ਅਧਿਆਪਕ ਤੋਂ ਸੱਖਣੇ ਭੀਣ ਸਕੂਲ ਦੀ ਪੰਚਾਇਤ ਨੇ ਰੋਹ ਵਿਚ ਆ ਕੇ ਸਕੂਲ ਨੂੰ ਤਾਲਾ ਲਾਉਣ ਦੀ ਠਾਣੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 13 ਅਕਤੂਬਰ,2025- ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਵਿਖੇ ਐਸ ਐਮ ਸੀ ਕਮੇਟੀ ਮੈਂਬਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ, ਜਿਸ ਵਿੱਚ ਸਾਰੇ ਮੈਂਬਰਾਂ ਨੂੰ ਬੁਲਾਇਆ ਗਿਆ। ਪ੍ਰੰਤੂ ਸਰਕਾਰੀ ਪ੍ਰਾਇਮਰੀ ਸਕੂਲ ਭੀਣ ਦੀ ਐਸ ਐਮ ਸੀ ਇਸ ਮੀਟਿੰਗ ਦਾ ਹਿੱਸਾ ਨਹੀਂ ਬਣ ਸਕੀ ਕਿਉਂਕਿ ਇਹ ਸਕੂਲ ਪਿਛਲੇ ਦੋ ਸਾਲਾਂ ਤੋਂ ਅਧਿਆਪਕ ਸੱਖਣਾ ਹੈ। ਸਰਕਾਰੀ ਪ੍ਰਾਇਮਰੀ ਭੀਣ ਵਿਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੱਬੋਵਾਲ ਤੋਂ ਇੱਕ ਅਧਿਆਪਕਾ ਸੁਨੀਤਾ ਰਾਣੀ ਦੀ ਆਰਜੀ ਤੌਰ ਤੇ ਡਿਊਟੀ ਲਗਾਈ ਹੋਈ ਹੈ। ਇਸ ਸੰਸਥਾ ਲਈ ਅਧਿਆਪਕ ਦੀ ਨਿਯੁਕਤੀ ਸਬੰਧੀ ਜਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੰਚਾਇਤ ਅਤੇ ਐਸ ਐਮ ਸੀ ਕਮੇਟੀ ਵੱਲੋਂ ਕਈ ਵਾਰ ਲਿਖ ਕੇ ਦਿੱਤਾ ਜਾ ਚੁੱਕਾ ਹੈ ਪ੍ਰੰਤੂ ਹੁਣ ਤੱਕ ਇਸ ਉੱਤੇ ਕੋਈ ਵੀ ਕਾਰਵਾਈ ਨਹੀਂ ਹੋਈ। ਮੌਜੂਦਾ ਸਿੱਖਿਆ ਅਧਿਕਾਰੀ ਮੈਡਮ ਅਨੀਤਾ ਸ਼ਰਮਾ ਨੂੰ ਵੀ ਪਿੰਡ ਵਾਸੀਆਂ ਵਲੋਂ ਸਕੂਲ ਲਈ ਅਧਿਆਪਕਾਂ ਦੀ ਮੰਗ ਕੀਤੀ ਗਈ ਹੈ।ਪਿੰਡ ਦੇ ਮੌਜੂਦਾ ਸਰਪੰਚ ਨਿਸ਼ਾਨ ਵੀਰ ਸਿੰਘ ਨੇ ਮੀਡੀਆ ਨੂੰ ਆਪਣੇ ਸੁਨੇਹੇ ਰਾਹੀਂ ਦੱਸਿਆ ਕਿ ਇਸ ਸਮੱਸਿਆਂ ਨੂੰ ਲੈ ਕੇ ਬੀ ਪੀ ਈ ਓ ਅਵਤਾਰ ਸਿੰਘ, ਬੀ ਐਨ ਓ ਰਮਨ ਕੁਮਾਰ, ਸੀ ਐਚ ਟੀ ਜਸਵਿੰਦਰ ਕੌਰ ਐਚ ਟੀ ਰਾਮ ਲਾਲ 24 ਸਤੰਬਰ ਨੂੰ ਭੀਣ ਸਕੂਲ ਵਿਖੇ ਪੁੱਜੇ ਅਤੇ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਦੋ ਅਧਿਆਪਕਾਂ ਦੀ ਮੰਗ ਲਈ ਵਿਭਾਗ ਨੂੰ ਪ੍ਰਪੋਜਲ ਭੇਜੀ ਜਾਵੇਗੀ ਪ੍ਰੰਤੂ ਇਸ ਬੇਨਤੀ ਉੱਤੇ ਵੀ ਹੁਣ ਤੱਕ ਕੋਈ ਸੁਣਵਾਈ ਨਹੀਂ ਹੋ ਸਕੀ ਅਤੇ ਨਾ ਹੀ ਕੋਈ ਆਰਜੀ ਡਿਊਟੀ ਲਈ ਵਿਭਾਗ ਵੱਲੋਂ ਇਸ ਸਕੂਲ ਵਿੱਚ ਕੋਈ ਅਧਿਆਪਕ ਭੇਜਿਆ ਗਿਆ। ਬੀ ਐਨ ਓ ਰਮਨ ਕੁਮਾਰ ਦਾ ਕਹਿਣਾ ਹੈ ਕਿ ਪਿੰਡ ਵੱਲੋਂ ਆਰਜੀ ਤੌਰ ਤੇ ਦੋ ਲੜਕੀਆਂ ਸਕੂਲ ਦਾ ਪ੍ਰਬੰਧ ਚਲਾਉਣ ਲਈ ਰੱਖੀਆਂ ਗਈਆਂ ਹਨ।ਜਦਕਿ ਸਕੂਲ ਲਈ ਪੱਕੇ ਤੌਰ ਤੇ ਅਧਿਆਪਕਾਂ ਦੀ ਲੋੜ ਹੈ ਬੀ ਐਨ ਓ ਰਮਨ ਕੁਮਾਰ ਨੇ ਕਿਹਾ ਕਿ ਜਾਂ ਤਾਂ ਸਕੂਲ ਲਈ ਪੱਕੇ ਤੌਰ ਤੇ ਅਧਿਆਪਕ ਭੇਜੋ ਜਾਣ ਜਾਂ ਫਿਰ ਆਰਜੀ ਤੌਰ ਤੇ ਰੱਖੀਆਂ ਕੁੜੀਆਂ ਨੂੰ ਪ੍ਰਬੰਧ ਚਲਾਉਣ ਲਈ ਪੱਕੇ ਅਧਿਕਾਰ ਦਿੱਤੇ ਜਾਣ। ਅੱਜ ਦੀ ਇਸ ਮੀਟਿੰਗ ਵਿੱਚ ਇਹ ਮਤਾ ਵੀ ਪਾਇਆ ਗਿਆ ਕਿ ਜੇਕਰ ਸਕੂਲ ਨੂੰ ਪੱਕੇ ਅਧਿਆਪਕ ਨਹੀਂ ਭੇਜੇ ਜਾਂਦੇ ਤਾਂ ਐਸ ਐਮ ਸੀ ਕਮੇਟੀ ਅਤੇ ਪਿੰਡ ਦੀ ਪੰਚਾਇਤ ਮਿਲ ਕੇ ਸਕੂਲ ਨੂੰ ਤਾਲਾ ਲਗਾਏਗੀ ਅਤੇ ਮੀਡੀਆ ਨੂੰ ਬੁਲਾ ਕੇ ਉਨ੍ਹਾਂ ਅੱਗੇ ਆਪਣਾ ਸਮੱਸਿਆ ਬਿਆਨ ਕਰੇਗੀ। ਪਿੰਡ ਦੀ ਪੰਚਾਇਤ ਅਤੇ ਐਸ ਐਮ ਸੀ ਕਮੇਟੀ ਵੱਲੋਂ ਆਪਣੇ ਸਕੂਲ ਦੀ ਅਧਿਆਪਿਕਾ ਦੀ ਘਾਟ ਦੀ ਸਮੱਸਿਆਂ ਸਬੰਧੀ ਅੱਜ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੂੰ ਆਈ ਏ ਐਸ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਹੈ।ਇਸ ਮੌਕੇ ਬਲਦੇਵ ਰਾਜ, ਬਲਵਿੰਦਰ ਕੌਰ, ਰੇਸ਼ਮ ਲਾਲ, ਕਮਲਜੀਤ ਕੌਰ, ਕੁਲਵਿੰਦਰ ਕੌਰ, ਮਨੀਸ਼ਾ ਰਾਣੀ, ਅੰਜਲੀ ਚੋਪੜਾ, ਕਿਰਨਜੀਤ ਕੌਰ, ਰਜਨੀ ਦੇਵੀ, ਸੋਨੀਆ, ਰਾਜਵਿੰਦਰ ਕੌਰ, ਪ੍ਰੋਮਿਲਾ ਦੇਵੀ, ਅੰਜਲੀ ਦੇਵੀ, ਗੀਤਾ ਬਾਲੀ, ਸੰਦੀਪ ਕੌਰ, ਸਤਵਿੰਦਰ ਕੌਰ, ਮਨੋਜ ਕੁਮਾਰ, ਪ੍ਰੀਆ ਸ਼ਰਮਾ,ਰਾਮ ਪਿਆਰੀ, ਅਵਤਾਰ ਸਿੰਘ, ਸੁਨਹਿਰੀ ਸਿੰਘ,ਹਰਪਾਲ ਕੌਰ, ਰੀਨਾ,ਰੀਨਾ ਬਾਲੀ, ਸਰਬਜੀਤ ਕੌਰ, ਬਲਵੀਰ ਕੌਰ, ਪਰਮਜੀਤ ਕੌਰ,ਬੰਦਨਾ ਰਾਣੀ ਤੋਂ ਇਲਾਵਾ ਪਿੰਡ ਦੀ ਪੰਚਾਇਤ ਦੇ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ।