ਖੋਜ, ਨਵੀਨਤਾ ਅਤੇ ਖੇਤਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਉਦਯੋਗ-ਅਕਾਦਮਿਕ ਸੰਵਾਦ ਸੈਸ਼ਨ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 30 ਮਈ: ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ), ਬਠਿੰਡਾ ਵਿਖੇ ਲਘੂ ਉਦਯੋਗ ਭਾਰਤੀ, ਬਠਿੰਡਾ ਅਤੇ ਰਾਈਸ ਮਿਲਰਜ਼ ਐਸੋਸੀਏਸ਼ਨ, ਬਠਿੰਡਾ ਦੇ ਨੁਮਾਇੰਦਿਆਂ ਨਾਲ ਇੱਕ ਮਹੱਤਵਪੂਰਨ ਸੰਵਾਦ ਸੈਸ਼ਨ ਕਰਵਾਇਆ ਗਿਆ। ਇਸ ਮੀਟਿੰਗ ਦਾ ਉਦੇਸ਼ ਖੋਜ, ਨਵੀਨਤਾ ਅਤੇ ਤਕਨਾਲੋਜੀ-ਆਧਾਰਿਤ ਹੱਲਾਂ ਰਾਹੀਂ ਉਦਯੋਗਿਕ ਚੁਣੌਤੀਆਂ ਦਾ ਹੱਲ ਲੱਭਣ ਲਈ ਸਾਂਝੀਆਂ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨਾ ਸੀ।
ਮੀਟਿੰਗ ਦੌਰਾਨ ਉਦਯੋਗਿਕ ਨੁਮਾਇੰਦਿਆਂ ਨੇ ਯੂਨੀਵਰਸਿਟੀ ਵਿੱਚ ਐਨਏਬੀਐਲ ਮਾਨਤਾ ਪ੍ਰਾਪਤ ਫੂਡ ਟੈਸਟਿੰਗ ਲੈਬ ਦੀ ਸਥਾਪਨਾ ਲਈ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦਾ ਸਨਮਾਨ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਅਤਿ-ਆਧੁਨਿਕ ਟੈਸਟਿੰਗ ਸਹੂਲਤ ਸਥਾਨਕ ਉਦਯੋਗਾਂ, ਖ਼ਾਸ ਕਰਕੇ ਖਾਦ ਪ੍ਰੋਸੈਸਿੰਗ ਉਦਯੋਗ ਨੂੰ ਉੱਚ ਗੁਣਵੱਤਾ ਅਤੇ ਪ੍ਰਮਾਣਿਤ ਟੈਸਟਿੰਗ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ।
ਇਸ ਮੀਟਿੰਗ ਵਿੱਚ ਲਘੂ ਉਦਯੋਗ ਭਾਰਤੀ, ਬਠਿੰਡਾ ਦੇ ਪ੍ਰਧਾਨ ਸ਼੍ਰੀ ਅਵਨੀਸ਼ ਖੋਸਲਾ, ਜਨਰਲ ਸਕੱਤਰ ਸ਼੍ਰੀ ਸੰਜੇ ਜੈਤਵਾਨੀ, ਰਾਈਸ ਮਿਲਰਜ਼ ਐਸੋਸੀਏਸ਼ਨ, ਬਠਿੰਡਾ ਦੇ ਪ੍ਰਧਾਨ ਸ਼੍ਰੀ ਨਾਰਾਇਣ ਗਰਗ, ਸ਼੍ਰੀ ਅਰੁਣ ਵਿਕੀ, ਸ਼੍ਰੀ ਰਮੇਸ਼ ਗੋਇਲ ਅਤੇ ਸ਼੍ਰੀ ਰਾਹੁਲ ਗਰਗ ਸਮੇਤ ਹੋਰ ਉਦਯੋਗਿਕ ਨੁਮਾਇੰਦੇ ਹਾਜ਼ਰ ਸਨ।
ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਪ੍ਰੋ. ਤਿਵਾਰੀ ਨੇ ਨਵੀਨਤਾ-ਆਧਾਰਿਤ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਅਤੇ ਵਿਹਾਰਕ ਸਮੱਸਿਆਵਾਂ ਦੇ ਹੱਲ ਲਈ ਅਕਾਦਮਿਕ ਸੰਸਥਾਵਾਂ ਅਤੇ ਉਦਯੋਗ ਜਗਤ ਦਰਮਿਆਨ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਅਧਿਆਪਕਾਂ ਅਤੇ ਉਦਯੋਗਿਕ ਨੁਮਾਇੰਦਿਆਂ ਨੂੰ ਸਥਾਨਕ ਸਮੱਸਿਆਵਾਂ ਦੀ ਪਛਾਣ ਕਰਕੇ ਉਨ੍ਹਾਂ ਦੇ ਟਿਕਾਊ ਅਤੇ ਵਿਹਾਰਕ ਹੱਲ ਵਿਕਸਿਤ ਕਰਨ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ।
ਵਿਚਾਰ-ਚਰਚਾ ਦੌਰਾਨ ਪ੍ਰੋ. ਤਿਵਾਰੀ ਨੇ ਉਦਯੋਗ ਜਗਤ ਨੂੰ ਝੋਨੇ ਦੀ ਪਰਾਲੀ (ਰਾਈਸ ਸਟਰਾਅ) ਤੋਂ ਤਿਆਰ ਕੀਤੇ ਜਾਣ ਵਾਲੇ ਟੇਬਲਵੇਅਰ ਅਤੇ ਕਟਲਰੀ ਦੇ ਉਤਪਾਦਨ ਲਈ ਡਾਈਆਂ ਵਿਕਸਿਤ ਕਰਨ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਹ ਇੱਕ ਨਵੀਨਤਾਕਾਰੀ ਸਟਾਰਟਅੱਪ ਪਹਿਲ ਹੈ, ਜਿਸ ਨੂੰ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ (ਸੀਯੂਪੀਆਰਡੀਐਫ) ਦੇ ਇਨਕਿਊਬੇਟਰ ਵੱਲੋਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਾਤਾਵਰਣ-ਅਨੁਕੂਲ ਉਤਪਾਦ ਖੇਤੀਬਾੜੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਅਤੇ ਟਿਕਾਊ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ।
ਉਦਯੋਗਿਕ ਨੁਮਾਇੰਦਿਆਂ ਨੇ ਯੂਨੀਵਰਸਿਟੀ ਨੂੰ ਝੋਨੇ ਦੀ ਭੂਸੀ (ਰਾਈਸ ਹਸਕ) ਦੀ ਵਰਤੋਂ ਰਾਹੀਂ ਟਿਕਾਊ ਅਤੇ ਮੁੱਲ-ਵਰਧਿਤ ਉਤਪਾਦ ਵਿਕਸਿਤ ਕਰਨ ਲਈ ਖੋਜ-ਆਧਾਰਿਤ ਹੱਲ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਕੂਲ ਆਫ ਬੇਸਿਕ ਐਂਡ ਐਪਲਾਈਡ ਸਾਇੰਸਜ਼ ਦੇ ਅਧਿਆਪਕਾਂ ਨੂੰ ਉਦਯੋਗਿਕ ਲੋੜਾਂ ਅਨੁਸਾਰ ਘੱਟ ਲਾਗਤ ਵਾਲੇ ਕੰਪੈਕਟ ਟ੍ਰਾਂਸਮੀਟਰ ਦੇ ਡਿਜ਼ਾਇਨ ਅਤੇ ਟੈਕਨਾਲੋਜੀ ਵਿਕਾਸ ਲਈ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ।
