨਾਂ ਨੇ ਨਵਾਂ ਸ਼ਾਲਾ ਖੇਤਰ ‘ਚ ਛਾਉਣੀ ਦੇ ਨੇੜੇ ਨਾਰੀਅਲ ਵੇਚਣ ਦੀ ਆੜ ਲਈ ਹੋਈ ਸੀ। ਮਿਲਟਰੀ ਇੰਟੈਲੀਜੈਂਸ ਵੱਲੋਂ ਉਨ੍ਹਾਂ ਨੂੰ ਫੋਜੀ ਗਤਿਵਿਧਿਆਂ ਦੀ ਵੀਡੀਓ ਬਣਾਉਂਦੇ ਅਤੇ ਫੋਟੋ ਖਿੱਚਦੇ ਫੜਿਆ ਗਿਆ। ਉਨ੍ਹਾਂ ਦੇ ਮੋਬਾਈਲ ‘ਚ ਫੌਜੀ ਮੂਵਮੈਂਟ ਦੀਆਂ ਵੀਡੀਓਜ਼ ਅਤੇ ਕੁਝ ਪਾਕਿਸਤਾਨੀ ਨੰਬਰ ਵੀ ਮਿਲੇ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪੁਰਾਣਾ ਸ਼ਾਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਇਸ ਸੰਬੰਧੀ 9 ਮਈ 2025 ਨੂੰ ਥਾਣਾ ਪੁਰਾਣਾ ਸ਼ਾਲਾ ‘ਚ ‘ਆਫ਼ਿਸ਼ੀਅਲ ਸੀਕ੍ਰੇਟ ਐਕਟ 1923’ ਦੀ ਧਾਰਾ 3 ਅਤੇ 4 ਅਧੀਨ ਮਾਮਲਾ ਦਰਜ ਕੀਤਾ ਗਿਆ ਅਤੇ ਅਦਾਲਤੀ ਕਾਰਵਾਈ ਤੋਂ ਬਾਅਦ ਦੋਹਾਂ ਨੂੰ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਹੈ।