ਚੰਡੀਗੜ੍ਹ ਪੁਲਿਸ ਦੇ ਜਬਰ ਖਿਲਾਫ ਮਾਨਸਾ ਜ਼ਿਲ੍ਹੇ ਵਿੱਚ ਫੂਕੇ ਰਾਜਪਾਲ ਅਤੇ ਕੇਂਦਰ ਦੇ ਪੁਤਲੇ
ਅਸ਼ੋਕ ਵਰਮਾ
ਮਾਨਸਾ, 16 ਮਈ 2026 ਚੰਡੀਗੜ੍ਹ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਤਹਿਤ ਮੰਗ ਪੱਤਰ ਦੇਣ ਗਏ ਕਿਸਾਨਾਂ ਉੱਤੇ ਚੰਡੀਗੜ੍ਹ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੇ ਖਿਲਾਫ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮਾਨਸਾ ਵਿੱਚ ਪੰਜਾਬ ਦੇ ਰਾਜਪਾਲ ਅਤੇ ਭਾਜਪਾ ਦਾ ਪੁਤਲਾ ਫੂਕ ਕੇ ਸਖਤ ਰੋਸ਼ ਪ੍ਰਦਰਸ਼ਨ ਕੀਤਾ। ਅਰਥੀ ਫੂਕ ਮੁਜਾਹਰੇ ਦੌਰਾਨ ਜੁੜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਚੰਡੀਗੜ੍ਹ ਵਿੱਚ ਪੰਜਾਬ ਦੇ ਰਾਜਪਾਲ ਨੂੰ ਪੰਜਾਬ ਦੇ ਪਾਣੀਆਂ ਸਬੰਧੀ ਮੰਗ ਪੱਤਰ ਦੇਣ ਗਏ ਸਨ ਪਰ ਰਾਜਪਾਲ ਵੱਲੋਂ ਮੰਗ ਪੱਤਰ ਲੈ ਕੇ ਗੱਲ ਸੁਣਨ ਦੀ ਬਜਾਏ ਕਿਸਾਨਾਂ ਉੱਪਰ ਡਾਂਗ ਫੇਰਨ, ਪਾਣੀ ਦੀਆਂ ਬੁਛਾੜਾਂ ਮਾਰਨ ਦਾ ਫੁਰਮਾਨ ਜਾਰੀ ਕਰਕੇ ਕਿਸਾਨਾਂ ਦੀ ਅਵਾਜ਼ ਨੂੰ ਬੰਦ ਕਰਨ ਦਾ ਕੌਝਾ ਯਤਨ ਕੀਤਾ ਹੈ ਜਿਸ ਨੂੰ ਬਰਦਾਸਤ ਕਰਨਾ ਔਖੀ ਗੱਲ ਹੈ। ਉਨਾਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਰੋਸ਼ ਪ੍ਰਦਰਸ਼ਨ ਕਰਨਾ ਹਰ ਨਾਗਰਿਕ ਦਾ ਹੱਕ ਹੈ ਪਰ ਭਾਜਪਾ ਹਕੂਮਤ ਜਿਸ ਦਾ ਚੰਡੀਗੜ੍ਹ ਵਿੱਚ ਕੰਟਰੋਲ ਹੈ ਅਜਿਹਾ ਨਹੀਂ ਕਰਨ ਦੇ ਰਹੀ।
ਕਿਸਾਨ ਆਗੂ ਨੇ ਕਿਹਾ ਜੇਕਰ ਚੰਡੀਗੜ੍ਹ ਵਿੱਚ ਕਿਸਾਨਾਂ ਨੂੰ ਮੰਗਾਂ ਸਬੰਧੀ ਬੋਲਣ ਦਾ ਹੱਕ ਨਹੀਂ ਤਾਂ ਕਿਸਾਨ ਭਾਜਪਾ ਨੂੰ ਪਿੰਡਾਂ ਵਿੱਚ ਕਿਉਂ ਵੜਨ ਦੇਣਗੇ। ਭੈਣੀ ਬਾਘਾ ਨੇ ਕਿਹਾ ਕਿ ਹਿੰਦੁਸਤਾਨ ਵਿੱਚ ਗੱਲਾਂ ਲੋਕਤੰਤਰ ਦੀਆਂ ਕੀਤੀਆਂ ਜਾ ਰਹੀਆਂ ਹਨ ਪਰ ਕਿਸੇ ਨੂੰ ਵੀ ਜਾਇਜ਼ ਮੰਗਾਂ ਤੇ ਬੋਲਣ ਦੀ ਆਗਿਆ ਨਹੀਂ, ਜਾਂ ਤਾਂ ਝੂਠੇ ਕੇਸ ਪਾ ਕੇ ਜੇਲਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ ਜਾਂ ਕੁੱਟਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਕਰਜੇ ਦੇ ਜ਼ਾਲ ਵਿੱਚ ਫਸ ਚੁੱਕਿਆ ਹੈ ਜਿਸ ਨੂੰ ਕਿਸੇ ਪਾਸਿਓ ਵੀ ਕੋਈ ਸਹਾਇਤਾ ਨਹੀਂ ਮਿਲ ਰਹੀ ਕਿਸਾਨ ਆਗੂ ਨੇ ਕਿਹਾ ਝੋਨੇ ਦੀ ਫਸਲ ਦੇ ਰੇਟ ਵਿੱਚ ਕੇਂਦਰ ਸਰਕਾਰ ਨੇ 72 ਪੈਸੇ ਪ੍ਰਤੀ ਕਿਲੋ ਵਾਧਾ ਕੀਤਾ ਹੈ ਜਦ ਕਿ ਡੀਜ਼ਲ ਦਾ ਰੇਟ 3 ਰੁਪਏ ਪ੍ਰਤੀ ਲੀਟਰ ਵੱਧ ਚੁੱਕਿਆ ਹੈ। ਉਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਸਰਕਾਰਾਂ ਦੇ ਜਬਰ ਅੱਗੇ ਝੁਕਣਗੀਆਂ ਨਹੀਂ ਸਗੋਂ ਤਕੜੇ ਹੋ ਕੇ ਮੰਗਾਂ/ਮਸਲਿਆਂ ਦੇ ਲਈ ਅੰਦੋਲਨ ਕਰਨਗੀਆਂ। ਇਸ ਮੌਕੇ ਭਾਨ ਸਿੰਘ ਬਰਨਾਲਾ, ਜਗਸੀਰ ਸਿੰਘ ਜਵਾਹਰਕੇ, ਜਗਰਾਜ ਸਿੰਘ ਮਾਨਸਾ, ਲਾਭ ਸਿੰਘ ਖੋਖਰ, ਮਹਿੰਦਰ ਸਿੰਘ ਖੜ੍ਹਕ ਸਿੰਘ ਵਾਲਾ ਵੀ ਹਾਜ਼ਰ ਸਨ।
- Download Babushahi App
-
-