ਐਸ.ਡੀ.ਐਮ. ਮਾਲੇਰਕੋਟਲਾ ਦੀ ਅਗਵਾਈ ਵਿੱਚ ਪੀਸ ਕਮੇਟੀ ਦੀ ਮੀਟਿੰਗ ਆਯੋਜਿਤ
ਮਾਲੇਰਕੋਟਲਾ, 12 ਮਈ
ਮਾਲੇਰਕੋਟਲਾ ’ਚ ਭਾਈਚਾਰਕ ਸਾਂਝ, ਏਕਤਾ ਅਤੇ ਸ਼ਾਂਤੀ ਨੂੰ ਮਜ਼ਬੂਤ ਬਣਾਈ ਰੱਖਣ ਲਈ ਅੱਜ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ.ਡੀ.ਐਮ. ਗੁਰਮੀਤ ਕੁਮਾਰ ਬਾਂਸਲ ਦੀ ਅਗਵਾਈ ਹੇਠ ਪੀਸ ਕਮੇਟੀ ਦੀ ਇਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਸਥਾਨਕ ਪ੍ਰਸ਼ਾਸਨ, ਪੁਲਿਸ ਵਿਭਾਗ, ਧਾਰਮਿਕ ਆਗੂਆਂ, ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਸਿਵਲ ਸੋਸਾਇਟੀ ਦੇ ਮੈਂਬਰਾਂ ਨੇ ਸਮੂਲੀਅਤ ਕੀਤੀ। ਇਸ ਮੌਕੇ ਚੇਅਰਮੈਨ ਮਾਰਕੀਟ ਕੇਮਟੀ ਮਾਲੇਰਕੋਟਲਾ ਜਾਫ਼ਿਰ ਅਲੀ, ਮੁੱਖ ਮੰਤਰੀ ਫੀਲਡ ਅਫ਼ਸਰ ਕਮ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਰਾਕੇਸ਼ ਪ੍ਰਕਾਸ਼ ਗੁਪਤਾ ਤੋਂ ਇਲਾਵਾ ਜਿਲਾ ਪ੍ਰਧਾਨ ਬੀ.ਜੇ.ਪੀ ਮਲੇਕਰੋਟਲਾ ਜਗਤ ਕਥੂਰੀਆ, ਪ੍ਰਧਾਨ ਸ਼ਮਸ਼ਾਨ ਭੂਮੀ ਰਮੇਸ਼ ਜੈਨ, ਮੈਂਬਰ ਆਲ ਇੰਡੀਆ ਬ੍ਰਾਹਮਣ ਸਭਾ ਮਹੰਤ ਸਰੂਪ ਚੰਦ ਬਿਹਾਰੀ, ਬਜਰੰਗ ਦਲ ਤੋਂ ਮੋਹਿਤ ਗਰਗ, ਸ਼੍ਰੋਮਣੀ ਅਕਾਲੀ ਦਲ ਬਾਦਲ ਬੇਅੰਤ ਕਿੰਗਰ,ਇੰਦਰਜੀਤ ਸਿੰਘ ਮੁੰਡੇ,ਪ੍ਰਧਾਨ ਰਾਸ਼ਟਰੀ ਸਿੱਖ ਸੰਗਤ ਗੁਰਬਚਨ ਸਿੰਘ ਮੌਖਾ, ਪ੍ਰਧਾਨ ਸੈਨਿਕ ਵਿੰਗ ਮਾਲੇਰਕੋਟਲਾ ਕੈਪਟਨ ਬਲਦੇਵ ਸਿੰਘ, ਐਡਵੋਕੇਟ ਰਵਿੰਦਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ। ਮੀਟਿੰਗ ਦਾ ਮੁੱਖ ਮਕਸਦ ਹਾਲ ਹੀ ’ਚ ਉਤਪੰਨ ਹੋਏ ਹੰਗਾਮੀ ਹਾਲਾਤਾਂ ਦੇ ਸਬੰਧ ਵਿੱਚ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਨੂੰ ਬਰਕਰਾਰ ਰੱਖਣਾ ਸੀ।
ਐਸ.ਡੀ.ਐਮ.ਗੁਰਮੀਤ ਕੁਮਾਰ ਬਾਂਸਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਲੇਰਕੋਟਲਾ ਸਦਭਾਵਨਾ ਅਤੇ ਆਪਸੀ ਭਰੋਸੇ ਦੀ ਮਿੱਠੀ ਮਿਸਾਲ ਹੈ। ਇੱਥੇ ਸਾਰੇ ਧਰਮਾਂ, ਜਾਤੀਆਂ ਅਤੇ ਭਾਸ਼ਾਵਾਂ ਦੇ ਲੋਕ ਪਿਆਰ ਨਾਲ ਰਹਿੰਦੇ ਹਨ, ਜਿਸ ਦੀ ਮਿਸਾਲ ਦੁਨੀਆਂ ਵਿੱਚ ਦਿੱਤੀ ਜਾਂਦੀ ਰਹੀ ਹੈ, ਜਿਸ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਣਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਹਲਾਤਾਂ ਦੌਰਾਨ ਅਫਵਾਹਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਜੇ ਕਿਸੇ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਦਿਖਾਈ ਦੇਵੇ, ਤਾਂ ਤੁਰੰਤ ਪ੍ਰਸ਼ਾਸਨ ਜਾਂ ਪੁਲਿਸ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਨੇ ਸਾਈਬਰ ਮੀਡੀਆ ਅਤੇ ਸੋਸ਼ਲ ਮੀਡੀਆ ਉੱਤੇ ਫੈਲ ਰਹੀਆਂ ਗਲਤ ਖ਼ਬਰਾਂ ਨੂੰ ਵੀ ਸੰਭਾਲਣ ਲਈ ਸਚੇਤ ਹੋਣ ਦੀ ਅਪੀਲ ਕੀਤੀ।
ਇਸ ਮੌਕੇ ਉਨ੍ਹਾਂ ਭਰੋਸਾ ਦਵਾਇਆ ਕਿ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਪੁਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਨੇ ਕਿਹਾ ਕਿ ਸ਼ਾਂਤੀ ਬਰਕਰਾਰ ਰੱਖਣ ਵਿੱਚ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।ਧਾਰਮਿਕ ਆਗੂਆਂ ਨੇ ਵੀ ਆਪਣੇ ਵਿਚਾਰਾਂ ਸਾਂਝੇ ਕਰਦੇ ਹੋਏ ਕਿਹਾ ਕਿ ਹਰ ਧਰਮ ਸ਼ਾਂਤੀ, ਭਾਈਚਾਰੇ ਅਤੇ ਪਿਆਰ ਦਾ ਪਾਠ ਪੜ੍ਹਾਉਂਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਆਪਸੀ ਸੁਝਾਅ ਅਤੇ ਸਹਿਯੋਗ ਨਾਲ ਤਿਉਹਾਰ ਮਨਾਉਣ ਦੀ ਅਪੀਲ ਕੀਤੀ।
ਮੀਟਿੰਗ ਦੇ ਅੰਤ ਵਿੱਚ ਫੈਸਲਾ ਲਿਆ ਗਿਆ ਕਿ ਪੀਸ ਕਮੇਟੀ ਦੇ ਮੈਂਬਰ ਨਿਰੰਤਰ ਸੰਪਰਕ ਵਿੱਚ ਰਹਿਣਗੇ ਅਤੇ ਕਿਸੇ ਵੀ ਤਰ੍ਹਾਂ ਦੀ ਆਪਾਤ ਸਥਿਤੀ ਵਿੱਚ ਤੁਰੰਤ ਕਾਰਵਾਈ ਲਈ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇਗਾ। ਸ਼ਹਿਰ ਦੇ ਮੁੱਖ ਇਲਾਕਿਆਂ 'ਚ ਨਿਗਰਾਨੀ ਵਧਾਉਣ ਅਤੇ ਸੁਰੱਖਿਆ ਪ੍ਰਬੰਧ ਹੋਰ ਚੁਸਤ ਕਰਨ ਦੀ ਵੀ ਗੱਲ ਕੀਤੀ ਗਈ।
ਵੱਖ ਵੱਖ ਧਾਰਮਿਕ ਆਗੂਆਂ, ਸਮਾਜਿਕ ਸੰਸਥਾਵਾਂ ਅਤੇ ਸਿਵਲ ਸੋਸਾਇਟੀ ਦੇ ਨੁਮਾਇੰਦਿਆਂ ਨੇ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਪੀਸ ਕਮੇਟੀ ਦੀ ਇਹ ਕੋਸ਼ਿਸ਼ ਸ਼ਹਿਰ ਵਿੱਚ ਲਗਾਤਾਰ ਸ਼ਾਂਤੀ ਅਤੇ ਸਦਭਾਵਨਾ ਨੂੰ ਬਣਾਈ ਰੱਖਣ ਵੱਲ ਇੱਕ ਹੋਰ ਮਜ਼ਬੂਤ ਕਦਮ ਸਾਬਤ ਹੋਵੇ।