ਤੀਰਥ ਸਿੰਘ ਧਾਲੀਵਾਲ ਨੂੰ ਵੱਖ - ਵੱਖ ਆਗੂਆਂ ਵੱਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 5 ਜੁਲਾਈ 2025 -ਉੱਘੇ ਸਮਾਜ ਸੇਵੀ ਤੀਰਥ ਸਿੰਘ ਧਾਲੀਵਾਲ ਨੂੰ ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਵੱਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਜਿਕਰਯੋਗ ਹੈ ਕਿ ਤੀਰਥ ਸਿੰਘ ਧਾਲੀਵਾਲ ਦਾ ਬੀਤੇ ਦਿਨੀਂ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨਮਿੱਤ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਉਨ੍ਹਾਂ ਦੇ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਜੀ ਦਾ ਭੋਗ ਪਾਇਆ ਗਿਆ, ਉਪਰੰਤ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਰਬਜੀਤ ਸਿੰਘ ਦੇ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਤੀਰਥ ਸਿੰਘ ਧਾਲੀਵਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਨਕੋਦਰ ਦੇ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਤੀਰਥ ਸਿੰਘ ਦੇ ਇਸ ਫਾਨੀ ਸੰਸਾਰ ਤੋਂ ਚਲੇ ਜਾਣ ਨਾਲ ਪਰਿਵਾਰ ਅਤੇ ਸਮਾਜ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਤੀਰਥ ਸਿੰਘ ਅੱਖਰ ਗਿਆਨ ਦੇ ਧਨੀ ਸਨ, ਜਿਨਾ ਨੇ ਅਨੇਕਾਂ ਜਿੰਦਗੀਆਂ ਨੂੰ ਗਿਆਨ ਦੇ ਚਾਨਣ ਨਾਲ ਰੁਸ਼ਨਾਇਆ।
ਉਹਨਾਂ ਕਿਹਾ ਕਿ ਤੀਰਥ ਸਿੰਘ ਦੀ ਮੌਤ ਦਾ ਸਦਮਾ ਜਿੱਥੇ ਉਨ੍ਹਾਂ ਦੇ ਪ੍ਰੀਵਾਰ ਅਤੇ ਰਿਸ਼ਤੇਦਾਰਾਂ ਨੂੰ ਅਸਹਿ ਹੋਇਆ ਹੈ ਉਥੇ ਉਨ੍ਹਾਂ ਨੂੰ ਜਾਨਣ ਵਾਲੇ ਹਰ ਵਿਅਕਤੀ ਨੂੰ ਵਿਅਕਤੀਗਤ ਤੌਰ ਤੇ ਦੁੱਖ ਹੋਇਆ ਹੈ ਕਿਉਂਕਿ ਉਹ ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਸਨ ਅਤੇ ਹਰ ਮਿਲਣ ਵਾਲੇ ਨੂੰ ਬਹੁਤ ਪਿਆਰ ਅਤੇ ਸਤਿਕਾਰ ਨਾਲ ਮਿਲਦੇ ਸਨ। ਕੁਦਰਤੀ ਗੱਲ ਹੈ ਕਿ ਅਜਿਹੇ ਇਨਸਾਨਾਂ ਦੇ ਚਲੇ ਜਾਣ ਤੇ ਸਮਾਜ ਵਿੱਚ ਡੂੰਘਾ ਦੁੱਖ-ਦਰਦ ਸਾਂਝਾ ਕੀਤਾ ਜਾਂਦਾ ਹੈ।
ਇਸ ਮੌਕੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਡਾਕਟਰ ਨਵਜੋਤ ਦਹੀਆ ਨੇ ਕਿਹਾ ਕਿ ਜੰਮਣਾ-ਮਰਨਾ ਪ੍ਰਮਾਤਮਾ ਦੀ ਅਦੁੱਤੀ ਖੇਲ ਹੈ। ਜੋ ਇਨਸਾਨ ਜਨਮ ਲੈਂਦਾ ਹੈ ਤਾਂ ਉਸ ਦੀ ਮੌਤ ਅਟੱਲ ਹੈ ਪਰ ਕੁਝ ਇਨਸਾਨ ਆਪਣੇ ਜੀਵਨ ਵਿੱਚ ਇਨਸਾਨੀਅਤ ਨੂੰ ਰੌਸ਼ਨ ਕਰ ਜਾਂਦੇ ਹਨ ਅਤੇ ਉਹ ਲੋਕਾਂ ਦੇ ਮਨਾਂ ਵਿੱਚ ਲੰਬੇ ਸਮੇਂ ਲਈ ਆਪਣੀ ਪਹਿਚਾਣ ਬਣਾ ਜਾਂਦੇ ਹਨ। ਅਜਿਹੇ ਹੀ ਇਨਸਾਨ ਸਨ ਸ. ਤੀਰਥ ਸਿੰਘ ਧਾਲੀਵਾਲ ਦੀ ਮੌਤ ਦਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਟੇਜ ਸੰਚਾਲਨ ਦੀ ਭੂਮਿਕਾ ਬਲਵਿੰਦਰ ਸਿੰਘ ਧਾਲੀਵਾਲ ਨੇ ਨਿਬਾਹੀ।
ਇਸ ਮੌਕੇ ਕਾਂਗਰਸ ਪਾਰਟੀ ਦੇ ਗੌਰਵ ਜੈਨ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਨਕੋਦਰ, ਹੈਪੀ ਸੰਧੂ ਪ੍ਰਧਾਨ ਟਰੱਕ ਯੂਨੀਅਨ ਪੰਜਾਬ, ਮੁਖਤਿਆਰ ਹੇਅਰ ਸਰਪੰਚ ਹੇਰਾਂ, ਦੀਨਾ ਨਾਥ ਘਈ ਸੀਨੀਅਰ ਕਾਂਗਰਸੀ ਆਗੂ, ਤੀਰਥ ਸਿੰਘ ਦੀ ਧਰਮਪਤਨੀ ਬੀਬੀ ਸਿਮਰਨਜੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਰਿਸ਼ਤੇਦਾਰੀ ਅਤੇ ਸੱਜਣ ਮਿੱਤਰਾਂ ਨੇ ਸ਼ਰਧਾਂਜਲੀ ਭੇਟ ਕੀਤੀ।