ਕੇਂਦਰੀ ਯੂਨੀਵਰਸਿਟੀ ਵਿਖੇ "ਕੈਂਸਰ ਜਾਗਰੂਕਤਾ, ਰੋਕਥਾਮ ਅਤੇ ਇਲਾਜ" ਵਿਸ਼ੇ 'ਤੇ ਦੋ-ਰੋਜ਼ਾ ਰਾਸ਼ਟਰੀ ਕਾਨਫਰੰਸ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ, 26 ਸਤੰਬਰ, 2024: ਪੰਜਾਬ ਕੇਂਦਰੀ ਯੂਨੀਵਰਸਿਟੀ ਵੱਲੋਂ ਡੀ.ਐਸ.ਟੀ. ਪਰਸ ਸਕੀਮ ਤਹਿਤ ਅਤੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਸਰਪ੍ਰਸਤੀ ਹੇਠ "ਕੈਂਸਰ ਜਾਗਰੂਕਤਾ, ਰੋਕਥਾਮ ਅਤੇ ਇਲਾਜ" ਵਿਸ਼ੇ 'ਤੇ ਦੋ-ਰੋਜ਼ਾ ਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਸਮਾਰੋਹ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਪ੍ਰਮੁੱਖ ਖੋਜਕਰਤਾਵਾਂ, ਮੈਡੀਕਲ ਪੇਸ਼ੇਵਰਾਂ ਅਤੇ ਵਿਦਵਾਨਾਂ ਨੂੰ ਕੈਂਸਰ 'ਤੇ ਹੋ ਰਹੀ ਨਵੀਨਤਮ ਖੋਜ ਦੇ ਨਾਲ-ਨਾਲ ਇਸਦੀ ਰੋਕਥਾਮ ਅਤੇ ਇਲਾਜ ਦੀਆਂ ਰਣਨੀਤੀਆਂ ਦੇ ਵਿਕਾਸ ਬਾਰੇ ਚਰਚਾ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਹੈ। ਉਦਘਾਟਨੀ ਸੈਸ਼ਨ ਵਿੱਚ ਕੈਂਸਰ ਖੋਜ ਅਤੇ ਓਨਕੋਲੋਜੀ ਦੇ ਖੇਤਰ ਵਿੱਚ ਪਿਛਲੇ ਪੰਜ ਦਹਾਕਿਆਂ ਤੋਂ ਕੰਮ ਕਰ ਰਹੇ ਪ੍ਰਸਿੱਧ ਕੈਂਸਰ ਸਪੈਸ਼ਲਿਸਟ ਡਾ. ਐਮ.ਕੇ. ਮਹਾਜਨ, ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਾਬਕਾ ਵਾਈਸ-ਚਾਂਸਲਰ ਪ੍ਰੋਫੈਸਰ ਆਰ.ਸੀ. ਸੋਬਤੀ ਨੇ ਕ੍ਰਮਵਾਰ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਭਾਗ ਲੈਣ ਵਾਲਿਆਂ ਦਾ ਸਵਾਗਤ ਕਰਦਿਆਂ ਖੋਜ ਅਤੇ ਵਿਕਾਸ ਨਿਰਦੇਸ਼ਕ ਅਤੇ ਕਾਨਫਰੰਸ ਕੋਆਰਡੀਨੇਟਰ ਪ੍ਰੋਫੈਸਰ ਅੰਜਨਾ ਮੁਨਸ਼ੀ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਦੇਸ਼ ਭਰ ਤੋਂ 170 ਤੋਂ ਵੱਧ ਰਿਸਰਚ ਸਕਾਲਰ ਅਤੇ ਫੈਕਲਟੀ ਮੈਂਬਰ ਭਾਗ ਲੈ ਰਹੇ ਹਨ।ਪਹਿਲੇ ਲੈਕਚਰ ਵਿੱਚ ਡਾ. ਐਮ.ਕੇ. ਮਹਾਜਨ ਨੇ ਪਿਛਲੇ 50 ਸਾਲਾਂ ਦੌਰਾਨ ਛਾਤੀ ਦੇ ਕੈਂਸਰ ਦੇ ਪ੍ਰਬੰਧਨ ਵਿੱਚ ਆਏ ਬਦਲਾਅ ਅਤੇ ਇਸ ਦੇ ਇਲਾਜ ਵਿੱਚ ਹੋਈਆਂ ਮਹੱਤਵਪੂਰਨ ਤਰੱਕੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਛਾਤੀ ਦਾ ਕੈਂਸਰ ਔਰਤਾਂ ਵਿੱਚ ਹੋਣ ਵਾਲਾ ਸਭ ਤੋਂ ਆਮ ਕੈਂਸਰ ਹੈ, ਜਿਸ ਦਾ ਐਕਟਿਵ ਸਕ੍ਰੀਨਿੰਗ ਰਾਹੀਂ ਛੇਤੀ ਪਤਾ ਲਗਾਇਆ ਅਤੇ ਇਲਾਜ ਕੀਤਾ ਜਾ ਸਕਦਾ ਹੈ।
ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਤੀਤ ਵਿੱਚ ਟਿਊਮਰ ਨੂੰ ਸਰਜੀਕਲ ਤੌਰ 'ਤੇ ਹਟਾਉਣਾ ਹੀ ਇਲਾਜ ਦਾ ਢੰਗ ਸੀ, ਪਰ ਹਾਲ ਹੀ ਦੇ ਦਹਾਕਿਆਂ ਵਿੱਚ, ਰੇਡੀਓਥੈਰੇਪੀ, ਕੀਮੋਥੈਰੇਪੀ, ਟਾਰਗੇਟਿਡ ਥੈਰੇਪੀ ਅਤੇ ਹੁਣ ਇਮਯੂਨੋਥੈਰੇਪੀ ਨੇ ਕੈਂਸਰ ਦੇ ਮਰੀਜ਼ਾਂ ਦੀ ਬਚਣ ਦੀ ਦਰ ਵਿੱਚ ਮਹੱਤਵਪੂਰਨ ਸੁਧਾਰ ਕੀਤਾ ਹੈ ਅਤੇ ਛਾਤੀ ਦੇ ਕੈਂਸਰ ਨਾਲ ਸੰਬੰਧਿਤ ਮੌਤ ਦਰ ਨੂੰ ਘਟਾਇਆ ਹੈ। ਉਹਨਾਂ ਨੇ ਛਾਤੀ ਦੇ ਕੈਂਸਰ ਦਾ ਛੇਤੀ ਪਤਾ ਲਗਾਉਣ ਲਈ ਸਵੈ-ਜਾਂਚ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਸਿਹਤ ਨੂੰ ਬਣਾਈ ਰੱਖਣ ਵਿੱਚ ਇੱਕ ਸਰਗਰਮ ਜੀਵਨ ਸ਼ੈਲੀ ਅਤੇ ਸਿਹਤਮੰਦ ਖੁਰਾਕ ਦੀ ਭੂਮਿਕਾ ਨੂੰ ਉਜਾਗਰ ਕੀਤਾ। ਦੂਜੇ ਲੈਕਚਰ ਵਿੱਚ ਪ੍ਰੋ. ਆਰ.ਸੀ. ਸੋਬਤੀ ਨੇ ‘ਕੈਂਸਰ ਵਿੱਚ ਮਾਈਕ੍ਰੋਆਰਐਨਏ ਦੀ ਭੂਮਿਕਾ’ ਬਾਰੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਇਹ ਛੋਟੇ ਅਣੂ ਸੈੱਲਾਂ ਵਿੱਚ ਮਹੱਤਵਪੂਰਨ ਕਾਰਜਾਂ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦੇ ਹਨ। ਉਹਨਾਂ ਨੇ ਕੈਂਸਰ ਦੀ ਸ਼ੁਰੂਆਤੀ ਖੋਜ ਲਈ ਡਾਇਗਨੌਸਟਿਕ ਬਾਇਓਮਾਰਕਰਾਂ ਦੇ ਤੌਰ 'ਤੇ ਮਾਈਕ੍ਰੋਆਰਐਨਏ ਦੀ ਸੰਭਾਵਨਾ ਅਤੇ ਟਾਰਗੇਟਿਡ ਥੈਰੇਪੀ ਨੂੰ ਵਿਕਸਤ ਕਰਨ ਵਿੱਚ ਮਾਈਕ੍ਰੋਆਰਐਨਏ ਦੀ ਉੱਭਰਦੀ ਭੂਮਿਕਾ ਬਾਰੇ ਵੀ ਚਰਚਾ ਕੀਤੀ। ਪ੍ਰੋ. ਸੋਬਤੀ ਨੇ ਨੌਜਵਾਨ ਖੋਜਕਰਤਾਵਾਂ ਨੂੰ ਕੈਂਸਰ ਦੀ ਰੋਕਥਾਮ ਅਤੇ ਇਲਾਜ ਲਈ ਨਵੀਆਂ ਤਕਨੀਕਾਂ ਵਿਕਸਿਤ ਕਰਨ ਲਈ ਉਤਸ਼ਾਹਿਤ ਕੀਤਾ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤੀ ਗਿਆਨ ਪਰੰਪਰਾ ਨੇ ਹਮੇਸ਼ਾ ਲੋਕਾਂ ਨੂੰ ਟਿਕਾਊ ਜੀਵਨ ਸ਼ੈਲੀ ਵੱਲ ਸੇਧ ਦਿੱਤੀ ਹੈ, ਜਦੋਂ ਕਿ ਆਧੁਨਿਕ ਪੀੜ੍ਹੀ ਪੱਛਮ-ਕੇਂਦ੍ਰਿਤ ਸੁਸਤ ਜੀਵਨ ਸ਼ੈਲੀ ਵੱਲ ਵਧ ਗਈ ਹੈ। ਕੈਂਸਰ ਦੇ ਮਾਮਲਿਆਂ ਵਿੱਚ ਵਾਧਾ ਆਧੁਨਿਕ ਪੀੜ੍ਹੀ ਨੂੰ ਭਾਰਤੀ ਦਰਸ਼ਨ ਦੇ ਸੰਮਲਿਤ ਅਤੇ ਵਾਤਾਵਰਣ-ਕੇਂਦ੍ਰਿਤ ਸਿਧਾਂਤਾਂ ਵੱਲ ਵਾਪਸ ਜਾਣ ਦੀ ਯਾਦ ਦਿਵਾਉਂਦਾ ਹੈ। ਪ੍ਰੋ. ਤਿਵਾਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਸ ਰਾਸ਼ਟਰੀ ਕਾਨਫਰੰਸ ਵਿੱਚ ਵਿਚਾਰ-ਵਟਾਂਦਰਾ ਕੈਂਸਰ ਦੀਆਂ ਘਟਨਾਵਾਂ ਨੂੰ ਘਟਾਉਣ ਲਈ ਨਵੀਆਂ ਰਣਨੀਤੀਆਂ ਤਿਆਰ ਕਰਨ ਵਿੱਚ ਸਹਾਈ ਸਿੱਧ ਹੋਵੇਗਾ। ਅੰਤ ਵਿੱਚ ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ.ਕੇ. ਵੁਸੁਰਿਕਾ ਨੇ ਰਸਮੀ ਧੰਨਵਾਦ ਕੀਤਾ।