ਉਦਯੋਗਿਕ ਨੁਮਾਇੰਦਿਆਂ ਦੀ ਟੀਮ ਨੇ ਬਠਿੰਡਾ ਸਥਿਤ ਕੂੜਾ ਨਿਪਟਾਰਾ ਸਥਾਨ ਦੇ ਆਲੇ-ਦੁਆਲੇ ਹਵਾ ਪ੍ਰਦੂਸ਼ਣ ਦੇ ਪੱਧਰਾਂ ਸਬੰਧੀ ਵਿਗਿਆਨਕ ਅੰਕੜੇ ਸਾਂਝੇ ਕਰਨ ਦੀ ਵੀ ਬੇਨਤੀ ਕੀਤੀ, ਤਾਂ ਜੋ ਵਾਤਾਵਰਣ ਪ੍ਰਬੰਧਨ ਅਤੇ ਸਬੂਤ-ਆਧਾਰਿਤ ਫ਼ੈਸਲੇ ਲੈਣ ਵਿੱਚ ਮਦਦ ਮਿਲ ਸਕੇ।
ਇਨ੍ਹਾਂ ਸੁਝਾਵਾਂ ਦਾ ਸਕਾਰਾਤਮਕ ਜਵਾਬ ਦਿੰਦਿਆਂ ਪ੍ਰੋ. ਤਿਵਾਰੀ ਨੇ ਸਬੰਧਤ ਅਧਿਆਪਕਾਂ ਨੂੰ ਸਥਾਨਕ ਉਦਯੋਗਿਕ ਅਤੇ ਵਾਤਾਵਰਣਕ ਚੁਣੌਤੀਆਂ 'ਤੇ ਕੇਂਦਰਿਤ "ਲੈਂਡ-ਟੂ-ਲੈਬ" ਮਾਡਲ ਅਧਾਰਿਤ ਖੋਜ ਨੂੰ ਉਤਸ਼ਾਹਿਤ ਕਰਨ ਦੀ ਜ਼ਿੰਮੇਵਾਰੀ ਸੌਂਪੀ। ਉਨ੍ਹਾਂ ਖੋਜਕਰਤਾਵਾਂ ਨੂੰ ਅਜਿਹੇ ਨਵੀਨਤਾਕਾਰੀ, ਕਿਫ਼ਾਇਤੀ ਅਤੇ ਵਿਹਾਰਕ ਹੱਲ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ, ਜੋ ਸਿੱਧੇ ਤੌਰ 'ਤੇ ਉਦਯੋਗ ਅਤੇ ਸਮਾਜ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਹਿੱਤਾਂ ਦੀ ਪੂਰਤੀ ਵੀ ਕਰ ਸਕਣ।
ਇਸ ਮੌਕੇ ਪ੍ਰੋ. ਆਰ. ਕੇ. ਵੁਸਿਰਿਕਾ, ਡਾਇਰੈਕਟਰ ਫੂਡ ਟੈਸਟਿੰਗ ਲੈਬ ਅਤੇ ਡੀਨ ਇੰਚਾਰਜ ਅਕਾਦਮਿਕ; ਪ੍ਰੋ. ਅੰਜਨਾ ਮੁੰਸ਼ੀ, ਡਾਇਰੈਕਟਰ, ਖੋਜ ਅਤੇ ਵਿਕਾਸ; ਪ੍ਰੋ. ਮੋਨੀਸ਼ਾ ਧੀਮਾਨ, ਡਾਇਰੈਕਟਰ, ਆਈਕਿਊਏਸੀ; ਪ੍ਰੋ. ਵਿਨੋਦ ਪਠਾਨੀਆ, ਟ੍ਰੇਨਿੰਗ ਅਤੇ ਪਲੇਸਮੈਂਟ ਅਫ਼ਸਰ; ਪ੍ਰੋ. ਰਾਜ ਕੁਮਾਰ, ਇੰਚਾਰਜ, ਸੀਆਈਐਲ, ਸਮੇਤ ਯੂਨੀਵਰਸਿਟੀ ਦੇ ਹੋਰ ਅਧਿਆਪਕ ਅਤੇ ਅਧਿਕਾਰੀ ਵੀ ਹਾਜ਼ਰ ਸਨ।
ਇਹ ਸੰਵਾਦ ਸੈਸ਼ਨ ਟਿਕਾਊ ਵਿਕਾਸ, ਤਕਨੀਕੀ ਨਵੀਨਤਾ ਅਤੇ ਖੇਤਰੀ ਤਰੱਕੀ ਲਈ ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਦਰਮਿਆਨ ਮਜ਼ਬੂਤ ਭਾਈਵਾਲੀ ਸਥਾਪਿਤ ਕਰਨ ਦੀ ਸਾਂਝੀ ਵਚਨਬੱਧਤਾ ਨਾਲ ਸੰਪੰਨ ਹੋਇਆ।
- Download Babushahi App
-
-