ਉੱਘੇ ਲੇਖਕ ਬਲਬੀਰ ਜਲਾਲਾਬਾਦੀ ਦੇ ਦੇਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 26 ਦਸੰਬਰ 2025:-ਜ਼ਿਲ੍ਹਾ ਲਿਖਾਰੀ ਸਭਾ (ਰਜਿ.) ਫ਼ਤਹਿਗੜ੍ਹ ਸਾਹਿਬ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ, ਮੀਤ ਪ੍ਰਧਾਨ ਬਲਤੇਜ ਸਿੰਘ ਬਠਿੰਡਾ, ਜਨਰਲ ਸਕੱਤਰ ਹਰਜਿੰਦਰ ਸਿੰਘ ਗੋਪਾਲੋਂ, ਪ੍ਰੈੱਸ ਸਕੱਤਰ ਅਮਰਬੀਰ ਸਿੰਘ ਚੀਮਾਂ,ਸਕੱਤਰ ਪ੍ਰਿੰਸੀਪਲ ਸੁਖਵਿੰਦਰ ਸਿੰਘ ਢਿੱਲੋਂ ਤੇ ਅਜਮੇਰ ਸਿੰਘ ਮਾਨ ਨੇ ਸ਼ੋਕ ਸਭਾ ਕੀਤੀ। ਇਸ ਮੌਕੇ ਉੱਘੇ ਲੇਖਕ/ਕਵੀ ਤੇ 'ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ' ਦੇ ਲੰਮਾ ਸਮਾਂ ਜਨਰਲ ਸਕੱਤਰ ਦੀ ਸੇਵਾ ਨਿਭਾਉਣ ਵਾਲੇ ਅਣਥੱਕ ਕਾਮੇ ਬਲਬੀਰ ਜਲਾਲਾਬਾਦੀ ਦੇ ਅਚਾਨਕ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਬੀਬੀ ਪਰਮਜੀਤ ਕੌਰ ਸਰਹਿੰਦ ਨੇ ਕਿਹਾ ਜਿੱਥੇ ਜਲਾਲਾਬਾਦੀ ਜੀ ਦੇ ਪਰਿਵਾਰ ਅਤੇ ਸਬੰਧੀਆਂ ਨੂੰ ਉਨ੍ਹਾਂ ਦੇ ਜਾਣ ਨਾਲ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ਉੱਥੇ ਸਾਹਿਤਕ ਭਾਈਚਾਰੇ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ।ਬਲਬੀਰ ਜਲਾਬਾਦੀ ਜੀ ਕਲਮ ਦਾ ਧਨੀ ਹੋਣ ਨਾਲ ਇੱਕ ਵਧੀਆ ਇਨਸਾਨ ਵੀ ਸਨ। ਹਰ ਕਿਸੇ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਣਾ ਉਨ੍ਹਾਂ ਦੇ ਸੁਭਾਅ ਦਾ ਮੀਰੀ ਗੁਣ ਸੀ। ਬਲਬੀਰ ਜਲਾਲਾਬਾਦੀ ਆਪਣੇ ਪੁੱਤਰ ਕੋਲ ਪੂਨੇ ਗਏ ਹੋਏ ਸਨ ਜਿੱਥੇ ਉਨ੍ਹਾਂ ਨੂੰ ਦਿਲ ਦਾ ਮਾਰੂ ਦੌਰਾ ਪਿਆ ਤੇ 24 ਦਸੰਬਰ 2025 ਨੂੰਉਹ ਇਸ ਫਾ਼ਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਸਾਹਿਤਕ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਸਮੂਹ ਜ਼ਿਲ੍ਹਾ ਲਿਖਾਰੀ ਸਭਾ ਫਤਿਹਗੜ੍ਹ ਸਾਹਿਬ ਇਸ ਦੁੱਖ ਦੀ ਘੜੀ ਜਲਾਲਾਬਾਦੀ ਜੀ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਦੁੱਖ ਵਿੱਚ ਸ਼ਰੀਕ ਹੁੰਦੀ ਹੈ। ਪਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਤੇ ਆਤਮਾ ਨੂੰ ਸ਼ਾਂਤੀ ਬਖਸ਼ੇ। ਪਰਿਵਾਰ ਨੂੰ ਇਹ ਅਸਿਹ ਤੇ ਅਕਹਿ ਦੁੱਖ ਝੱਲਣ ਦੀ ਸਮਰੱਥਾ ਬਖਸ਼ੇ।