ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਮਰ ਸ਼ਹਾਦਤ ਨੂੰ ਸਮਰਪਿਤ “ਸ਼ਹੀਦੀ ਜੋੜ ਮੇਲ ਅੱਜ: ਹਰਮੀਤ ਸਿੰਘ ਕਾਲਕਾ*
ਨਵੀਂ ਦਿੱਲੀ 26 ਦਸੰਬਰ,
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਹੈ ਕਿ ਸਾਹਿਬ-ਏ-ਕਮਾਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਮਰ ਸ਼ਹਾਦਤ ਨੂੰ ਸਮਰਪਿਤ “ਸ਼ਹੀਦੀ ਜੋੜ ਮੇਲ” ਸ਼ੁੱਕਰਵਾਰ, 26 ਦਸੰਬਰ 2025 ਨੂੰ ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਬਹੁਤ ਹੀ ਸ਼ਰਧਾ, ਭਾਵਨਾ ਅਤੇ ਗੌਰਵਮਈ ਮਾਹੌਲ ਵਿੱਚ ਮਨਾਇਆ ਜਾ ਰਿਹਾ ਹੈ।
ਸਰਦਾਰ ਕਾਲਕਾ ਨੇ ਕਿਹਾ ਕਿ ਇਹ ਸ਼ਹੀਦੀ ਜੋੜ ਮੇਲ ਅੰਮ੍ਰਿਤ ਵੇਲੇ ਤੋਂ ਸ਼ਾਮ 5 ਵਜੇ ਤੱਕ ਚੱਲੇਗਾ, ਜਿਸ ਦੌਰਾਨ ਗੁਰਬਾਣੀ ਕੀਰਤਨ, ਕਥਾ-ਵਿਚਾਰ ਅਤੇ ਸ਼ਹੀਦਾਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤੇ ਜਾਣਗੇ। ਇਹ ਸਮਾਗਮ ਸਿੱਖ ਇਤਿਹਾਸ ਦੇ ਉਸ ਸੁਨਹਿਰੀ ਇਤਿਹਾਸ ਦੀ ਯਾਦ ਦਿਲਾਉਂਦਾ ਹੈ, ਜਿੱਥੇ ਨਿੱਘੀ ਉਮਰ ਵਿੱਚ ਵੀ ਧਰਮ, ਸਚਾਈ ਅਤੇ ਅਟੱਲ ਵਿਸ਼ਵਾਸ ਲਈ ਅਦੁੱਤੀ ਕੁਰਬਾਨੀ ਦਿੱਤੀ ਗਈ।
ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਮਰ ਸ਼ਹਾਦਤ ਨੂੰ ਨਿਮਰ ਸ਼ਰਧਾਂਜਲੀ ਭੇਂਟ ਕਰਨ ਅਤੇ ਇਸ ਪਵਿੱਤਰ ਮੌਕੇ ਤੇ ਸ਼ਾਮਿਲ ਹੋਣ।
ਸਰਦਾਰ ਕਾਲਕਾ ਨੇ ਕਿਹਾ ਕਿ ਸ਼ਹੀਦੀ ਜੋੜ ਮੇਲ ਸਿਰਫ਼ ਇੱਕ ਸਮਾਗਮ ਨਹੀਂ, ਸਗੋਂ ਨਵੀਂ ਪੀੜ੍ਹੀ ਲਈ ਤਿਆਗ, ਸਹਿਨਸ਼ੀਲਤਾ ਅਤੇ ਚੜ੍ਹਦੀ ਕਲਾ ਦਾ ਪ੍ਰੇਰਣਾਸਰੋਤ ਹੈ, ਜੋ ਸਦਾ ਸਿੱਖ ਕੌਮ ਦੀ ਰੂਹ ਨੂੰ ਪ੍ਰਕਾਸ਼ਮਾਨ ਕਰਦਾ ਰਹੇਗਾ।