ਅਨਏਡੇਡ ਅਧਿਆਪਕ ਫ਼ਰੰਟ ਸਰਕਾਰ ਖਿਲਾਫ ਆਰ ਪਾਰ ਦੀ ਲੜਾਈ ਦਾ ਐਲਾਨ
ਰੋਹਿਤ ਗੁਪਤਾ
ਗੁਰਦਾਸਪੁਰ 29 ਅਕਤੂਬਰ ਅਨਏਡੇਡ ਅਧਿਆਪਕ ਫ਼ਰੰਟ ਪੰਜਾਬ ਦੀ ਸਟੇਟ ਪ੍ਰਧਾਨ ਨਿਰਭੈ ਸਿੰਘ ਜਹਾਂਗੀਰ ਅਤੇ ਸਟੇਟ ਉਪ ਪ੍ਰਧਾਨ ਸੁਖਚੈਨ ਸਿੰਘ ਜੌਹਲ ਦੀ ਨੁਮਾਇੰਦਗੀ ਹੇਠ ਸਮੂਹ ਜਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਹੋਈ ਜਿਸ ਵਿਚ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਅਤੇ ਯੂਨੀਅਨ ਦੀਆਂ ਮੰਗਾਂ ਅਤੇ ਸੰਘਰਸ਼ ਨੂੰ ਲਗਾਤਾਰ ਅਨਗੌਲਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ।
ਇਸ ਮੀਟਿੰਗ ਦਾ ਮੁੱਖ ਮੁੱਦਾ ਸਰਕਾਰ ਵੱਲੋਂ ਸਬ ਕਮੇਟੀ ਨਾਲ ਯੂਨੀਅਨ ਦੀਆਂ ਮੰਗਾਂ ਸਬੰਧੀ ਨਿਰਧਾਰਤ ਮੀਟਿੰਗਾਂ ਜਿਸ ਵਿਚ 10 ਸਤੰਬਰ ਦੀ ਮੀਟਿੰਗ ਅੱਗੇ ਪਾ ਕੇ 26 ਸਤੰਬਰ ,ਫਿਰ ਅੱਗੇ ਪਾਕੇ 23 ਅਕਤੂਬਰ ਅਤੇ ਫਿਰ ਕਾਰਨ ਦੱਸਿਆਂ ਬਿਨਾਂ 11 ਨਵੰਬਰ ਕਰ ਦਿੱਤੀ ਗਈ ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਸਰਕਾਰ ਯੂਨੀਅਨ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਸਬੰਧੀ ਬਿਲਕੁਲ ਵੀ ਸੰਜੀਦਾ ਨਹੀਂ ਬਲਕਿ ਡੰਗ ਟਪਾਊ ਨੀਤੀਆਂ ਨਾਲ ਸਮਾਂ ਬਰਬਾਦ ਕਰ ਰਹੀ ਹੈ।
ਸਰਕਾਰ ਵਲੋਂ ਅਪਣਾਈ ਜਾ ਰਹੀ ਇਸ ਮਾਰੂ ਨੀਤੀ ਦਾ ਸਖ਼ਤ ਵਿਰੋਧ ਕਰਨ ਅਤੇ ਲੋਕਾਂ ਸਾਹਮਣੇ ਸਰਕਾਰ ਦੀਆਂ ਇਹਨਾਂ ਨੀਤੀਆਂ ਦਾ ਭਾਂਡਾ ਭੰਨਣ ਲਈ ਯੂਨੀਅਨ ਵਲੋਂ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਤਰਨਤਾਰਨ ਵਿਚ ਆ ਰਹੀਆਂ ਜਿਮਨੀ ਚੋਣਾਂ ਵਿਚ ਸਰਕਾਰ ਦਾ ਤਕੜਾ ਵਿਰੋਧ ਕਰਨ ਲਈ 2 ਨਵੰਬਰ ਨੂੰ ਪੂਰੇ ਪੰਜਾਬ ਤੋਂ ਯੂਨੀਅਨ ਦੇ ਸਮੂਹ ਮੈਂਬਰ ਵੱਡੀ ਗਿਣਤੀ ਵਿਚ ਇਕੱਠੇ ਹੋਕੇ ਰੋਸ ਰੈਲੀ ਕਰਨਗੇ ਅਤੇ ਇਸ ਵਾਰ ਪ੍ਰਸਾਸ਼ਨ ਅਤੇ ਸਰਕਾਰ ਨਾਲ ਆਰ ਪਾਰ ਦੀ ਲੜਾਈ ਹੋਵੇਗੀ ਕਿਓਂਕਿ ਹੁਣ ਯੂਨੀਅਨ ਦਾ ਵਾਰ ਵਾਰ ਮੀਟਿੰਗਾਂ ਦੇ ਕੇ ਮੁਲਤਵੀ ਕਰਨ ਕਾਰਨ ਸਰਕਾਰ ਤੋਂ ਬਿਲਕੁਲ ਵਿਸ਼ਵਾਸ ਉੱਠ ਚੁੱਕਾ ਹੈ।