← ਪਿਛੇ ਪਰਤੋ
ਚੰਦ ਭਾਨ ਕਾਂਡ:ਪੰਜਾਬ ਪੁਲਿਸ ਤੇ ਧਾੜਵੀਆਂ ਵਾਂਗ ਮਜ਼ਦੂਰਾਂ ਦੇ ਘਰੀਂ ਭੰਨ ਤੋੜ ਦੇ ਦੋਸ਼
ਅਸ਼ੋਕ ਵਰਮਾ
ਬਠਿੰਡਾ, 7ਫਰਵਰੀ2025: ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਸੂਬਾ ਕਮੇਟੀ ਮੈਂਬਰ ਗੁਰਪਾਲ ਸਿੰਘ ਨੰਗਲ ਨੇ ਪ੍ਰੈਸ ਬਿਆਨ ਜਾਰੀ ਕਰਕੇ ਪੰਜਾਬ ਪੁਲਿਸ ਤੇ ਪਿੰਡ ਚੰਦਭਾਨ ਵਿੱਚ ਧਾੜਵੀਆਂ ਵਾਂਗ ਹੱਲਾ ਬੋਲ ਕੇ ਮਜ਼ਦੂਰਾਂ ਦੇ ਘਰਾਂ ’ਚ ਵੱਡੀ ਭੰਨਤੋੜ ਕਰਨ ਦੇ ਦੋਸ਼ ਲਾਉਂਦਿਆਂ ਦੋਸ਼ੀ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਆਖਿਆ ਕਿ ਮਜ਼ਦੂਰ ਜਥੇਬੰਦੀਆਂ ਵੱਲੋਂ ਕੱਲ੍ਹ ਫਰੀਦਕੋਟ ਚ ਸਾਂਝੀ ਮੀਟਿੰਗ ਸੱਦੀ ਗਈ ਹੈ ਜਿਸ ਵਿੱਚ ਪੁਲਿਸ ਦੀ ਇਸ ਨੰਗੀ ਚਿੱਟੀ ਧੱਕੇਸ਼ਾਹੀ ਖਿਲਾਫ ਅਗਲੀ ਰਣਨੀਤੀ ਉਲੀਕੀ ਜਾਵੇਗੀ। ਉਹਨਾਂ ਪੁਲਿਸ ਵੱਲੋਂ ਪਿੰਡ ਦੀ ਸਰਪੰਚ ਅਮਨਦੀਪ ਕੌਰ ਤੇ ਗੋਰਾ ਸਿੰਘ ਦੇ ਘਰਾਂ ਚ ਕੀਤੀ ਭੰਨਤੋੜ ਦੀਆਂ ਫੋਟੋਆਂ ਪ੍ਰੈਸ ਲਈ ਜ਼ਾਰੀ ਕਰਦਿਆਂ ਆਖਿਆ ਕਿ ਜੈਤੋ ਥਾਣੇ ਦੇ ਪੁਲਿਸ ਵੱਲੋਂ ਆਪਣੀ ਨਾਕਾਮੀ ਨੂੰ ਲੁਕਾਉਣ ਲਈ ਇਸ ਵਹਿਸ਼ੀ ਕਾਰੇ ਨੂੰ ਅੰਜ਼ਾਮ ਦਿੱਤਾ ਗਿਆ ਹੈ ਜਿਸ ਕਾਰਨ ਕੁੱਝ ਮਜ਼ਦੂਰ ਹਿਜ਼ਰਤ ਕਰ ਗਏ ਹਨ ਜੋ ਬੇਹੱਦ ਮੰਦਭਾਗਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਨੇਕਾਂ ਮਜ਼ਦੂਰ ਘਰਾਂ ਅੰਦਰ ਦਾਚਲ ਹੋਕੇ ਦਹਿਸ਼ਤ ਪਾਉਣ ਦੇ ਮਕਸਦ ਨਾਲ ਸਮਾਨ ਨੂੰ ਨੁਕਸਾਨ ਪੁਚਾਇਆ ਗਿਆ। ਉਹਨਾਂ ਆਖਿਆ ਕਿ ਇੱਕ ਪਾਸੇ ਜ਼ਿਲ੍ਹਾ ਪੁਲਿਸ ਮੁਖੀ ਕਿਸੇ ਨੂੰ ਵੀ ਕਾਨੂੰਨ ਹੱਥ ਚ ਨਾ ਲੈਣ ਦੇ ਬਿਆਨ ਦੇ ਰਹੇ ਹਨ ਦੂਜੇ ਪਾਸੇ ਅਮਨ ਕਾਨੂੰਨ ਕਾਇਮ ਰੱਖਣ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਖੁਦ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਦਿਖਾਈ ਦੇ ਰਹੇ ਹਨ। ਉਹਨਾਂ ਇਹ ਵੀ ਆਖਿਆ ਕਿ ਪੁਲਿਸ ਦੀ ਹਾਜ਼ਰੀ ਵਿੱਚ ਸ਼ੈਲਰ ਮਾਲਕ ਦੇ ਬੰਦਿਆਂ ਵੱਲੋਂ ਮਜ਼ਦੂਰਾਂ ਉਤੇ ਫਾਇਰਿੰਗ ਕਰਨਾ ਵੀ ਗੈਰ ਕਾਨੂੰਨੀ ਹੈ ਪਰ ਪੁਲਿਸ ਵੱਲੋਂ ਉਹਨਾਂ ਖਿਲਾਫ ਕਾਰਵਾਈ ਨਾ ਕਰਨਾ ਪੁਲਿਸ ਪ੍ਰਸ਼ਾਸ਼ਨ ਅਤੇ ਸ਼ੈਲਰ ਮਾਲਕ ਦੀ ਕਥਿਤ ਮਿਲੀਭੁਗਤ ਦਾ ਜੱਗ ਜ਼ਾਹਰਾ ਸਬੂਤ ਹੈ। ਉਹਨਾਂ ਆਖਿਆ ਕਿ ਬਦਲਾਅ ਦਾ ਝਾਂਸਾ ਦੇ ਕੇ ਸੱਤਾ ਚ ਆਈ ਭਗਵੰਤ ਮਾਨ ਸਰਕਾਰ ਮਜ਼ਦੂਰਾਂ ਤੋਂ ਬਦਲੇ ਲੈ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਨਸਾਫ ਨਾਂ ਦਿੱਤਾ ਤਾਂ ਖਮਿਆਜਾ ਸਰਕਾਰ ਨੂੰ ਭੁਗਤਣਾ ਪਵੇਗਾ।
Total Responses : 82