ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਜਾਇਦਾਦ ਢਾਹੀ
- ਨਸ਼ਾ ਤਸਕਰਾਂ ਲਈ ਸਮਾਜ ‘ਚ ਕੋਈ ਥਾਂ ਨਹੀਂ- ਐਸ.ਐਸ.ਪੀ ਵਰੁਣ ਸ਼ਰਮਾ
- ਕਿਹਾ, ਨਸ਼ੇ ਦੇ ਕਾਲੇ ਕਾਰੋਬਾਰ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਨਹੀਂ ਹੋਣ ਦੇਵਾਂਗੇ
ਬਨੂੜ/ਰਾਜਪੁਰਾ, 5 ਜੁਲਾਈ 2025 - ਪਟਿਆਲਾ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇੱਕ ਅਹਿਮ ਕਾਰਵਾਈ ਕਰਦਿਆਂ ਐਸ.ਐਸ.ਪੀ ਪਟਿਆਲਾ ਵਰੁਣ ਸ਼ਰਮਾ ਦੀ ਅਗਵਾਈ ਹੇਠ ਥਾਣਾ ਬਨੂੜ ਵਿਖੇ ਇੱਕ ਨਸ਼ਾ ਤਸਕਰ ਦੀ ਗ਼ੈਰਕਾਨੂੰਨੀ ਜਾਇਦਾਦ ਨੂੰ ਨਗਰ ਕੌਂਸਲ ਵੱਲੋਂ ਜੇਸੀਬੀ ਮਸ਼ੀਨ ਨਾਲ ਢੁਹਾਉਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਮੌਕੇ ‘ਤੇ ਪੁੱਜੇ ਐਸ.ਐਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਅਰੰਭੀ ਮੁਹਿੰਮ ਨੂੰ ਲਗਾਤਾਰ ਵੱਡੀ ਸਫਲਤਾ ਹਾਸਲ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਦੋ ਭਰਾਵਾਂ ਮੋਹਨ ਸਿੰਘ ਉਰਫ ਮੋਗਲੀ ਤੇ ਸੁਰਜੀਤ ਸਿੰਘ ਵਲੋਂ ਵਾਰਡ ਨੰ. 4 ਮੁਹੱਲਾ ਸੈਣੀਵਾਲਾ ਬਨੂੜ ਜ਼ਿਲ੍ਹਾ ਮੋਹਾਲੀ ਵਿਖੇ ਨਜਾਇਜ ਉਸਾਰੀ ਕੀਤੀ ਗਈ ਸੀ, ਜਿਸ ਨੂੰ ਢਾਹੁਣ ਲਈ ਨਗਰ ਕੌਂਸਲ ਬਨੂੜ ਵੱਲੋਂ ਕਾਰਵਾਈ ਕੀਤੀ ਗਈ ਹੈ ਅਤੇ ਪੁਲਿਸ ਨੇ ਸੁਰੱਖਿਆ ਪ੍ਰਬੰਧ ਕੀਤੇ ਹਨ।
ਉਨ੍ਹਾਂ ਸਖ਼ਤ ਸੁਨੇਹਾ ਦਿੰਦੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਵੱਲੋਂ ਨਜਾਇਜ ਤਰੀਕੇ ਨਾਲ ਉਸਾਰੇ ਗਏ ਇਮਾਰਤੀ ਢਾਂਚੇ ਨੂੰ ਕਿਸੇ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਜਾਂ ਗ੍ਰਾਮ ਪੰਚਾਇਤ ਵੱਲੋਂ ਜਦੋਂ ਢੁਹਾਉਣ ਲਈ ਪੁਲਿਸ ਕੋਲ ਪਹੁੰਚ ਕੀਤੀ ਜਾਂਦੀ ਹੈ ਤਾਂ ਪੁਲਿਸ ਸੁਰੱਖਿਆ ਪ੍ਰਦਾਨ ਕਰਨ ਸਮੇਤ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਤਾਇਨਾਤ ਕੀਤੀ ਜਾਂਦੀ ਹੈ।
ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਵੀ ਇੱਕ ਨਸ਼ਾ ਤਸਕਰ ਦੁਆਰਾ ਗੈਰ-ਕਾਨੂੰਨੀ ਢੰਗ ਨਾਲ ਕੀਤੇ ਗਏ ਕਬਜ਼ੇ ਹਟਾਉਣ ਦੀ ਕਾਰਵਾਈ ਨਗਰ ਕੌਂਸਲ ਨੇ ਕੀਤੀ ਹੈ ਅਤੇ ਪੁਲਿਸ ਨੇ ਸੁਰੱਖਿਆ ਪ੍ਰਬੰਧ ਕੀਤੇ ਹਨ।
