ਜਮੀਨੀ ਝਗੜੇ ਵਿੱਚ ਸਗੇ ਭਰਾਵਾਂ ਤੇ ਭਤੀਜੇ ਨੇ 85 ਸਾਲਾਂ ਬਜ਼ੁਰਗ ਅਤੇ ਉਸਦਾ ਪੁੱਤਰ ਬੁਰੀ ਤਰ੍ਹਾਂ ਨਾਲ ਕੀਤਾ ਜਖਮੀ
ਪੁਲਿਸ ਨੇ ਬਜ਼ੁਰਗ ਦੇ ਦੋ ਸਗੇ ਭਰਾਵਾਂ, ਭਰਾ ਦੀ ਪਤਨੀ ਤੇ ਭਤੀਜੇ ਖਿਲਾਫ ਮਾਮਲਾ ਕੀਤਾ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ, 29 October 2025 : ਜਮੀਨ ਦੀ ਨਿਸ਼ਾਨਦੇਹੀ ਕਰਨ ਚੰਡੀਗੜ੍ਹ ਤੋਂ ਆਏ 85 ਸਾਲਾਂ ਬਜ਼ੁਰਗ ਚੰਚਲ ਸਿੰਘ ਅਤੇ ਉਸਦੇ ਪੁੱਤਰ ਨਰਿੰਦਰ ਸਿੰਘ ਤੇ ਚੰਚਲ ਸਿੰਘ ਦੇ ਭਰਾ, ਭਤੀਜਾ ਤੇ ਭਤੀਜਾ ਨੂੰਹ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ।ਦੋਸ਼ੀਆਂ ਨੇ ਬਜ਼ੁਰਗ ਚੰਚਲ ਸਿੰਘ ਦੀ ਇੰਨੀ ਬੁਰੀ ਹਾਲਤ ਕੀਤੀ ਹੈ ਕਿ ਉਹ ਬੋਲਣ ਦੇ ਕਾਬਲ ਵੀ ਨਹੀਂ ਹਨ। ਜਖਮੀ ਹਾਲਤ ਵਿੱਚ ਬਜ਼ੁਰਗ ਚੰਚਲ ਸਿੰਘ ਅਤੇ ਉਸ ਦੇ ਬੇਟੇ ਨਰਿੰਦਰ ਸਿੰਘ ਨੂੰ ਉਨਾਂ ਦੇ ਇੱਕ ਰਿਸ਼ਤੇਦਾਰ ਨੇ ਪਹਿਲਾਂ ਭੈਣੀ ਮੀਆਂ ਖਾਂ ਹਸਪਤਾਲ ਵਿਖੇ ਦਾਖਲ ਕਰਵਾਇਆ ਤੇ ਫਿਰ ਉਥੋਂ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਗੁਰਦਾਸਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।
ਮਾਮਲਾ ਥਾਣਾ ਤਿਬੜ ਤਹਿਤ ਆਉਂਦੇ ਪਿੰਡ ਭੁੰਬਲੀ ਦਾ ਹੈ। ਥਾਣਾ ਤਿਬੜ ਦੀ ਪੁਲਿਸ ਨੇ ਚੰਚਲ ਸਿੰਘ ਦੇ ਦੋ ਭਰਾਵਾ ਬਲਵਿੰਦਰ ਸਿੰਘ ਅਤੇ ਜਸਵੰਤ ਸਿੰਘ, ਬਲਵਿੰਦਰ ਸਿੰਘ ਦੇ ਪੁੱਤਰ ਰਾਜਵਿੰਦਰ ਸਿੰਘ ਅਤੇ ਜਸਵੰਤ ਸਿੰਘ ਦੀ ਪਤਨੀ ਸੁਖਬੀਰ ਕੌਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਨਰਿੰਦਰ ਸਿੰਘ ਪੁੱਤਰ ਚੈਚਲ ਸਿੰਘ ਵਾਸੀ ਭੁੰਬਲੀ ਹਾਲ ਵਾਸੀ ਫਲੈਟ ਨੰਬਰ 506-ਬੀ ਨਿਉ ਜਨਰੇਸਨ ਐਕਸਟੈਨਸਨ ਅਪਾਰਟਮੈਟ ਜੀਰਕਪੁਰ ਸ਼ਅਸ਼ ਨਗਰ ਨੇ ਦੱਸਿਆ ਹੈ ਕਿ ਉਹਨਾਂ ਦੀ ਜਮੀਨ ਦਾ ਆਪਣੇ ਚਾਚੇ ਬਲਵਿੰਦਰ ਸਿੰਘ ਨਾਲ ਸਾਂਝਾ ਖਾਤਾ ਹੈ ਜੋ ਭਜਨ ਸਿੰਘ ਵਾਸੀ ਲੌਧੀਪੁਰ ਨੂੰ ਠੇਕੇ ਤੇ ਵਾਹੁਣ ਲਈ ਦਿੱਤੀ ਹੈ।
ਬੀਤੇ ਦਿਨ ਉਹ ਆਪਣੇ ਪਿਤਾ ਚੈਚਲ ਸਿੰਘ ਜਿਨਾਂ ਦੀ ਉਮਰ 85 ਸਾਲ ਹੈ ਨਾਲ ਜਮੀਨ ਦੀ ਨਿਸ਼ਾਨਦੇਹੀ ਕਰਵਾ ਰਹੇ ਸਨ ਕਿ ਉਸਦੇ ਚਾਚਿਆਂ ਬਲਵਿੰਦਰ ਸਿੰਘ ਅਤੇ ਜਸਵੰਤ ਸਿੰਘ , ਚਾਚੇ ਦੇ ਬਲਵਿੰਦਰ ਸਿੰਘ ਦੇ ਪੁੱਤਰ ਰਾਜਇੰਦਰਬੀਰ ਸਿੰਘ ਅਤੇ ਚਾਚੀ ਸੁਖਬੀਰ ਕੋਰ ਪਤਨੀ ਜਸਵੰਤ ਸਿੰਘ ਵਾਸੀਆਂ ਭੂੰਬਲੀ ਨੇ ਉਹਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਸੱਟਾ ਮਾਰ ਕਿ ਜਖਮੀ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਨਰਿੰਦਰ ਸਿੰਘ ਦੇ ਫੋਨ ਕਰਨ ਤੇ ਉਹਨਾਂ ਦੇ ਰਿਸ਼ਤੇਦਾਰ ਬਲਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਡੇਹਰੀਵਾਲ ਨੇ ਸਵਾਰੀ ਦਾ ਪ੍ਰਬੰਧ ਕਰਕੇ ਉਸ ਨੂੰ ਅਤੇ ਉਸਦੇ ਜ਼ਖਮੀ ਪਿਤਾ ਨੂੰ ਭੈਣੀ ਮੀਆ ਖਾਂ ਹਸਪਤਾਲ ਵਿੱਚ ਦਾਖਲ ਕਰਵਾਇਆ ਜਿਥੋ ਡਾਕਟਰ ਸਾਹਿਬ ਨੇ ਉਹਨਾਂ ਨੂੰ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।