ਸਰਕਾਰੀ ਪੌਲੀਟੈਕਨਿਕ ਕਾਲਜ਼ ਬਠਿੰਡਾ ਨੇ ਸਾਬਕਾ ਵਿਦਿਆਰਥੀਆਂ ਦੀ ਅਲੂਮਨੀ ਮੀਟ ਕਰਵਾਈ
ਅਸ਼ੋਕ ਵਰਮਾ
ਬਠਿੰਡਾ, 11 ਫਰਵਰੀ 2025 :ਸਰਕਾਰੀ ਪੋਲੀਟੈਕਨਿਕ ਕਾਲਜ, ਬਠਿੰਡਾ ਵੱਲੋਂ ਅਲੂਮਨੀ ਮੀਟ ਕਰਵਾਈ ਗਈ। ਜਿਸ ਵਿੱਚ ਇਲੈਕਟ੍ਰੋਨਿਕਸ ਅਤੇ ਕਮਿਨੀਕੇਸ਼ਨ ਇੰਜੀਨੀਅਰਿੰਗ ਦੇ 1993 ਬੈਚ ਦੇ ਸਾਬਕਾ ਵਿਦਿਆਰਥੀ ਸ਼ਾਮਿਲ ਹੋਏ। ਕਾਲਜ ਦੇ ਪ੍ਰਿੰਸੀਪਲ ਅਨੁਜਾ ਪੁਪਨੇਜਾ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਕਾਲਜ਼ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਟਾਇਮ ਕੱਢ ਕੇ ਕਾਲਜ਼ ਵਿਖੇ ਪਹੁੰਚੇ। ਉਹਨਾਂ ਦੱਸਿਆ ਕਿ ਕਾਲਜ਼ ਵੱਲੋਂ ਵੱਖੋ-ਵੱਖਰੇ ਵਿਭਾਗਾਂ ਦੇ ਵਿਦਿਆਰਥੀਆਂ ਦੀ ਅਲੂਮਨੀ ਮੀਟ ਕਰਵਾਈ ਜਾਂਦੀ ਹੈ ਤਾਂ ਕਿ ਸਾਬਕਾ ਵਿਦਿਆਰਥੀਆਂ ਆਪਣੇ ਤਜਰਬੇ ਵਿਦਿਆਰਥੀਆਂ ਨਾਲ ਸਾਂਝੇ ਕਰਦੇ ਹੋਏ ਉਨ੍ਹਾਂ ਦਾ ਮਾਰਗ ਦਰਸ਼ਨ ਕਰਨ।
ਕਾਲਜ ਦੇ ਸਾਬਕਾ ਵਿਦਿਆਰਥੀਆਂ ਨੇ ਮੌਜੂਦਾ ਵਿਦਿਆਰਥੀਆਂ ਨੂੰ ਸਬੰਧੋਨ ਕਰਦਿਆਂ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਬਾਕੀ ਗਤੀਵਿਧੀਆਂ ਵਿੱਚ ਵੀ ਭਾਗ ਲੈਣ ਲਈ ਪ੍ਰੇਰਿਆ ਤਾਂ ਕਿ ਉਨ੍ਹਾਂ ਦਾ ਸਰਵਪੱਖੀ ਵਿਕਾਸ ਹੋ ਸਕੇ। ਉਨ੍ਹਾਂ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਸਵਾਲਾ ਦੇ ਜਵਾਬ ਵੀ ਦਿੱਤੇ। ਇਸ ਤੋਂ ਇਲਾਵਾ ਸਾਬਕਾ ਵਿਦਿਆਰਥੀਆਂ ਵੱਲੋਂ ਹੋਸਟਲ, ਕੰਟੀਨ ਅਤੇ ਈ.ਸੀ.ਈ. ਵਿਭਾਗ ਵਿੱਚ ਜਾ ਕੇ ਆਪਣੀਆਂ ਪੁਰਾਣੀਆਂ ਯਾਦਾਂ ਤਾਜਾ ਕੀਤੀਆਂ । ਇਸ ਮੌਕੇ ਅਫ਼ਸਰ ਇੰਚਾਰਜ ਈ.ਸੀ.ਈ. ਜਗਦੀਪ ਕੌਰ ਰਾਏ ਤੋਂ ਇਲਾਵਾ ਵਿਭਾਗ ਦੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।