ਕੱਲ ਆਇਆ ਕ੍ਰੈਡਿਟ ਕਾਰਡ ਤੇ ਨਾਲ ਹੀ ਆ ਗਿਆ ਠੱਗਾਂ ਦਾ ਫੋਨ... ਕ੍ਰੈਡਿਟ ਕਾਰਡ ਕਰ ਗਏ ਖਾਲੀ
ਕਿਵੇਂ ਮਿਲ ਜਾਂਦੇ ਹਨ ਇਹਨਾਂ ਨੂੰ ਕੰਪਨੀਆਂ ਦਾ ਡਾਟਾ
ਰੋਹਿਤ ਗੁਪਤਾ
ਗੁਰਦਾਸਪੁਰ 14 ਸਤੰਬਰ
ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਆਨਲਾਈਨ ਠੱਗੀਆਂ ਦੇ ਮਾਮਲਿਆਂ ਤੇ ਪੂਰੀ ਤਰ੍ਹਾਂ ਨਾਲ ਰੋਕ ਨਹੀਂ ਲਗਾਈ ਜਾ ਸਕੀ ਹੈ । ਸਾਈਬਰ ਠੱਗ ਕੋਈ ਨਾ ਕੋਈ ਤਰੀਕਾ ਠੱਗੀ ਮਾਰਨ ਦਾ ਲੱਭ ਹੀ ਲੈਂਦੇ ਹਨ । ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਦੇ ਪੁਰਾਣੀ ਦਾਣਾ ਮੰਡੀ ਚੌਂਕ ਵਿਖੇ ਖੰਡ ਘਿਓ ਦਾ ਹੋਲਸੇਲ ਦਾ ਕੰਮ ਕਰਨ ਵਾਲੇ ਵਪਾਰੀ ਨਾਲ ਵਾਪਰਿਆ ਹੈ ।
ਮਾਮਲੇ ਵਿੱਚ ਹੈਰਾਨੀ ਦੀ ਗੱਲ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਖਰ ਠੱਗਾਂ ਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਕਿ ਬੈਂਕ ਨੇ ਅੱਜ ਫਲਾਣੇ ਫਲਾਣੇ ਆਦਮੀ ਨੂੰ ਫਲਾਣਾ ਫਲਾਣਾ ਕਾਰਡ ਜਾਰੀ ਕੀਤਾ ਹੈ। ਅਸਲ ਵਿੱਚ ਰਮੇਸ਼ ਕੁਮਾਰ ਅਰੋੜਾ ਅਤੇ ਉਹਨਾਂ ਦੇ ਬੇਟੇ ਰੱਜਤ ਅਰੋੜਾ ਨੂੰ ਆਰਬੀਐਲ ਬੈਂਕ ਨੇ ਕੱਲ ਹੀ ਕ੍ਰੈਡਿਟ ਕਾਰਡ ਜਾਰੀ ਕੀਤੇ ਸਨ। ਜਿਨਾਂ ਵਿੱਚੋਂ ਇੱਕ ਦੀ ਲਿਮਿਟ ਡੇਢ ਲੱਖ ਸੀ ਤੇ ਦੂਸਰੇ ਦੀ ਸਾਢੇ ਤਿੰਨ ਲੱਖ । ਕਾਰਡ ਉਹਨਾਂ ਨੂੰ ਮਿਲਣ ਤੋਂ ਥੋੜੀ ਹੀ ਦੇਰ ਬਾਅਦ ਇੱਕ ਲੜਕੀ ਵੱਲੋਂ ਰਮੇਸ਼ ਕੁਮਾਰ ਨੂੰ ਬਾਰ-ਬਾਰ ਕਾਲ ਕੀਤੀ ਗਈ ਅਤੇ ਕ੍ਰੈਡਿਟ ਕਾਰਡ ਬਾਰੇ ਜਾਣਕਾਰੀ ਹਾਸਿਲ ਕੀਤੀ ਗਈ। ਦੱਸਿਆ ਗਿਆ ਹੈ ਕਿ ਕਾਲ ਕਰਨ ਵਾਲੀ ਲੜਕੀ ਦੇ ਵਟਸਐਪ ਤੇ ਲੋਗੋ ਵੀ ਆਰਬੀਐਲ ਬੈਂਕ ਦਾ ਲੱਗਿਆ ਹੋਇਆ ਸੀ ਜਿਸ ਕਾਰਨ ਠੱਗੀ ਦਾ ਸ਼ਿਕਾਰ ਹੋਏ ਰਮੇਸ਼ ਅਰੋੜਾ ਨੇ ਸੋਚਿਆ ਕਿ ਇਹ ਬੈਂਕ ਦੀ ਹੀ ਕਾਲ ਹੋਵੇਗੀ ਅਤੇ ਉਸਨੇ ਸਾਰੀ ਜਾਣਕਾਰੀ ਅਤੇ ਔ ਟੀ ਪੀ ਵੀ ਦੇ ਦਿੱਤਾ । ਦੇਖਦੇ ਹੀ ਵੇਖਦੇ ਠੱਗਾਂ ਵੱਲੋਂ ਡੇਢ ਲੱਖ ਵਾਲਾ ਕ੍ਰੈਡਿਟ ਕਾਰਡ ਚਾਰ ਟਰਾਂਜੈਕਸ਼ਨਾਂ ਰਾਹੀ ਖਾਲੀ ਕਰ ਦਿੱਤਾ ਗਿਆ ਜਦਕਿ ਦੂਜਾ ਸਾਢੇ ਤਿੰਨ ਲੱਖ ਵਾਲਾ ਕ੍ਰੈਡਿਟ ਕਾਰਡ ਇਸ ਲਈ ਬਚ ਗਿਆ ਕਿਉਂਕਿ ਉਹਨਾਂ ਦੇ ਲੜਕੇ ਰਜਤ ਅਰੋੜਾ ਦੀ ਤਬੀਅਤ ਥੋੜੀ ਖਰਾਬ ਸੀ ਤੇ ਉਸਨੇ ਠੱਗਾਂ ਨੂੰ ਕਿਹਾ ਕਿ ਬਾਕੀ ਕੱਲ ਕਾਲ ਕਰਕੇ ਪਤਾ ਕਰ ਲੈਣ।
ਰਮੇਸ਼ ਅਰੋੜਾ ਤੇ ਉਹਨਾਂ ਦੇ ਲੜਕੇ ਰਜਤ ਅਰੋੜਾ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਸੋਚਣ ਵਾਲੀ ਗੱਲ ਇਹ ਹੈ ਕਿ ਕੰਪਨੀਆਂ ਦੇ ਡਾਟਾ ਲੀਕ ਹੁੰਦੇ ਹਨ ਤਾਂ ਹੀ ਸਾਈਬਰ ਠੱਗ ਉਹਨਾਂ ਦਾ ਫਾਇਦਾ ਚੁੱਕ ਕੇ ਠੱਗੀਆਂ ਕਰਦੇ ਹਨ ਨਹੀਂ ਤਾਂ ਉਹਨਾਂ ਦਾ ਨੰਬਰ ਅਤੇ ਇਹ ਜਾਣਕਾਰੀ ਠੱਗਾ ਕੋਲ ਕਿਵੇਂ ਆ ਗਈ ਕਿ ਉਹਨਾਂ ਨੂੰ ਕੱਲ ਹੀ ਕ੍ਰੈਡਿਟ ਕਾਰਡ ਆਰਬੀਐਲ ਬੈਂਕ ਵੱਲੋਂ ਜਾਰੀ ਕੀਤੇ ਗਏ ਹਨ। ਉਹਨਾਂ ਕਿਹਾ ਕਿ ਠੱਗੀ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਨੂੰ ਕੀਤੀ ਜਾ ਚੁੱਕੀ ਹੈ।