ਜਿ਼ਲ੍ਹੇ ਵਿੱਚ ਖੁਲ੍ਹੇ ਪਏ ਬੋਰਵੈਲਾਂ ਨੂੰ ਭਰਨ / ਪਲੱਗ ਕਰਨ ਲਈ ਤੁਰੰਤ ਉਪਾਅ ਕਰਨ ਦੇ ਨਿਰਦੇਸ਼
ਮਾਣਯੋਗ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਕਰਨ ਦੀ ਹਦਾਇਤ
ਬੋਰਵੈਲਾਂ ਦੇ ਖਤਰਿਆਂ ਬਾਰੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਕੀਤਾ ਜਾਵੇ ਜਾਗਰੂਕ
ਫਾਜ਼ਿਲਕਾ, 7 ਫਰਵਰੀ 2025 :
ਪਿਛਲੇ ਦਿਨੀ ਖੁਲ੍ਹੇ ਪਏ ਬੋਰਵੈਲਾਂ ਕਰਕੇ ਬਚਿਆਂ ਦੇ ਡਿਗਣ ਸਬੰਧੀ ਸਾਹਮਣੇ ਆਈਆਂ ਮੰਦਭਾਗੀਆਂ ਘਟਨਾਵਾਂ *ਤੇ ਠਲ ਪਾਉਣ ਲਈ ਮਾਣਯੋਗ ਸੁਪਰੀਮ ਕੋਰਟ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖੁਲ੍ਹੇ ਪਏ ਬੋਰਵੈਲਾਂ ਨੂੰ ਭਰਨ/ਪਲੱਗ ਕਰਨ ਸਬੰਧੀ ਕਾਰਵਾਈਆਂ ਅਮਲ ਵਿਚ ਲਿਆਂਦੀਆਂ ਜਾਣ।
ਸਰਕਾਰੀ ਬੁਲਾਰੇ ਨੇ ਮਾਣਯੋਗ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੇ ਆਦੇਸ਼ਾ ਦੀ ਪਾਲਣਾ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਖੁਲ੍ਹੇ ਛੱਡੇ ਗਏ ਬੋਰਵੈਲਾਂ ਨੂੰ ਸਹੀ ਢੰਗ ਨਾਲ ਭਰਨ ਅਤੇ ਪਲੱਗ ਕਰਨ ਨੂੰ ਯਕੀਨੀ ਬਣਾਉਣ ਲਈ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਬੋਰਵੈਲਾਂ ਦੇ ਖਤਰਿਆਂ ਬਾਰੇ ਕਿਸਾਨਾਂ ਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਨਿਰਦੇਸ਼ ਦਿੱਤੇ ਜਾਣ ਕਿ ਉਨ੍ਹਾਂ ਦੇ ਆਪਣੇ ਏਰੀਏ/ਮਾਲਕੀ ਵਾਲੇ ਖੇਤਾਂ ਵਿੱਚ ਖੁੱਲੇ ਛੱਡੇ/ ਅਨਪਲੱਗ ਬੋਰਵੈਲ ਨਾ ਹੋਣ। ਸਾਰੇ ਬੋਰਵੈੱਲਾਂ ਅਤੇ ਟਿਊਬਵੈੱਲਾਂ ਨੂੰ ਸਹੀ ਢੰਗ ਨਾਲ ਬੰਦ ਅਤੇ ਭਰਿਆ ਹੋਵੇ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਜ਼ਮੀਨ ਮਾਲਕਾਂ ਅਤੇ ਡ੍ਰਿਲਿੰਗ ਏਜੰਸੀਆਂ ਨੂੰ ਇਸ ਸਬੰਧੀ ਪਾਲਣਾ ਲਈ ਪਾਬੰਦ ਕੀਤਾ ਜਾਂਦਾ ਹੈ।
ਉਨ੍ਹਾਂ ਬੋਰਵੈੱਲ ਸੰਚਾਲਕਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਬੋਰਵੈੱਲ ਸਾਈਟਾਂ ਜਿਥੇ ਕਿਤੇ ਵੀ ਉਸਾਰੀ ਜਾਂ ਰਿਪੇਅਰਿੰਗ ਦਾ ਕੰਮ ਚੱਲ ਰਿਹਾ ਹੋਵੇ, ਦੇ ਆਲੇ-ਦੁਆਲੇ ਸੁਰੱਖਿਆ ਰੁਕਾਵਟਾਂ ਅਤੇ ਚੇਤਾਵਨੀ ਚਿੰਨ੍ਹ ਲਗਾਉਣੇ ਚਾਹੀਦੇ ਹਨ। ਉਨ੍ਹਾਂ ਸਬੰਧਤ ਵਿਭਾਗ ਨੂੰ ਹਦਾਇਤ ਕੀਤੀ ਕਿ ਅਣਸੁਰੱਖਿਅਤ ਬੋਰਵੈਲਾਂ ਦੀ ਪਹਿਚਾਣ ਕਰਕੇ ਲੋੜੀਂਦੀਆਂ ਕਾਰਵਾਈਆਂ ਅਮਲ ਵਿਚ ਲਿਆਂਦੀਆਂ ਜਾਣ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਬੋਰਵੈੱਲ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਸਖ਼ਤ ਜੁਰਮਾਨੇ ਲਗਾਏ ਜਾਣ।
ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ’ਤੇ ਇਲਾਕੇ ਦਾ ਦੌਰਾ ਕੀਤਾ ਜਾਵੇ ਅਤੇ ਲੋਕਾਂ ਨੂੰ ਮੁੱਦੇ ਦੀ ਗੰਭੀਰਤਾ ਤੋਂ ਜਾਣੂ ਕਰਵਾਇਆ ਜਾਵੇ ਅਤੇ ਉਨ੍ਹਾਂ ਦੇ ਆਪਣੇ ਅਧਿਕਾਰ ਖੇਤਰ ਵਿੱਚ ਖੁੱਲ੍ਹੇ ਛੱਡੇ ਗਏ ਬੋਰਵੈਲਾਂ ਨੂੰ ਅਨਪੱਲਗ/ਬੰਦ ਕਰਵਾਉਣ ਨੂੰ ਯਕੀਨੀ ਬਣਾਉਣ ਦੇ ਆਦੇਸ਼ ਵੀ ਦਿੱਤੇ ਹਨ।