ਗੰਨੇ ਮੂਢੀ ਫਸਲ ਕੀੜਿਆਂ ਦੀ ਰੋਕਥਾਮ ਲਈ ਨਿਰੰਤਰ ਨਿਰੀਖਣ ਦੀ ਜ਼ਰੂਰਤ -ਕੇਨ ਕਮਿਸ਼ਨਰ
ਗੰਨਾ ਮਾਹਿਰਾਂ ਵਲੋਂ ਗੰਨੇ ਦੀ ਫ਼ਸਲ ਦਾ ਜਾਇਜ਼ਾ ਲੈਣ ਲਈ ਵੱਖ ਵੱਖ ਪਿੰਡਾਂ ਦਾ ਕੀਤਾ ਦੌਰਾ
ਰੋਹਿਤ ਗੁਪਤਾ
ਗੁਰਦਾਸਪੁਰ, 18 ਅਪ੍ਰੈਲ
ਗੰਨੇ ਦੀ ਮੂਢੀ ਫਸਲ ਦੀ ਸੰਭਾਲ ਵੱਲ ਸਹੀ ਸਮੇਂ ਤੇ ਧਿਆਨ ਨਾਂ ਦੇਣ ਨਾਲ ਪੈਦਾਵਾਰ ਘਟਦੀ ਹੈ , ਜੋਂ ਗੰਨਾ ਕਾਸ਼ਤਕਾਰਾਂ ਅਤੇ ਖੰਡ ਮਿੱਲਾਂ ਨੂੰ ਆਰਥਿਕ ਨੁਕਸਾਨ ਦਾ ਕਾਰਨ ਬਣਦੀ ਹੈ । ਪੰਜਾਬ ਵਿੱਚ ਪੰਜਾਬ ਸਰਕਾਰ ਵੱਲੋਂ ਗੰਨੇ ਦੀ ਫ਼ਸਲ ਹੇਠ ਰਕਬਾ ਵਧਾਉਣ ਦੇ ਨਿਰਧਾਰਿਤ ਕੀਤੇ ਗਏ ਟੀਚਿਆਂ ਦੀ ਪੂਰਤੀ ਦੀ ਪ੍ਰਗਤੀ ਅਤੇ ਕੀੜਿਆਂ ਦੇ ਹਮਲੇ ਦਾ ਜਾਇਜ਼ਾ ਲੈਣ ਲਈ ਕੇਨ ਕਮਿਸ਼ਨਰ ਡਾਕਟਰ ਅਮਰੀਕ ਸਿੰਘ ਵਲੋਂ ਦਾ ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਦੇ ਅਧਿਕਾਰਤ ਖੇਤਰ ਅਧੀਨ ਆਉਂਦੇ ਪਿੰਡਾਂ ਜਿਵੇਂ ਵਡਾਲਾ, ਤਲਵੰਡੀ, ਗਾਹਲੜੀ ਅਤੇ ਆਲੀ ਨੰਗਲ ਦਾ ਦੌਰਾ ਕੀਤਾ ਗਿਆ । ਇਸ ਮੌਕੇ ਉਨ੍ਹਾਂ ਦੇ ਨਾਲ ਡਾਕਟਰ ਮਿੱਤਰਮਾਨ ਸਿੰਘ ਖ਼ੇਤੀਬਾੜੀ ਵਿਕਾਸ ਅਫ਼ਸਰ( ਗੰਨਾ) , ਡਾਕਟਰ ਬਿਕਰਮਜੀਤ ਸਿੰਘ ਖੈਹਰਾ ਗੰਨਾ ਵਿਕਾਸ ਅਫ਼ਸਰ, ਮਨਦੀਪ ਸਿੰਘ ਗੰਨਾ ਇੰਸਪੈਕਟਰ , ਰਣਜੀਤ ਸਿੰਘ ਸਰਵੇਅਰ ਵੀ ਹਾਜ਼ਰ ਸਨ।
ਪਿੰਡ ਵਡਾਲਾ ਵਿਚ ਅਗਾਂਹ ਵਧੂ ਗੰਨਾ ਕਾਸ਼ਤਕਾਰ ਕੁਲਬੀਰ ਸਿੰਘ ਦੇ ਖੇਤਾਂ ਵਿਚ ਗਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਗੰਨੇ ਦੀ ਬੀਜੜ ਫਸਲ ਦੀ ਕਟਾਈ ਤੋਂ ਬਾਅਦ ਵਧੇਰੇ ਪੈਦਾਵਾਰ ਅਤੇ ਗੰਨੇ ਦੀ ਚੰਗੀ ਗੁਣਵੱਤਾ ਪ੍ਰਾਪਤ ਕਰਨ ਲਈ ਗੰਨੇ ਦੀ ਮੂਢੀ ਫਸਲ ਦਾ ਪ੍ਰਬੰਧਨ ਕਰਨਾ ਬਹੁਤ ਜ਼ਰੂਰੀ ਕੰਮ ਹੈ ਕਿਉਂਕਿ ਜੇਕਰ ਸ਼ੁਰੂਆਤੀ ਪੜਾਅ ਦੌਰਾਨ ਮੂਢੀ ਫ਼ਸਲ ਦੀ ਸਹੀ ਦੇਖਭਾਲ ਨਾਂ ਕੀਤੀ ਜਾਵੇ ਤਾਂ ਗੰਨੇ ਦੀ ਪੈਦਾਵਾਰ ਦੇ ਨਾਲ ਨਾਲ ਖੰਡ ਦੀ ਰਿਕਵਰੀ ਘਟਦੀ ਹੈ ਜਿਸ ਨਾਲ ਗੰਨਾਂ ਕਾਸ਼ਤਕਾਰ ਅਤੇ ਖੰਡ ਮਿੱਲ ਦੋਹਾਂ ਨੁੰ ਆਰਥਿਕ ਨੁਕਸਾਨ ਹੁੰਦਾ ਹੈ। ਗੰਨੇ ਦੀ ਮੂਢੀ ਫਸਲ ਦੀ ਸੁਚੱਜੀ ਸਾਂਭ ਸੰਭਾਲ ਬਾਰੇ ਉਨ੍ਹਾਂ ਨੇ ਦੱਸਿਆ ਕਿ ਗੰਨੇ ਦੀ ਬੀਜੜ ਫ਼ਸਲ ਨੂੰ ਕੀੜਿਆਂ ਤੋਂ ਬਚਾਉਣ ਲਈ ਨਿਰੰਤਰ ਨਿਰੀਖਣ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਅੱਜ ਕੀਤੇ ਦੌਰੇ ਦੌਰਾਨ ਦੇਖਿਆ ਗਿਆ ਕਿ ਗੰਨੇ ਦੀ ਫ਼ਸਲ ਖਾਸ ਕਰਕੇ ਮੂਢੀ ਫਸਲ ਉੱਪਰ ਅਗੇਤੀ ਫੋਟ ਦੇ ਗੜੂਏ ਦਾ ਹਮਲਾ ਹੋਇਆ ਹੈ । ਇਸ ਕੀੜੇ ਦੇ ਹਮਲੇ ਨਾਲ ਬੂਟੇ ਦੇ ਮੁੱਖ ਸ਼ਾਖਾ ਸੁੱਕ ਜਾਂਦੀ ਹੈ ਅਤੇ ਖਿੱਚਣ ਤੇ ਬਾਹਰ ਨਿਕਲ ਆਉਂਦੀ ਹੈ।
ਉਨ੍ਹਾਂ ਕਿਹਾ ਕਿ ਇਸ ਕੀੜੇ ਦੇ ਸ਼ੁਰੂਆਤੀ ਹਮਲੇ ਨੁੰ ਟਰਾਈਕੋ ਕਾਰਡ ਲਗਾ ਕੇ ਘਟਾਇਆ ਜਾ ਸਕਦਾ ਹੈ ਅਤੇ ਕਾਰਡ ਖੰਡ ਮਿੱਲਾਂ ਵਲੋਂ ਕਿਸਾਨਾਂ ਨੁੰ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹਮਲਾ ਜ਼ਿਆਦਾ ਹੈ ਤਾਂ 10 ਕਿਲੋ ਫਿਪਰੋਨਿਲ ਪ੍ਰਤੀ ਏਕੜ ਨੂੰ 20 ਕਿਲੋ ਸਿੱਲੀ ਮਿੱਟੀ ਵਿੱਚ ਮਿਲਾ ਕੇ ਗੰਨੇ ਦੀ ਫ਼ਸਲ ਦੀਆਂ ਲਾਈਨਾਂ ਦੇ ਨਾਲ ਨਾਲ ਕੇਰ ਦੇਣੀ ਚਾਹੀਦੀ ਹੈ ਅਤੇ ਬਾਅਦ ਵਿਚ ਪਾਣੀ ਲਗਾ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਫਿਪਰੋਨਿਲ ਦੀ ਬਜਾਏ ਕਲੋਐਂਟਰਾਨੀਲੀਪ੍ਰੋਲ ਕੀਟ ਨਾਸ਼ਕ ਵਰਤਣੀ ਹੋਵੇ ਤਾਂ 150 ਮਿਲੀ ਕਲੌਐਂਟਰਾਨਿਲੀਪਰੋਲ ਨੁੰ 400 ਲਿਟਰ ਪਾਣੀ ਦੇ ਘੋਲ ਵਿਚ ਗੰਨੇ ਦੀਆਂ ਲਾਈਨਾਂ ਦੇ ਨਾਲ ਨਾਲ ਪਾਂ ਦੇਣੀ ਚਾਹੀਦੀ ਹੈ ਅਤੇ ਬਾਅਦ ਵਿਚ ਪਾਣੀ ਲਾ ਦੇਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਮੂਢੀ ਫਸਲ ਦੇ ਪੁੰਗਰਨ ਤੋਂ 20-25 ਦਿਨਾਂ ਬਾਅਦ ਖੇਤ ਦਾ ਨਿਰੀਖਣ ਕਰਨਾ ਚਾਹੀਦਾ ਅਤੇ ਜਿੱਥੇ ਕਿਤੇ ਮੁੱਢਾਂ ਦੀਆਂ ਅੱਖਾਂ ਨਾਂ ਪੁੰਗਰੀਆਂ ਹੋਣ, ਉੱਥੇ ਸਿਹਤਮੰਦ ਗੰਨੇ ਦੇ ਸੈੱਟ ਜਾਂ ਮੂਢੀ ਫਸਲ ਦੇ ਮੁੱਢਾਂ ਦੀ ਵਰਤੋਂ ਕਰਕੇ ਖਾਲੀ ਥਾਂਵਾਂ ਨੂੰ ਭਰ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮੂਢੀ ਫਸਲ ਦੇ ਬਿਹਤਰ ਵਾਧੇ ਲਈ ਖਾਦਾਂ ਨੂੰ ਮੁੱਢਲੀ ਅਵਸਥਾ ਵਿਚ ਹੀ ਪਾ ਦੇਣਾ ਚਾਹੀਦਾ । ਉਨ੍ਹਾਂ ਕਿਹਾ ਕਿ ਮੂਢੀ ਫਸਲ ਨੂੰ ਬੀਜੜ ਫਸਲ ਨਾਲੋਂ 20% ਵੱਧ ਜਾਨੀ 195 ਕਿਲੋ ਯੂਰੀਆ ਪ੍ਰਤੀ ਏਕੜ ਨੂੰ ਤਿੰਨ ਹਿੱਸਿਆਂ ਪਹਿਲੀ ਗੁਡਾਈ ਕਰਨ ਸਮੇਂ , ਦੂਜੀ ਅਪ੍ਰੈਲ ਮਈ ਅਤੇ ਤੀਜੀ ਜੂਨ ਦੇ ਅਖੀਰ ਵਿੱਚ ਪਾਉਣੀ ਚਾਹੀਦੀ ਚਾਹੀਦੀ ਹੈ। ਇਸ ਦੇ ਨਾਲ ਗੋਡੀ ਕਰਨ ਸਮੇਂ 150 ਕਿਲੋ ਸਿੰਗਲ ਸੁਪਰ ਫਾਸਫੇਟ ਅਤੇ 20 ਕਿਲੋ ਪੋਟਾਸ਼ ਖਾਦ ਪਾਓ ਅਤੇ ਨਦੀਨਾਂ ਦਾ ਸਹੀ ਸਮੇਂ ਤੇ ਪਰਬੰਧਨ ਕਰਨਾ ਚਾਹੀਦਾ।
ਗੰਨਾ ਵਿਕਾਸ ਅਧਿਕਾਰੀ ਬਿਕਰਮਜੀਤ ਸਿੰਘ ਖੈਹਰਾ ਨੇ ਦੱਸਿਆ ਕਿ ਖੰਡ ਮਿੱਲ ਵਲੋਂ ਕੀੜਿਆਂ ਦੀ ਰੋਕਥਾਮ ਤੇ ਵਾਜਬ ਮੁੱਲ ਤੇ ਕਲੋਐਂਟਰਾਨਿਲੀਪ੍ਰੋਲ ਅਤੇ ਕਲੋਰੋਪੈਰੀਫਾਸ ਦਿੱਤੀ ਜਾ ਰਹੀ ਹੈ ਤਾਂ ਜੋਂ ਗੰਨਾ ਕਾਸ਼ਤਕਾਰ ਸਮੇਂ ਸਿਰ ਇਹ ਕੀਟ ਨਾਸ਼ਕ ਵਰਤ ਕੇ ਕੀੜਿਆਂ ਦੀ ਰੋਕਥਾਮ ਕਰ ਸਕਣ।
ਇਸ ਮੌਕੇ ਕੁਲਬੀਰ ਸਿੰਘ , ਸ਼ੇਰ ਸਿੰਘ ਸਮੇਤ ਹੋਰ ਕਿਸਾਨ ਹਾਜ਼ਰ ਸਨ।
Click to Follow Babushahi Facebook page →