ਐਸ ਐਸ ਪੀ ਨੇ ਅੱਗੇ ਦੱਸਿਆ ਕਿ ਇਨ੍ਹਾ ਬਦਨਾਮ ਨਸ਼ਾ ਤਸਕਰਾਂ ਵਿਰੁੱਧ ਰਾਜਪੁਰਾ ਤੇ ਬਨੂੜ ਵਿਖੇ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਦੇ ਪੰਜ ਮਾਮਲੇ ਦਰਜ ਹਨ।
ਐਫ.ਆਈ.ਆਰ. ਨੰਬਰ 55 ਮਿਤੀ 7/7/2022 ਅਧੀਨ 21/61/85 ਐਨ.ਡੀ.ਪੀ.ਐਸ. ਐਕਟ ਥਾਣਾ ਬਨੂੜ, ਜਿਸ ਵਿੱਚ 15 ਗ੍ਰਾਮ ਚਿੱਟੇ ਦੀ ਬਰਾਮਦਗੀ ਹੋਈ ਸੀ, 500 ਗੋਲੀਆਂ ਦੀ ਬਰਾਮਦਗੀ ਮਾਮਲੇ ਵਿੱਚ ਐਫ.ਆਈ.ਆਰ. ਨੰਬਰ 116 ਮਿਤੀ 12/9/2023 ਅਧੀਨ ਧਾਰਾ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਬਨੂੜ, 15 ਗ੍ਰਾਮ ਚਿੱਟਾ ਬਰਾਮਦ ਹੋਣ ‘ਤੇ ਐਫ.ਆਈ.ਆਰ. ਨੰਬਰ 118 ਮਿਤੀ 20/9/2023 ਅਧੀਨ ਧਾਰਾ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਬਨੂੜ ਅਤੇ 314 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਣ ‘ਤੇ ਐਫਆਈਆਰ ਨੰਬਰ 18 ਮਿਤੀ 9/2/2025 22.29/61/85 ਐਨ.ਡੀ.ਪੀ.ਐਸ ਐਕਟ ਅਤੇ 105 111.61(2) ਬੀਐਨਐਸ ਥਾਣਾ ਬਨੂੜ ਵਿਖੇ ਦਰਜ ਕੀਤੇ ਗਏ ਹਨ।
ਐਸ.ਐਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲਿਸ ਵੱਲੋਂ ਜਿੱਥੇ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਵਿੱਚ ਸਫਲਤਾ ਪ੍ਰਾਪਤ ਕੀਤੀ ਜਾ ਰਹੀ ਹੈ ਉਥੇ ਹੀ ਨਸ਼ਾ ਤਸਕਰਾਂ ਨੂੰ ਫੜ ਕੇ ਸਲਾਖਾਂ ਪਿੱਛੇ ਧੱਕਿਆ ਜਾ ਰਿਹਾ ਹੈ ਅਤੇ ਨਾਲ ਹੀ ਜਿਹੜੇ ਨਸ਼ਾ ਤਸਕਰਾਂ ਨੇ ਨਸ਼ੇ ਦੇ ਕਾਲੇ ਕਾਰੋਬਾਰ ਨਾਲ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਲਈ ਨਸ਼ਾ ਤਸਕਰੀ ਰਾਹੀਂ ਜਾਇਦਾਦਾਂ ਬਣਾਈਆਂ ਹਨ, ਉਨ੍ਹਾਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ ਅਤੇ ਪੰਚਾਇਤੀ ਜਾਂ ਸ਼ਾਮਲਾਟ ਜ਼ਮੀਨਾਂ-‘ਤੇ ਨਜਾਇਜ ਉਸਾਰੀਆਂ ਕੀਤੀਆਂ ਗਈਆਂ ਹਨ, ਨੂੰ ਢੁਹਾਇਆ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰਾਂ ਦੀ ਜਾਣਕਾਰੀ ਪੁਲਿਸ ਨੂੰ ਸੇਫ ਪੰਜਾਬ ਹੈਲਪਲਾਈਨ ਚੈਟਬੋਟ 9779100200 ‘ਤੇ ਦਿੱਤੀ ਜਾਵੇ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਐਸ ਪੀ ਸਥਾਨਕ ਵੈਭਵ ਚੌਧਰੀ, ਡੀਐਸਪੀ ਰਾਜਪੁਰਾ ਮਨਜੀਤ ਸਿੰਘ ਅਤੇ ਐਸਐਚਓ ਥਾਣਾ ਬਨੂੜ ਅਰਸ਼ਦੀਪ ਸ਼ਰਮਾ ਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।