ਟੈਕਸਾਸ ’ਚ ਭਿਆਨਕ ਹੜ੍ਹ – ਕਰ ਕਾਊਂਟੀ ਸਭ ਤੋਂ ਵੱਧ ਪ੍ਰਭਾਵਿਤ, ਲਗਭਗ 120 ਮੌਤਾਂ, ਸੈਂਕੜੇ ਲਾਪਤਾ
ਗੁਰਿੰਦਰਜੀਤ ਨੀਟਾ ਮਾਛੀਕੇ
ਟੈਕਸਾਸ, 11 ਜੁਲਾਈ 2025 – ਟੈਕਸਾਸ ਰਾਜ ਹਾਲ ਹੀ ਦੇ ਦਿਨਾਂ ’ਚ ਇਤਿਹਾਸ ਦੀ ਇੱਕ ਸਭ ਤੋਂ ਭਿਆਨਕ ਹੜ੍ਹ ਦਾ ਸਾਹਮਣਾ ਕਰ ਰਿਹਾ ਹੈ। ਭਾਰੀ ਮੀਂਹ ਤੇ ਤੂਫ਼ਾਨੀ ਹਵਾਵਾਂ ਨੇ ਲੋਕਾਂ ਦੀ ਜ਼ਿੰਦਗੀ ਉਲਟ ਕੇ ਰੱਖ ਦਿੱਤੀ ਹੈ।
ਕਰ ਕਾਊਂਟੀ ਹੜ੍ਹ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ। ਇਥੇ 120 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਹੋਰ ਲੋਕ ਤਕਰੀਬਨ 170 ਅਜੇ ਵੀ ਲਾਪਤਾ ਹਨ। ਰੈਸਕਿਊ ਟੀਮਾਂ 24 ਘੰਟੇ ਲਗਾਤਾਰ ਕੰਮ ਕਰ ਰਹੀਆਂ ਹਨ, ਪਰ ਹੜ੍ਹ ਪਾਣੀ ਤੇ ਟੁੱਟਿਆ ਹੋਈਆਂ ਸੜਕਾਂ ਕਾਰਨ ਕਈ ਇਲਾਕਿਆਂ ਤੱਕ ਪਹੁੰਚਣਾ ਮੁਸ਼ਕਲ ਹੋ ਰਿਹਾ ਹੈ।
ਵਿੱਤੀ ਨੁਕਸਾਨ 700 ਮਿਲੀਅਨ ਡਾਲਰ ਤੋਂ ਉੱਪਰ ਪਹੁੰਚ ਗਿਆ ਹੈ। ਹਜ਼ਾਰਾਂ ਘਰ, ਵਪਾਰਕ ਸਥਾਨ, ਵਾਹਨ ਅਤੇ ਜਨਤਕ ਢਾਂਚੇ ਤਬਾਹ ਹੋ ਚੁੱਕੇ ਹਨ। ਇਲੈਕਟ੍ਰਿਸਿਟੀ ਅਤੇ ਪਾਣੀ ਦੀਆਂ ਸੇਵਾਵਾਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।
ਟੈਕਸਾਸ ਦੇ ਗਵਰਨਰ ਵੱਲੋਂ ਕਰ ਕਾਊਂਟੀ ਸਮੇਤ ਕਈ ਜ਼ਿਲਿਆਂ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਰਾਸ਼ਟਰੀ ਗਾਰਡ ਅਤੇ ਫੈਡਰਲ ਏਜੰਸੀਆਂ ਦੀ ਮਦਦ ਨਾਲ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ।
ਲੋਕਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਉੱਚੀਆਂ ਥਾਵਾਂ ਵੱਲ ਚਲੇ ਜਾਣ, ਗੈਰਜ਼ਰੂਰੀ ਯਾਤਰਾ ਤੋਂ ਬਚਣ ਅਤੇ ਸਰਕਾਰੀ ਸੂਚਨਾਵਾਂ ਦੀ ਪਾਲਣਾ ਕਰਨ।