ਜਮੀਨ ਦੀ ਰਜਿਸਟਰੀ ਨਾ ਕਰਵਾਉਣ ਦੇ ਮਾਮਲੇ ਵਿੱਚ ਥਾਣਾ ਸਿਵਲ ਲਾਈਨ ਵੱਲੋਂ ਮੁਕੱਦਮਾ ਦਰਜ
ਅਸ਼ੋਕ ਵਰਮਾ
ਬਠਿੰਡਾ, 11 ਫਰਵਰੀ 2025 : ਨਰੂਆਣਾ ਰੋਡ ‘ਤੇ ਸਥਿਤ 8 ਬਿੱਘਾ ਜ਼ਮੀਨ ਦਾ ਸੌਦਾ ਕਰਕੇ ਰਜਿਸਟਰੀ ਨਾ ਕਰਵਾਉਣ ਦੇ ਮਾਮਲੇ ਵਿੱਚ ਮੁਦਈ ਸੂਬਾ ਸਿੰਘ ਬਰਾੜ ਵਾਸੀ ਲਾਲ ਸਿੰਘ ਬਸਤੀ ਬਠਿੰਡਾ ਦੀ ਸ਼ਿਕਾਇਤ ਤੇ ਥਾਣਾ ਸਿਵਲ ਲਾਈਨ ਪੁਲਿਸ ਨੇ ਪਿੰਡ ਬੀੜ ਬਹਿਮਣ ਦੇ ਜਗਦੇਵ ਸਿੰਘ ਪੁੱਤਰ ਗੁਰਬਖ਼ਸ਼ ਸਿੰਘ ਖ਼ਿਲਾਫ ਠੱਗੀ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤ ਵਿੱਚ ਸੂਬਾ ਸਿੰਘ ਬਰਾੜ ਨੇ ਦੱਸਿਆ ਕਿ 13 ਸਤੰਬਰ 2024 ਨੂੰ ਉਸ ਨੇ ਜਗਦੇਵ ਸਿੰਘ ਨਾਲ ਕਰੀਬ 8 ਹਜ਼ਾਰ ਗਜ਼ (8 ਬਿੱਘਾ) ਜ਼ਮੀਨ ਦਾ ਸੌਦਾ 1 ਕਰੋੜ 57 ਲੱਖ ਰੁਪਏ ਵਿੱਚ ਕੀਤਾ ਸੀ। ਸੌਦੇ ਸਮੇਂ ਉਸ ਨੇ 30 ਲੱਖ ਰੁਪਏ ਬਿਆਨੇ ਵਜੋਂ ਨਕਦ ਅਤੇ ਚੈਕ ਰਾਹੀਂ ਅਦਾ ਕੀਤੇ ਸਨ। ਰਜਿਸਟਰੀ ਲਈ 30 ਜੂਨ 2025 ਦੀ ਤਾਰੀਖ ਤੈਅ ਕੀਤੀ ਗਈ ਸੀ, ਪਰ ਉਸ ਦਿਨ ਰਜਿਸਟਰੀ ਨਹੀਂ ਹੋਈ। ਇਸ ਤੋਂ ਬਾਅਦ ਜਗਦੇਵ ਸਿੰਘ ਵੱਲੋਂ ਹੋਰ ਰਕਮ ਦੀ ਮੰਗ ਕੀਤੀ ਗਈ। 31 ਜੁਲਾਈ 2025 ਨੂੰ ਸੁਬਾ ਸਿੰਘ ਨੇ ਆਪਣੇ ਬੈਂਕ ਖਾਤੇ ਤੋਂ 7 ਲੱਖ ਰੁਪਏ ਜਗਦੇਵ ਸਿੰਘ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ। ਦੋਸ਼ ਹੈ ਕਿ ਜਗਦੇਵ ਸਿੰਘ ਨੇ ਆਪਣੇ ਮਾਮੇ ਦੇ ਪੁੱਤਰ ਸਤਨਾਮ ਸਿੰਘ ਰਾਹੀਂ ਹੋਰ 32 ਲੱਖ 50 ਹਜ਼ਾਰ ਰੁਪਏ ਵੀ ਲੈ ਲਏ। ਇਸ ਤਰ੍ਹਾਂ ਕੁੱਲ 69 ਲੱਖ 50 ਹਜ਼ਾਰ ਰੁਪਏ ਲੈਣ ਦੇ ਬਾਵਜੂਦ ਵੀ ਰਜਿਸਟਰੀ ਨਹੀਂ ਕਰਵਾਈ ਗਈ।
ਸੂਬਾ ਸਿੰਘ ਨੇ ਦੱਸਿਆ ਕਿ ਉਸਦਾ ਪਰਿਵਾਰ ਨੇ ਰਜਿਸਟਰੀ ਕਰਨ ਲਈ ਦਬਾਅ ਬਣਾਇਆ ਤਾਂ ਜਗਦੇਵ ਸਿੰਘ ਨੇ 27 ਲੱਖ 50 ਹਜ਼ਾਰ ਰੁਪਏ ਵਾਪਸ ਕਰ ਦਿੱਤੇ, ਪਰ ਬਾਕੀ 42 ਲੱਖ ਰੁਪਏ ਅਜੇ ਤੱਕ ਵਾਪਸ ਨਹੀਂ ਕੀਤੇ ਅਤੇ ਨਾ ਹੀ ਜ਼ਮੀਨ ਦੀ ਰਜਿਸਟਰੀ ਕਰਵਾਈ ਗਈ ਹੈ।
ਮਾਮਲੇ ਦੀ ਜਾਂਚ ਐਸਐਸਪੀ ਦੇ ਹੁਕਮਾਂ ‘ਤੇ ਡੀਐਸਪੀ ਵੱਲੋਂ ਕੀਤੀ ਗਈ। ਜਾਂਚ ਦੌਰਾਨ ਦੋਵੇਂ ਪੱਖਾਂ ਦੇ ਬਿਆਨ ਦਰਜ ਕੀਤੇ ਗਏ ਅਤੇ ਇਹ ਸਾਹਮਣੇ ਆਇਆ ਕਿ ਜਗਦੇਵ ਸਿੰਘ ਨੇ ਸੋਚੀ-ਸਮਝੀ ਸਾਜ਼ਿਸ਼ ਦੇ ਤਹਿਤ ਰਕਮ ਪ੍ਰਾਪਤ ਕਰਕੇ ਰਜਿਸਟਰੀ ਨਹੀਂ ਕਰਵਾਈ। ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਸੂਬਾ ਸਿੰਘ ਨੇ ਇੱਕ ਸਰਪੰਚ ਬਠਿੰਡਾ ਦੇ ਅਰਜੀ ਨਵੀਸ ਅਤੇ ਇੱਕ ਹੋਰ ਵਿਅਕਤੀ ਦੀ ਮਿਲੀ ਭੁਗਤ ਹੋਣ ਦੇ ਦੋਸ਼ ਵੀ ਲਾਏ ਹਨ। ਪੁਲਿਸ ਨੇ ਠੱਗੀ ਦੀ ਧਾਰਾ ਹੇਠ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਏਐਸਆਈ ਜਗਦੀਪ ਸਿੰਘ ਕਰ ਰਹੇ ਹਨ ਜਿਨ੍ਹਾਂ ਆਖਿਆ ਕਿ ਮੁਲਜ਼ਮਾਂ ਨੂੰ ਜਲਦੀ ਹੀ ਸ਼ਾਮਿਲ ਤਫਤੀਸ਼ ਕੀਤਾ ਜਾਵੇਗਾ।