ਕਰਮਚਾਰੀ ਯੂਨੀਅਨ ਥਰਮਲ ਪਲਾਂਟ ਰੂਪਨਗਰ ਵੱਲੋਂ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀ
ਮਨਪ੍ਰੀਤ ਸਿੰਘ / ਬਾਬੂਸ਼ਾਹੀ ਬਿਊਰੋ
ਰੂਪਨਗਰ 1 ਮਈ
ਇੰਪਲਾਈਜ ਫੈਡਰੇਸ਼ਨ ਪੀਐਸਈਬੀ ਅਤੇ ਕੰਟਰੈਕਟਰ ਕਰਮਚਾਰੀ ਯੂਨੀਅਨ ਥਰਮਲ ਪਲਾਂਟ ਰੂਪਨਗਰ ਵੱਲੋਂ ਅੱਜ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਮੇਨ ਗੇਟ ਤੇ ਕੇਸਰੀ ਝੰਡਾ ਲਹਿਰਾਉਂਦੇ ਹੋਏ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਮਜ਼ਦੂਰ ਦਿਵਸ ਦੇ ਇਤਿਹਾਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਰਮਲ ਯੂਨਿਟ ਪ੍ਰਧਾਨ ਬਲਵਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਮਈ ਦਿਵਸ ਮਨਾਉਣ ਦੀ ਪਰੰਪਰਾ 138 ਸਾਲਾਂ ਤੋਂ ਚੱਲੀ ਆ ਰਹੀ ਹੈ। ਇਸ ਦੀਆਂ ਜੜ੍ਹਾਂ 1886 ਵਿੱਚ ਅਮਰੀਕਾ ਵਿੱਚ ਹੋਈ ਇੱਕ ਮਜ਼ਦੂਰ ਲਹਿਰ ਨਾਲ ਜੁੜੀਆਂ ਹੋਈਆਂ ਹਨ। ਅੱਜ, ਰੋਜ਼ਾਨਾ ਕੰਮ ਦੇ ਘੰਟੇ 8 ਘੰਟੇ ਨਿਰਧਾਰਤ ਕੀਤੇ ਗਏ ਹਨ ਅਤੇ ਹਫ਼ਤੇ ਵਿੱਚ ਇੱਕ ਦਿਨ ਦੀ ਛੁੱਟੀ ਦਾ ਅਧਿਕਾਰ ਇਸ ਲਹਿਰ ਦਾ ਨਤੀਜਾ ਹੈ। 1880 ਦਾ ਦਹਾਕਾ ਸੰਯੁਕਤ ਰਾਜ ਅਮਰੀਕਾ ਸਮੇਤ ਵੱਖ-ਵੱਖ ਪੱਛਮੀ ਦੇਸ਼ਾਂ ਵਿੱਚ ਉਦਯੋਗੀਕਰਨ ਦਾ ਦੌਰ ਸੀ। ਇਸ ਸਮੇਂ ਦੌਰਾਨ, ਮਜ਼ਦੂਰਾਂ ਤੋਂ 15-15 ਘੰਟੇ ਕੰਮ ਕਰਵਾਇਆ ਜਾਂਦਾ ਹੈ। ਉਨ੍ਹਾਂ ਨੂੰ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਅਮਰੀਕਾ ਅਤੇ ਕੈਨੇਡਾ ਦੀਆਂ ਟਰੇਡ ਯੂਨੀਅਨਾਂ ਦੀ ਇੱਕ ਸੰਸਥਾ, ਫੈਡਰੇਸ਼ਨ ਆਫ਼ ਆਰਗੇਨਾਈਜ਼ਡ ਟਰੇਡਜ਼ ਐਂਡ ਲੇਬਰ ਯੂਨੀਅਨਜ਼ ਨੇ ਫੈਸਲਾ ਕੀਤਾ ਕਿ 1 ਮਈ, 1886 ਤੋਂ ਬਾਅਦ ਮਜ਼ਦੂਰ ਦਿਨ ਵਿੱਚ 8 ਘੰਟੇ ਤੋਂ ਵੱਧ ਕੰਮ ਨਹੀਂ ਕਰਨਗੇ। ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲੱਖਾਂ ਮਜ਼ਦੂਰਾਂ ਨੇ ਸ਼ੋਸ਼ਣ ਵਿਰੁੱਧ ਹੜਤਾਲ ਕਰ ਦਿੱਤੀ। ਇਸ ਦੌਰਾਨ, ਪੁਲਿਸ ਨੇ ਕੁਝ ਮਜ਼ਦੂਰਾਂ 'ਤੇ ਗੋਲੀਬਾਰੀ ਕੀਤੀ, ਜਿਸ ਵਿੱਚ ਕਈ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਸ ਤੋਂ ਬਾਅਦ, ਜਦੋਂ 1889 ਵਿੱਚ ਪੈਰਿਸ ਵਿੱਚ ਅੰਤਰਰਾਸ਼ਟਰੀ ਸਮਾਜਵਾਦੀ ਕਾਨਫਰੰਸ ਹੋਈ, ਤਾਂ 1 ਮਈ ਨੂੰ ਮਜ਼ਦੂਰਾਂ ਨੂੰ ਸਮਰਪਿਤ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਤਰ੍ਹਾਂ, ਹੌਲੀ-ਹੌਲੀ 1 ਮਈ ਨੂੰ ਪੂਰੀ ਦੁਨੀਆ ਵਿੱਚ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਣ ਲੱਗਾ। ਅੱਜ, ਜੇਕਰ ਮਜ਼ਦੂਰ ਵਰਗ ਲਈ ਪ੍ਰਤੀ ਦਿਨ 8 ਘੰਟੇ ਕੰਮ ਨਿਸ਼ਚਿਤ ਕੀਤਾ ਗਿਆ ਹੈ, ਤਾਂ ਇਹ ਅਮਰੀਕਾ ਵਿੱਚ ਹੋਏ ਇਸ ਅੰਦੋਲਨ ਦਾ ਨਤੀਜਾ ਹੈ। ਪ੍ਰੰਤੂ ਅਜੇ ਵੀ ਕੁਝ ਕਾਰਪੋਰੇਟ ਘਰਾਣਿਆਂ ਵੱਲੋਂ ਮਜ਼ਦੂਰਾਂ ਦਾ ਸ਼ੋਸ਼ਣ ਕਰਦੇ ਹੋਏ ਉਹਨਾਂ ਨੂੰ ਬਣਦੀਆਂ ਉਜਰਤਾਂ ਅਤੇ ਹੋਰ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਸੂਬਾ ਸਰਕਾਰ ਵੱਲੋਂ ਵੀ ਮਹਿੰਗਾਈ ਦੇ ਲਿਹਾਜ਼ ਨਾਲ ਮਜ਼ਦੂਰਾਂ ਦੀਆਂ ਘੱਟੋ ਘੱਟ ਉਜਰਤਾਂ ਵਿੱਚ ਬਣਦਾ ਵਾਧਾ ਨਹੀਂ ਕੀਤਾ ਜਾ ਰਿਹਾ। ਜਿਸ ਕਾਰਨ ਮਜ਼ਦੂਰਾਂ ਨੂੰ ਆਪਣਾ ਘਰ ਚਲਾਉਣ ਲਈ ਬਹੁਤ ਜਿਦੋ ਜਹਿਦ ਕਰਨੀ ਪੈ ਰਹੀ ਹੈ ਅਤੇ ਸਰਕਾਰਾਂ ਵਿਰੁੱਧ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਥੇਬੰਦੀ ਇਸ ਸਭ ਦੀ ਪੁਰਜੋਰ ਨਿਖੇਧੀ ਕਰਦਿਆਂ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਕਰਦੀ ਹੈ ਕਿ ਮਜ਼ਦੂਰਾਂ ਨੂੰ ਉਹਨਾਂ ਦਾ ਬਣਦਾ ਹੱਕ ਅਤੇ ਸਹੂਲਤਾਂ ਦਿੱਤੀਆਂ ਜਾਣ। ਇਸ ਮੌਕੇ ਕਸ਼ਮੀਰ ਦੇ ਪਹਿਲਗਾਮ ਵਿਖੇ ਅੱਤਵਾਦੀਆਂ ਹੱਥੋਂ ਮਾਰੇ ਗਏ ਸੈਲਾਨੀਆਂ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਰਾਜ ਕੁਮਾਰ ਕੋਹਲੀ, ਮੇਜਰ ਸਿੰਘ, ਸਤਨਾਮ ਸਿੰਘ ਗੁਨੋਮਾਜਰਾ, ਰਵਿੰਦਰ ਕੁਮਾਰ, ਪੱਪੂ ਕੁਮਾਰ, ਦਲਵੀਰ ਸਿੰਘ, ਯੋਗੇਸ਼ ਪਾਬਲਾ, ਕਰਮਜੀਤ ਸਿੰਘ,ਅਮਰਜੀਤ ਸਿੰਘ, ਰਜਿੰਦਰ ਸਿੰਘ, ਜਸਪਾਲ ਸਿੰਘ, ਮਨੋਜ ਕੁਮਾਰ, ਪਾਲ ਸਿੰਘ, ਸ਼ਿਵ ਕਮਾਰ ਅਤੇ ਹਰਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਥਰਮਲ ਕਾਮੇ ਹਾਜਰ ਸਨ।
Click to Follow Babushahi Facebook page →