ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਟੀਮ ਨੇ ਰਿਸ਼ੀ ਵੈਲੀ ਆਂਧਰਾ ਪ੍ਰਦੇਸ਼ 'ਚ ਸਿੱਖਿਆ ਸਬੰਧੀ ਓਰੀਐਂਟੇਸ਼ਨ 'ਚ ਲਿਆ ਹਿੱਸਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 25 ਮਾਰਚ 2026- ਪੰਜਾਬ ਦੇ ਸਰਕਾਰੀ ਸਕੂਲਾਂ ਦੇ 30 ਅਧਿਆਪਕਾਂ ਦੀ ਇੱਕ ਟੀਮ ਨੇ ਹਾਲ ਹੀ ਵਿੱਚ ਪੰਜ ਦਿਨਾਂ ਦੇ ਸਿੱਖਿਆਤਮਕ ਦੌਰੇ ਅਤੇ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਹਿੱਸਾ ਲਿਆ, ਜੋ ਰਿਸ਼ੀ ਵੈਲੀ ਇੰਸਟੀਚਿਊਟ ਆਫ ਐਜੂਕੇਸ਼ਨਲ ਰਿਸੋਰਸਿਜ਼ ਵਿੱਚ ਆਯੋਜਿਤ ਕੀਤਾ ਗਿਆ।
ਇਹ ਟੀਮ SCERT ਪੰਜਾਬ ਦੀ ਡਾਇਰੈਕਟਰ ਮੈਡਮ ਕਿਰਨ ਸ਼ਰਮਾ ਅਤੇ ਸਹਾਇਕ ਡਾਇਰੈਕਟਰ ਸ਼ੰਕਰ ਚੌਧਰੀ ਦੀ ਰਹਿਨੁਮਾਈ ਹੇਠ ਭੇਜੀ ਗਈ ਸੀ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਨਵੀਂ ਅਤੇ ਬੱਚਾ-ਕੇਂਦਰਿਤ ਸਿੱਖਣ-ਸਿਖਲਾਈ ਪ੍ਰਕਿਰਿਆ ਨਾਲ ਜਾਣੂ ਕਰਵਾਉਣਾ ਅਤੇ ਉਨ੍ਹਾਂ ਦੀ ਪੇਸ਼ੇਵਰ ਯੋਗਤਾ ਵਿੱਚ ਵਾਧਾ ਕਰਨਾ ਸੀ।
ਓਰੀਐਂਟੇਸ਼ਨ ਦੌਰਾਨ ਅਧਿਆਪਕਾਂ ਨੇ ਅਸ਼ੋਕਵਨਮ, ਵਿਦਿਆਵਨਮ, ਵਾਲਮੀਕਵਨਮ ਅਤੇ ਸੁੰਦਰਵਨਮ ਵਰਗੀਆਂ ਵੱਖ-ਵੱਖ ਸਿੱਖਣ ਥਾਵਾਂ ਦਾ ਦੌਰਾ ਕੀਤਾ। ਇਨ੍ਹਾਂ ਸਥਾਨਾਂ ‘ਤੇ ਪ੍ਰਕਿਰਤੀ ਅਤੇ ਸਿੱਖਿਆ ਦਾ ਸੁੰਦਰ ਮਿਲਾਪ ਵੇਖਣ ਨੂੰ ਮਿਲਿਆ, ਜਿੱਥੇ ਬੱਚੇ ਸਿਰਫ ਕਿਤਾਬਾਂ ਤੋਂ ਹੀ ਨਹੀਂ, ਸਗੋਂ ਜੀਵਨ ਦੇ ਤਜਰਬਿਆਂ ਤੋਂ ਵੀ ਸਿੱਖਦੇ ਹਨ।
ਇਸ ਪ੍ਰੋਗਰਾਮ ਦੀ ਖਾਸ ਵਿਸ਼ੇਸ਼ਤਾ ਗਰੁੱਪ ਆਧਾਰਿਤ ਸਿੱਖਣ ਪ੍ਰਣਾਲੀ ਸੀ, ਜਿਸ ਵਿੱਚ ਪਰੰਪਰਾਗਤ ਕਲਾਸਰੂਮ ਦੀ ਥਾਂ ਛੋਟੇ-ਛੋਟੇ ਗਰੁੱਪਾਂ ਵਿੱਚ ਸਿਖਲਾਈ ਕੀਤੀ ਜਾਂਦੀ ਹੈ। ਇਸ ਤਰੀਕੇ ਨਾਲ ਵਿਦਿਆਰਥੀਆਂ ਵਿੱਚ ਸਹਿਯੋਗ, ਸੰਚਾਰ, ਵਿਚਾਰਸ਼ੀਲਤਾ ਅਤੇ ਸਰਗਰਮ ਭਾਗੀਦਾਰੀ ਨੂੰ ਪ੍ਰੋਤਸਾਹਨ ਮਿਲਦਾ ਹੈ। ਇਹ ਰਟਨ ਪ੍ਰਣਾਲੀ ਤੋਂ ਹਟ ਕੇ ਅਨੁਭਵੀ ਅਤੇ ਰੁਚਿਕਰ ਸਿੱਖਿਆ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਅਧਿਆਪਕਾਂ ਨੂੰ ਐਕਟਿਵਿਟੀ-ਆਧਾਰਿਤ ਅਤੇ ਬੱਚਾ-ਕੇਂਦਰਿਤ ਸਿੱਖਿਆ ਬਾਰੇ ਵੀ ਕੀਮਤੀ ਜਾਣਕਾਰੀ ਪ੍ਰਾਪਤ ਹੋਈ। ਇੰਸਟੀਚਿਊਟ ਦੀ ਟੀਮ ਵੱਲੋਂ ਲਏ ਗਏ ਸੈਸ਼ਨ ਬਹੁਤ ਹੀ ਜਾਣਕਾਰੀਪ੍ਰਦ ਅਤੇ ਪ੍ਰੇਰਣਾਦਾਇਕ ਸਾਬਤ ਹੋਏ।
ਅਧਿਆਪਕਾਂ ਨੇ ਇਸ ਮੌਕੇ ਲਈ ਧੰਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਇਹ ਅਨੁਭਵ ਉਨ੍ਹਾਂ ਦੀਆਂ ਸਕੂਲਾਂ ਵਿੱਚ ਸਿੱਖਣ-ਸਿਖਲਾਈ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ। ਉਨ੍ਹਾਂ ਨੇ ਇਹ ਵੀ ਵਚਨ ਦਿੱਤਾ ਕਿ ਉਹ ਇਨ੍ਹਾਂ ਨਵੀਆਂ ਪਧਤੀਆਂ ਨੂੰ ਆਪਣੇ ਸਕੂਲਾਂ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ।
SCERT ਪੰਜਾਬ ਵੱਲੋਂ ਕੀਤਾ ਗਿਆ ਇਹ ਉਪਰਾਲਾ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।